5 Dariya News

ਸਿੱਖਿਆਂ ਦੀ ਮਜਬੂਤ ਨੀਂਹ ਰੰਗਲੇ ਪੰਜਾਬ ਦੇ ਸੰਕਲਪ ਨੂੰ ਕਰੇਗੀ ਸਾਕਾਰ- ਅਮਨਦੀਪ ਸਿੰਘ ਗੋਲਡੀ ਮੁਸਾਫਿਰ

ਰਾਮਸਰਾ ਦੇ ਸਕੂਲ ਆਫ ਐਮੀਨੈਂਸ ਦੇ ਸਲਾਨਾ ਸਮਾਗਮ ਵਿਚ ਵਿਧਾਇਕ ਨੇ ਕੀਤੀ ਸਿ਼ਰਕਤ

5 Dariya News

ਅਬੋਹਰ/ਫਾਜਿਲ਼ਕਾ 28-Nov-2023

ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸੂਬੇ ਵਿਚ ਸਿੱਖਿਆ ਦੇ ਪਸਾਰ ਲਈ ਵੱਡੇ ਉਪਰਾਲੇ ਵਿੱਢੇ ਗਏ ਹਨ ਅਤੇ ਜਦ ਸਾਡੀ ਨਵੀਂ ਪੀੜ੍ਹੀ ਗਿਆਨ ਨਾਲ ਜੁੜਕੇ ਅੱਗੇ ਵਧੇਗੀ ਤਾਂ ਰੰਗਲੇ ਪੰਜਾਬ ਦੀ ਸਿਰਜਣਾ ਦੇ ਸੰਕਲਪ ਦੀ ਸਿੱਧੀ ਯਕੀਨੀ ਹੈ। ਇਹ ਗੱਲ ਬੱਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਪਿੰਡ ਰਾਮਸਰਾ ਦੇ ਸਰਕਾਰੀ ਸਕੂਲ ਆਫ ਐਮੀਨੈਂਸ ਦੇ ਸਲਾਨਾ ਪ੍ਰੋਗਰਾਮ ਵਿਚ ਸਿ਼ਰਕਤ ਕਰਦਿਆਂ ਆਖੀ। ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਕਿਹਾ ਕਿ ਪੰਜਾਬ ਸਰਕਾਰ ਲਈ ਸਿੱਖਿਆ ਅਤੇ ਸਿਹਤ ਪ੍ਰਮੁੱਖ ਤਰਜੀਹ ਹੈ। 

ਉਨ੍ਹਾਂ ਨੇ ਕਿਹਾ ਕਿ ਰਾਮਸਰਾ ਵਿਚ ਜਿੱਥੇ ਪੰਜਾਬ ਸਰਕਾਰ ਨੇ ਸਕੂਲ ਆਫ ਐਮੀਨੈਂਸ ਬਣਾਇਆ ਹੈ ਜਿੱਥੇ ਵਿਸਵ ਪੱਧਰੀ ਮਿਆਰੀ ਸਿੱਖਿਆ ਮਿਲੇਗੀ ਉਥੇ ਹੀ ਹਲਕੇ ਦੇ ਪਿੰਡ ਸੁਖਚੈਨ ਵਿਚ ਸਰਕਾਰੀ ਕਾਲਜ ਦਾ ਨਿਰਮਾਣ ਵੀ ਜੰਗੀ ਪੱਧਰ ਤੇ ਚੱਲ ਰਿਹਾ ਹੈ। ਉਨ੍ਹਾਂ ਨੂੰ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਪੜਾਈ ਦਿਲ ਲਗਾ ਕੇ ਕਰਨ ਅਤੇ ਆਪਣੇ ਜੀਵਨ ਦੀ ਨੀਂਹ ਨੂੰ ਸਕੂਲ ਤੋਂ ਮਜਬੂਤ ਕਰਕੇ ਨਿਕਲਣ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵਿਦਿਆਰਥੀਆਂ ਨੂੰ ਚੰਗੀ ਵਿਦਿਆ ਉਪਲਬੱਧ ਕਰਵਾਉਣ ਲਈ ਦ੍ਰਿੜ ਸੰਕਲਪਿਤ ਹੈ।

ਇਸ ਮੌਕੇ ਉਨ੍ਹਾਂ ਨੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਲਈ 40 ਲੱਖ 40 ਹਜਾਰ ਰੁਪਏ ਦੀ ਗ੍ਰਾਂਟ ਵੀ ਪਿੰਡ ਨੂੰ ਦਿੱਤੀ। ਸਕੂਲ ਦੇ ਵਿਦਿਆਰਥੀਆਂ ਨੇ ਵੱਖ ਵੱਖ ਪੇਸ਼ਕਾਰੀਆਂ ਰਾਹੀਂ ਆਪਣੇ ਹੁਨਰ ਦਾ ਲੋਹਾ ਮੰਨਵਾਇਆ।ਇਸ ਮੌਕੇ ਇਲਾਕੇ ਦੀ ਸਮੂਚੀ ਲੀਡਰਸਿਪ, ਸਕੂਲ ਸਟਾਫ ਅਤੇ ਪਿੰਡ ਦੇ ਲੋਕ ਹਾਜਰ ਸਨ।