5 Dariya News

ਪ੍ਰਧਾਨ ਮੰਤਰੀ ਦੇ ਸੱਦੇ 'ਤੇ ਅੰਮ੍ਰਿਤਸਰ ਦੇ ਵਾਰ ਮੈਮੋਰੀਅਲ ਵਿੱਚ ਵੱਡੇ ਪੱਧਰ 'ਤੇ ਕੀਤਾ ਗਿਆ ਸ਼੍ਰਮਦਾਨ

ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ "ਸਵੱਛਤਾ ਹੀ ਸੇਵਾ" ਦੇ ਤਹਿਤ ਕਰਵਾਇਆ ਜ਼ਿਲਾ ਪੱਧਰੀ ਪ੍ਰੋਗਰਾਮ

5 Dariya News

ਅੰਮ੍ਰਿਤਸਰ 01-Oct-2023

ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਸੈਂਟਰਲ ਬਿਊਰੋ ਆਫ ਕਮਿਊਨੀਕੇਸ਼ਨ ਵੱਲੋਂ ਐਨ.ਸੀ.ਸੀ. ਦੀ ਫਰਸਟ ਪੰਜਾਬ ਬਟਾਲੀਅਨ ਦੇ ਸਹਿਯੋਗ ਨਾਲ ਵਾਰ ਮੈਮੋਰੀਅਲ ਵਿੱਚ ਸਵੱਛ ਭਾਰਤ ਮੁਹਿੰਮ ਦਾ ਸੁਨੇਹਾ ਦਿੰਦਿਆਂ ਵੱਡੇ ਪੱਧਰ ਉੱਤੇ ਸ਼ਹਿਰ ਵਿੱਚ ਸ਼੍ਰਮਦਾਨ ਮੁਹਿੰਮ ਵਿੱਢੀ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਪੁੱਜੇ ਨੌਜਵਾਨਾਂ ਨੇ ਸ਼੍ਰਮਦਾਨ ਤੋਂ ਪਹਿਲਾਂ ਅਪਣਾ ਆਲਾ ਦੁਆਲਾ ਸਾਫ ਰੱਖਣ ਸਬੰਧੀ ਸਹੁੰ ਚੁੱਕੀ। ਇਸ ਮੌਕੇ ਸੰਬੋਧਨ ਕਰਦਿਆਂ ਸੂਬੇਦਾਰ ਗੁਰਨਾਮ ਸਿੰਘ ਨੇ ਕਿਹਾ ਕਿ ਧਰਮ ਗ੍ਰੰਥਾਂ ਵਿੱਚ ਪਵਨ, ਪਾਣੀ ਅਤੇ ਧਰਤੀ ਦੀ ਮਹੱਤਤਾ ਦਾ ਜ਼ਿਕਰ ਕੀਤਾ ਗਿਆ ਹੈ, ਇਸ ਲਈ ਸਾਨੂੰ ਇੱਕ ਚੰਗੇ ਨਾਗਰਿਕ ਹੋਣ ਦਾ ਸਬੂਤ ਦਿੰਦਿਆਂ ਸਵੱਛਤਾ ਬਾਰੇ ਪਹਿਲ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੋਲੀਥੀਨ ਦੀ ਵਰਤੋਂ ਨੂੰ ਬੰਦ ਕਰਦਿਆਂ ਕਪੜੇ ਦੇ ਥੈਲੇ ਇਸਤੇਮਾਲ ਕਰਨੇ ਚਾਹੀਦੇ ਹਨ। ਗੁਰਨਾਮ ਸਿੰਘ ਨੇ ਕਿਹਾ ਕਿ ਵਿਕਸਿਤ ਮੁਲਕਾਂ ਵੱਲੋਂ ਸਾਫ ਸਫਾਈ ਵੱਲ ਵਧੇਰੇ ਧਿਆਨ ਦਿੱਤਾ ਜਾਂਦਾ ਹੈ ਅਤੇ ਸਾਡੇ ਮੁਲਕ ਵਿਚ ਵੀ ਅਜਿਹੀ ਪਹਿਲ ਸਰਕਾਰ ਦੇ ਨਾਲ-ਨਾਲ ਲੋਕਾਂ ਨੂੰ ਕਰਨੀ ਹੋਵੇਗੀ।

ਇਸ ਮੌਕੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਕੇਂਦਰੀ ਸੰਚਾਰ ਬਿਊਰੋ ਅੰਮ੍ਰਿਤਸਰ ਦੇ ਮੁਖੀ ਗੁਰਮੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਅਤੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਹਾੜੇ 'ਤੇ ਸਵੱਛਤਾ ਅਭਿਆਨ ਦਾ ਆਗਾਜ਼ ਕੀਤਾ ਗਿਆ ਸੀ। ਪਿਛਲੇ 9 ਵਰ੍ਹਿਆਂ ਵਿੱਚ ਸਵੱਛ ਭਾਰਤ ਇੱਕ ਵੱਡਾ ਅਭਿਆਨ ਬਣਿਆ ਹੈ। ਇਸਦੇ ਨਾਲ ਹੀ ਉਹਨਾਂ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਇਸਨੂੰ ਜਨ ਅੰਦੋਲਨ ਬਣਾਉਣ ਦੀ ਅਪੀਲ ਕੀਤੀ। ਮੰਚ ਤੋਂ ਬੋਲਦਿਆਂ ਐਨ.ਸੀ.ਸੀ. ਅਫ਼ਸਰ ਸੁਖਪਾਲ ਸਿੰਘ ਸੰਧੂ ਨੇ ਕਿਹਾ ਕਿ ਚਾਰ ਚੁਫੇਰੇ ਨੂੰ ਸਾਫ ਰੱਖਣ ਲਈ ਹਰ ਦੇਸ਼ਵਾਸੀ ਨੂੰ ਅੱਗੇ ਆਉਣਾ ਪਵੇਗਾ। ਉਨ੍ਹਾਂ ਲੋਕਾਂ ਨੂੰ ਵੱਧ ਚੜ੍ਹ ਕੇ ਇਸ ਮੁਹਿੰਮ ਵਿਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ।

ਉਨ੍ਹਾਂ ਕਿਹਾ ਕਿ ਪਲਾਸਟਿਕ ਨੂੰ ਸੜਕਾਂ ਉੱਤੇ ਸੁੱਟਣ ਦੇ ਬਜਾਏ ਕੂੜੇਦਾਨ ਵਿੱਚ ਸੁੱਟਿਆ ਜਾਣਾ ਚਾਹੀਦਾ ਹੈ। ਇਸ ਦੌਰਾਨ ਸ਼੍ਰਮਦਾਨ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਪਲਾਸਟਿਕ ਵੇਸਟ ਮੈਨੇਜਮੈਂਟ ਐਂਡ ਲਾਈਵਲੀਹੁੱਡ ਪ੍ਰੋਜੈਕਟ ਦਾ ਦੌਰਾ ਵੀ ਕਰਵਾਇਆ ਗਿਆ ਅਤੇ ਪਲਾਸਟਿਕ ਨੂੰ ਰੀਸਾਈਕਲ ਕਰਨ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵੱਲੋਂ ਸਕੂਲ ਆਫ ਐਮੀਨੈਂਸ, ਛੇਹਰਟਾ ਨੂੰ ਸਵੱਛਤਾ ਦਾ ਸੁਨੇਹਾ ਦਿੰਦਿਆਂ ਕੂੜੇਦਾਨ ਵੀ ਭੇਂਟ ਕੀਤੇ ਗਏ। ਪ੍ਰੋਗਰਾਮ ਦੌਰਾਨ ਪੇਸ਼ ਕੀਤੇ ਗਏ ਨੁੱਕੜ ਨਾਟਕ ਨੇ ਸਮਾਂ ਬੰਨ੍ਹ ਕੇ ਰੱਖ ਦਿੱਤਾ ਅਤੇ ਸਵੱਛਤਾ ਨੂੰ ਜੀਵਨ ਦਾ ਹਿੱਸਾ ਬਣਾਉਣ ਬਾਰੇ ਰੋਮਾਂਚਕ ਢੰਗ ਨਾਲ ਸਮਝਾਇਆ ਗਿਆ। ਬਹਿਰਹਾਲ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵੱਲੋਂ ਆਯੋਜਿਤ ਕੀਤਾ ਗਿਆ ਇਹ ਪ੍ਰੋਗਰਾਮ ਸਫਲ ਹੋ ਨਿੱਬੜਿਆ ਅਤੇ ਇਲਾਕਾ ਵਾਸੀਆਂ ਵਿੱਚ ਸਵੱਛਤਾ ਦੀ ਮਹੱਤਤਾ ਦੇ ਨਾਲ ਨਾਲ ਵਾਤਾਵਰਣ ਦੀ ਸਾਂਭ ਸੰਭਾਲ ਦਾ ਸੁਨੇਹਾ ਦਿੰਦਿਆਂ ਇੱਕ ਨਵੀਂ ਊਰਜਾ ਦਾ ਸੰਚਾਰ ਕਰ ਗਿਆ।