5 Dariya News

ਪਿੰਡ ਕਿਸ਼ਨਪੁਰਾ ਵਿਖੇ ਜਨ ਸੁਣਵਾਈ ਕੈਂਪ ਲਗਾ ਕਿਸ਼ਨਪੁਰਾ ਸਮੇਤ ਚਿੰਤਗੜ੍ਹ, ਅਧਰੇੜਾ, ਫ਼ਤਹਿਗੜ੍ਹ ਚਟੋਲੀ ਕੇ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ

5 Dariya News

ਰੂਪਨਗਰ 05-Oct-2023

ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਪਿੰਡ ਪੱਧਰ ’ਤੇ ਲੋਕ ਸਮੱਸਿਆਵਾਂ ਦੇ ਹੱਲ ਲਈ ‘ਜਨ ਸੁਣਵਾਈ ਕੈਂਪਾਂ’ ਦਾ ਆਯੋਜਨ ਲਗਾਤਾਰ ਜਾਰੀ ਹੈ। ਇਸੇ ਲੜੀ ਤਹਿਤ ਮੁੱਖ ਮੰਤਰੀ ਫ਼ੀਲਡ ਅਫ਼ਸਰ ਸ਼੍ਰੀਮਤੀ ਅਨਮਜੋਤ ਕੌਰ ਅਤੇ ਐੱਸ.ਡੀ.ਐਮ ਰੂਪਨਗਰ ਸ. ਹਰਬੰਸ ਸਿੰਘ ਵੱਲੋਂ ਰੂਪਨਗਰ ਦੇ ਪਿੰਡ ਕਿਸ਼ਨਪੁਰਾ ਵਿਖੇ ਜਨ ਸੁਣਵਾਈ ਕੈਂਪ ਲਗਾ ਕਿਸ਼ਨਪੁਰਾ ਸਮੇਤ ਚਿੰਤਗੜ੍ਹ, ਅਧਰੇੜਾ, ਫ਼ਤਹਿਗੜ੍ਹ ਚਟੋਲੀ ਕੇ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ। 

ਇਸ ਮੌਕੇ ਹਲਕਾ ਵਿਧਾਇਕ ਸ੍ਰੀ ਚਮਕੌਰ ਸਾਹਿਬ ਡਾ. ਚਰਨਜੀਤ ਸਿੰਘ ਵੀ ਵਿਸ਼ੇਸ਼ ਤੌਰ ਉਤੇ ਹਾਜ਼ਰ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬਾ ਵਾਸੀਆਂ ਨੂੰ ਮੁੱਢਲੀਆਂ ਸਹੂਲਤਾਂ ਉਨ੍ਹਾਂ ਦੇ ਘਰਾਂ ਦੇ ਨੇੜੇ ਮੁਹੱਈਆਂ ਕਰਵਾਉਂਣ ਲਈ ਵਚਨਬੱਧ ਹੈ ਜਿਸ ਤਹਿਤ ਅਜਿਹੇ ਕੈਂਪ ਲਗਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ਦਾ ਆਮ ਲੋਕਾਂ ਨੂੰ ਬਹੁਤ ਫਾਇਦਾ ਹੋ ਰਿਹਾ ਹੈ, ਉਨ੍ਹਾਂ ਕਿਹਾ ਕਿ ਜੋ ਲੋਕ ਆਪਣੇ ਪਿੰਡਾਂ ਤੋਂ ਦੂਰ ਸ਼ਹਿਰਾਂ ਦੇ ਸਰਕਾਰੀ ਦਫ਼ਤਰਾਂ ਵਿੱਚ ਜਾ ਕੇ ਆਪਣੀ ਸਮੱਸਿਆ ਨਹੀਂ ਦੱਸ ਸਕਦੇ, ਉਹ ਇਨ੍ਹਾਂ ਕੈਂਪਾਂ ਦਾ ਭਰਪੂਰ ਲਾਭ ਲੈ ਰਹੇ ਹਨ।

ਮੁੱਖ ਮੰਤਰੀ ਫ਼ੀਲਡ ਅਫ਼ਸਰ ਸ਼੍ਰੀਮਤੀ ਅਨਮਜੋਤ ਕੌਰ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਕੈਂਪਾਂ ਦਾ ਲਾਭ ਲੈਣ ਦੇ ਨਾਲ-ਨਾਲ ਡਿਪਟੀ ਕਮਿਸ਼ਨਰ ਜਾਂ ਹੋਰ ਸਰਕਾਰੀ ਦਫਤਰਾਂ ਵਿੱਚ ਜਾ ਕੇ ਆਪਣੀ ਸਮੱਸਿਆ ਜਾ ਮੁਸ਼ਕਿਲ ਲਿਖਤੀ ਰੂਪ ਵਿੱਚ ਦਰਜ ਕਰਵਾਈ ਜਾ ਸਕਦੀ ਹੈ ਜਿਸਦਾ ਹੱਲ ਯਕੀਨੀ ਕੀਤਾ ਜਾਵੇਗਾ। ਇਸ ਕੈਂਪ ਦੌਰਾਨ ਪਿੰਡ ਕਿਸ਼ਨਪੁਰਾ ਤੋਂ ਸਰਪੰਚ ਰਣਜੋਧ ਸਿੰਘ ਨੇ ਬੱਸ ਸਰਵਿਸ ਦੀ ਸਹੂਲਤ ਦੇਣ, ਸਰਕਾਰੀ ਸਕੂਲ ਨੂੰ ਅੱਪਗ੍ਰੇਡ ਕਰਨ, ਪਿੰਡ ਵਿੱਚ ਆਮ ਆਦਮੀ ਕਲੀਨਿਕ ਖੋਲ੍ਹਣ, ਲਿੰਕ ਸੜਕਾਂ ਦੀ ਮੁਰੰਮਤ ਅਤੇ ਬੈਂਕ ਜਾ ਏਟੀਐਮ ਦਾ ਪ੍ਰਬੰਧ ਕਰਨ ਲਈ ਅਪੀਲ ਕੀਤੀ।

ਇਸ ਤੋਂ ਇਲਾਵਾ ਪਿੰਡ ਅਧਰੇੜਾ ਤੋਂ ਸਰਪੰਚ ਸ਼੍ਰੀਮਤੀ ਕਰਮਜੀਤ ਕੌਰ ਨੇ ਪੰਚਾਇਤੀ ਸ਼ਾਮਲਾਤ ਜ਼ਮੀਨ ਵਿੱਚੋਂ 5-5 ਮਰਲੇ ਦੇ ਪਲਾਂਟ ਲੋੜਵੰਦਾਂ ਨੂੰ ਦੇਣ, ਸ਼ਮਸ਼ਾਨ ਘਾਟ ਦਾ ਰਸਤਾ ਪੱਕਾ ਕਰਨ, ਪਿੰਡ ਵਿੱਚ ਡਿਸਪੈਂਸਰੀ ਬਣਾਉਣ, ਪਾਣੀ ਦੀ ਨਿਕਾਸੀ ਨਾ ਹੋਣ ਸੰਬੰਧੀ ਅਤੇ ਪਿੰਡ ਦੇ ਸਕੂਲ ਨੂੰ ਅੱਪਗ੍ਰੇਡ ਕਰਨ ਸਬੰਧੀ ਪ੍ਰਸ਼ਾਸ਼ਨ ਫਰ ਦੇ ਧਿਆਨ ਵਿੱਚ ਲਿਆਂਦਾ। ਇਸ ਕੈਂਪ ਦੌਰਾਨ ਪੈਨਸ਼ਨ ਸਬੰਧੀ, ਰੁਜ਼ਗਾਰ, ਪ੍ਰਦੂਸ਼ਣ ਕਟਰੋਲ ਬੋਰਡ, ਸਿਹਤ ਵਿਭਾਗ, ਪੰਜਾਬ ਹੁਨਰ ਵਿਕਾਸ, ਖੇਤੀਬਾੜੀ ਵਿਭਾਗ, ਕਿਰਤ ਵਿਭਾਗ ਅਤੇ ਹੋਰ ਵਿਭਾਗਾਂ ਵਲੋਂ ਚਲਾਈ ਜਾਂਦੀਆ ਲੋਕ ਭਲਾਈ ਸਕੀਮਾਂ ਬਾਰੇ ਜਾਣੂ ਕਰਵਾਇਆ ਤਾਂ ਜੋ ਕੋਈ ਲੋੜਵੰਦ ਆਪਣੀ ਲੋੜ ਅਨੁਸਾਰ ਸਰਕਾਰੀ ਸਕੀਮਾਂ ਦਾ ਲਾਭ ਲੈ ਸਕਣ।

ਇਸ ਮੌਕੇ ਬੀ.ਡੀ.ਪੀ.ਓ ਸ਼੍ਰੀਮਤੀ ਸਮ੍ਰਿਤੀ, ਉਪ ਜ਼ਿਲ੍ਹਾ ਸਿੱਖਿਆ ਅਫਸਰ ਸ. ਸੁਰਿੰਦਰਪਾਲ ਸਿੰਘ, ਸੁਪਰਡੈਂਟ ਰਮਾਂ ਕਾਂਤ, ਏਪੀਓ ਮਨਿੰਦਰ ਸਿੰਘ ਤੋਂ ਇਲਾਵਾ ਹੋਰ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।