5 Dariya News

ਪੰਜਾਬ ਰਾਜ ਅੰਤਰ ਯੂਨੀਵਰਸਿਟੀ ਯੁਵਕ ਮੇਲਾ 2023 ਉਤਸ਼ਾਹ ਅਤੇ ਸੱਭਿਆਚਾਰਕ ਸ਼ਾਨੋ-ਸ਼ੌਕਤ ਨਾਲ ਸ਼ੁਰੂ

ਖੁਸ਼ਹਾਲ ਤੇ ਰੰਗਲਾ ਪੰਜਾਬ ਬਣਾਉਣ ਦਾ ਮੁੱਖ ਮੰਤਰੀ ਦਾ ਇਕੋ ਇਕ ਸੁਫਨਾ: ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ

5 Dariya News

ਅੰਮ੍ਰਿਤਸਰ 26-Nov-2023

ਪੰਜਾਬ ਰਾਜ ਅੰਤਰ ਯੂਨੀਵਰਸਿਟੀ ਯੁਵਕ ਮੇਲਾ 2023 ਦੀ ਸ਼ੁਰੂਆਤ ਭੰਗੜੇ ਦੀਆਂ ਧਮਾਲਾਂ ਅਤੇ ਪੰਜਾਬ ਦੀ ਸਭਿਆਚਾਰਕ ਰੌਣਕ ਅਤੇ ਜਜ਼ਬੇ ਨੇ ਕੀਤੀ। ਉਦਘਾਟਨੀ ਸਮਾਰੋਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਖੇ ਹੋਇਆ, ਜਿਸ ਦਾ ਉਦਘਾਟਨ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਕੀਤਾ। 

ਇਸ ਸ਼ਾਨਦਾਰ ਸਮਾਗਮ ਦੀ ਸ਼ੁਰੂਆਤ ਮੌਕੇ ਹਲਕਾ ਵਿਧਾਇਕ ਡਾ. ਜੀਵਨ ਜੋਤ ਕੌਰ ਅਤੇ ਯੁਵਕ ਸੇਵਾਵਾਂ ਦੇ ਸਹਾਇਕ ਡਾਇਰੈਕਟਰਾਂ ਸਮੇਤ ਨਾਮਵਰ ਹਸਤੀਆਂ ਨੇ ਸ਼ਿਰਕਤ ਕੀਤੀ। 16 ਵੱਖ-ਵੱਖ ਯੂਨਵਰਸਿਟੀਆਂ ਤੋਂ ਪਹੁੰਚੇ 2700 ਤੋਂ ਉੱਪਰ ਪ੍ਰਤੀਭਾਗੀਆਂ ਨੇ 4 ਰੋਜਾਂ ਯੁਵਕ ਮੇਲੇ ਦੌਰਾਨ ਆਪਣੇ ਫਨ ਦਾ ਮੁਜਾਹਰਾ ਕਰਨਗੇ।ਸ਼. ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਇਹ ਯੁਵਕ ਮੇਲਾ, ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਵੇਖਿਆ ਗਿਆ ਰੰਗਲੇ ਪੰਜਾਬ ਦੇ ਸੁਫਨੇ ਦਾ ਇਕ ਅਹਿਮ ਹਿੱਸਾ ਅਤੇ ਇੱਕ ਖੁਸ਼ਹਾਲ ਪੰਜਾਬ ਦੀ ਇੱਛਾ ਦਾ ਪ੍ਰਤੀਕ ਹੈ।

ਸਮਾਜਿਕ ਵਿਕਾਸ ਵਿੱਚ ਸੱਭਿਆਚਾਰ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਨੇ ਅਜਿਹੇ ਯੁਵਕ ਮੇਲਿਆਂ ਰਾਹੀਂ ਇਸ ਨੂੰ ਮੁੜ ਸੁਰਜੀਤ ਕਰਨ ਅਤੇ ਮਜ਼ਬੂਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਪੰਜਾਬ ਸਰਕਾਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਇਸ ਰਾਜ ਪੱਧਰੀ ਸਮਾਗਮ ਦੇ ਆਯੋਜਨ ਲਈ ਸਾਂਝੇ ਯਤਨਾਂ ਲਈ ਸ਼ਲਾਘਾ ਕੀਤੀ, ਜਿਸ ਨਾਲ ਨੌਜਵਾਨਾਂ ਨੂੰ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨਾਲ ਜੋੜਿਆ ਜਾ ਸਕੇ।

ਵਿਰਾਸਤੀ ਅਤੇ ਖੁਸ਼ਹਾਲ ਪੰਜਾਬ ਦੇ ਸੁਪਨੇ ਨੂੰ ਸੱਚ ਕਰਨ ਦੇ ਰਸਤੇ ‘ਤੇ ਤੁਰੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪੁੱਟੇ ਜਾ ਰਹੇ ਕਦਮਾਂ ਬਾਰੇ ਦਸਦਿਆਂ ਸ. ਕੁਲਦੀਪ ਸਿੰਘ ਧਾਲੀਵਾਲ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੁਰ ਰਹਿਣ ਅਤੇ ਅਜਿਹੇ ਮੇਲਿਆਂ ਵਿਚ ਭਾਗ ਲੈਣ ਲਈ ਪ੍ਰੇਰਦਿਆਂ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਸ. ਗੁਰਮੀਤ ਸਿੰਘ ਮੀਤ ਹੇਅਰ, ਯੁਵਕ ਭਲਾਈ ਮੰਤਰੀ ਵੱਲੋਂ ਕੀਤੀ ਜਾ ਰਹੀ ਅਗਵਾਈ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ। 

ਉਨ੍ਹਾਂ ਇਸ ਮੌਕੇ ਪੰਜਾਬ ਸਰਕਾਰ ਦੀ ਸਮਾਜਿਕ ਜ਼ਿੰਮੇਵਾਰੀ ਦੀ ਪ੍ਰ੍ਰੋੜਤਾ ਕਰਦਿਆਂ ਬਜ਼ੁਰਗ ਨਾਗਰਿਕਾਂ ਲਈ ਧਾਰਮਿਕ ਯਾਤਰਾ ਦੀ ਸਹੂਲਤ ਦੇਣ ਲਈ ਸਰਕਾਰ ਦੇ ਉਪਰਾਲੇ ਦੀ ਵੀ ਸ਼ਲਾਘਾ ਕੀਤੀ।ਪ੍ਰੋ. ਪ੍ਰੀਤ ਮਹਿੰਦਰ ਸਿੰਘ ਬੇਦੀ, ਡੀਨ ਵਿਿਦਆਰਥੀ ਭਲਾਈ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਦੀ ਵੱਲੋਂ ਮੁੱਖ ਮਹਿਮਾਨ, ਪਤਵੰਤੇ ਸੱਜਣ, ਮਹਿਮਾਨਾਂ ਅਤੇ ਹੋਣਹਾਰ ਵਿਿਦਆਰਥੀ ਕਲਾਕਾਰਾਂ ਦਾ ਨਿੱਘਾ ਸਵਾਗਤ ਕੀਤਾ। ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਦੇ ਇੰਚਾਰਜ ਡਾ. ਅਮਨਦੀਪ ਸਿੰਘ ਨੇ ਸੱਭਿਆਚਾਰਕ ਅਤੇ ਖੇਡਾਂ ਦੇ ਖੇਤਰ ਵਿੱਚ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ।

ਇਸ ਸਮਾਗਮ ਵਿੱਚ ਵੱਖ-ਵੱਖ ਥਾਵਾਂ 'ਤੇ ਵਿਭੰਨ ਮੁਕਾਬਲੇ ਅਤੇ ਗਤੀਵਿਧੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਅੱਜ ਦਸਮੇਸ਼ ਆਡੀਟੋਰੀਅਮ ਵਿੱਚ ਭੰਗੜਾ, ਮਿਮਕਰੀ ਅਤੇ ਸਕਿਟ ਦਾ ਆਯੋਜਨ ਕੀਤਾ ਗਿਆ ਅਤੇ ਗੋਲਡਨ ਜੁਬਲੀ ਕਨਵੈਨਸ਼ਨ ਸੈਂਟਰ ਵਿੱਚ ਰਵਾਇਤੀ ਪੁਸ਼ਾਕ, ਭੰਡ, ਮਾਈਮ, ਗਰੁੱਪ ਸ਼ਬਦ, ਕਲਾਸੀਕਲ ਵੋਕਲ (ਹਿੰਦੁਸਤਾਨੀ/ਕਰਨਾਟਕ) ਅਤੇ ਸਮੂਹ ਸ਼ਬਦ ਦੇ ਮੁਕਾਬਲੇ ਕਰਵਾਏ ਗਏ। ਕਾਨਫਰੰਸ ਹਾਲ ਵਿੱਚ ਹੈਰੀਟੇਜ ਕੁਇਜ਼ ਮੁਕਾਬਲੇ ਕਰਵਾਏ ਗਏ ਅਤੇ ਆਰਕੀਟੈਕਚਰ ਵਿਭਾਗ ਵਿੱਚ ਕਢਾਈ (ਬਾਗ/ਫੁਲਕਾਰੀ), ਪੱਖੀ ਬੁਣਨਾ, ਨਾਲਾ ਬੁਣਨਾ, ਗੁੜੀਆ ਪਟੋਲੇ ਬੁਣਨਾ, ਛਿੱਕੂ ਬੁਣਨਾ, ਪਰਾਂਦਾ ਬੁਣਨਾ, ਕਰੋਸ਼ੀਆ, ਪੀੜੀ ਬੁਣਨਾ, ਇੰਨੂ ਬਿੰਨੂ ਦੀ ਬੁਣਾਈ, ਮਿੱਟੀ ਦੇ ਖਿਡੌਣੇ, ਰੱਸੀ ਬੁਣਨ ਅਤੇ ਟੋਕਰੀਆਂ ਬੁਣਨ ਦੇ ਮੁਕਾਬਲੇ ਕਰਵਾਏ ਗਏ।

27 ਨਵੰਬਰ ਨੂੰ ਦਸਮੇਸ਼ ਆਡੀਟੋਰਮ ਵਿੱਚ ਇਕਾਂਗੀ ਮੁਕਾਬਲੇ ਕਰਵਾਏ ਜਾਣਗੇ। ਗੋਲਡਨ ਜੁਬਲੀ ਕਨਵੈਨਸ਼ਨ ਸੈਂਟਰ ਵਿੱਚ ਗਜ਼ਲ, ਲੋਕ ਗੀਤ, ਕਲਾਸੀਕਲ ਇੰਸਟਰੂਮੈਂਟਲ ਤਾਲ/ਪਰਕਸ਼ਨ ਅਤੇ ਸਵਰ/ਨਾਨ ਪਰਕਸ਼ਨ ਦੇ ਮੁਕਾਬਲੇ ਕਰਵਾਏ ਜਾਣਗੇ। ਕਾਨਫਰੰਸ ਹਾਲ ਵਿੱਚ ਮੁਹਾਵਰਦਾਰ ਵਾਰਤਾਲਾਪ ਅਤੇ ਲਘੂ ਫਿਲਮ ਮੇਕਿੰਗ ਦਾ ਆਯੋਜਨ ਕੀਤਾ ਜਾਵੇਗਾ ਅਤੇ ਆਰਕੀਟੈਕਚਰ ਵਿਭਾਗ ਦੀ ਸਟੇਜ 'ਤੇ ਆਨ ਦਾ ਸਪਾਟ ਪੇਂਟਿੰਗ, ਕੋਲਾਜ, ਪੋਸਟਰ ਮੇਕਿੰਗ, ਕਲੇ ਮਾਡਲੰਿਗ, ਸਟਿਲ ਲਾਈਫ, ਮਹਿੰਦੀ ਅਤੇ ਆਨ ਦਾ ਸਪਾਟ ਫੋਟੋਗ੍ਰਾਫੀ ਦੇ ਮੁਕਾਬਲੇ ਕਰਵਾਏ ਜਾਣਗੇ।

ਉਨ੍ਹਾਂ ਦੱਸਿਆ ਕਿ 28 ਨਵੰਬਰ ਨੂੰ ਝੂੰਮਰ, ਕਲਾਸੀਕਲ ਡਾਂਸ (ਕੱਥਕ/ਭਾਰਤ ਨਾਟਿਅਮ/ਉਡੀਸੀ ਅਤੇ ਕਥਕਲੀ ਆਦਿ ਦੇ ਮੁਕਾਬਲੇ ਅਤੇ ਲੁੱਡੀ ਓਪਨ/ਸੰਮੀ) ਦੇ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਆਖਰੀ ਦਿਨ ਦਸਮੇਸ਼ ਆਡੀਟੋਰੀਅਮ ਵਿੱਚ ਗਿੱਧੇ ਦੇ ਮੁਕਾਬਲੇ ਅਤੇ ਕਨਵੈਨਸ਼ਨ ਸੈਂਟਰ ਵਿੱਚ ਰਵਾਇਤੀ ਲੋਕ ਗੀਤ ਅਤੇ ਲੋਕ ਆਰਕੈਸਟਰਾ ਦੇ ਮੁਕਾਬਲੇ ਹੋਣਗੇ। ਪੰਜਾਬ ਰਾਜ ਅੰਤਰ ਯੂਨੀਵਰਸਿਟੀ ਯੁਵਕ ਮੇਲਾ 2023 ਸੱਭਿਆਚਾਰਕ ਜੜ੍ਹਾਂ ਨੂੰ ਪਾਲਣ ਅਤੇ ਨੌਜਵਾਨਾਂ ਨੂੰ ਸਮਾਜ ਵਿੱਚ ਸਕਾਰਾਤਮਕ ਯੋਗਦਾਨ ਪਾਉਣ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਨ ਲਈ ਸਰਕਾਰ ਦੀ ਵਚਨਬੱਧਤਾ ਦਾ ਪ੍ਰਮਾਣ ਹੈ।