5 Dariya News

ਵਿਧਾਇਕ ਸੰਤੋਸ਼ ਕਟਾਰੀਆਂ ਨੇ ਜ਼ਿਲ੍ਹਾ ਪੱਧਰੀ ਕਿਸਾਨ ਮੇਲੇ ਦਾ ਕੀਤਾ ਉਦਘਾਟਨ

ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਪਿੰਡ ਮਹਾਲੋਂ ਵਿਖੇ ਲਗਾਇਆ ਗਿਆ ਕਿਸਾਨ ਮੇਲਾ

5 Dariya News

ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) 26-Sep-2023

ਕਿਸਾਨਾਂ ਨੂੰ ਹਾੜ੍ਹੀ ਦੀਆਂ ਫ਼ਸਲਾਂ ਬਾਰੇ ਤਕਨੀਕੀ ਜਾਣਕਾਰੀ ਦੇਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ ਬਲਾਕ ਨਵਾਂਸ਼ਹਿਰ ਦੇ ਪਿੰਡ ਮੁਹਾਲੋਂ ਵਿਖੇ ਲਗਾਇਆ ਗਿਆ।ਇਸ ਮੇਲੇ ਵਿਚ ਸ੍ਰੀਮਤੀ ਸੰਤੋਸ਼ ਕਟਾਰੀਆ ਵਿਧਾਇਕ ਹਲਕਾ ਬਲਾਚੌਰ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਇਸ ਮੇਲੇ ਦਾ ਉਦਘਾਟਨ ਕੀਤਾ। ਸੰਯੁਕਤ ਡਾਇਰੈਕਟਰ ਖੇਤੀਬਾੜੀ (ਅੰਕੜਾ)  ਹਰਪ੍ਰੀਤ ਕੌਰ ਵਲੋਂ ਇਸ ਮੇਲੇ ਦੀ ਪ੍ਰਧਾਨਗੀ ਕੀਤੀ ਗਈ।

ਵਿਧਾਇਕ ਸੰਤੋਸ਼ ਕਟਾਰੀਆ ਨੇ ਕਿਹਾ ਕਿ ਕਿਸਾਨਾਂ ਨੂੰ ਖੇਤੀਬਾੜੀ  ਵਿਭਾਗ ਦੀਆਂ ਸਕੀਮਾਂ ਦਾ ਪੂਰਾ ਲਾਭ ਉਠਾਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੇ ਖੇਤੀ ਖਰਚੇ ਘੱਟ ਸਕਣ ਅਤੇ ਆਮਦਨੀ ਵਿੱਚ ਵਾਧਾ ਹੋ ਸਕੇ। ਉਨ੍ਹਾਂ ਨੇ ਖੇਤੀਬਾੜੀ ਵਿਭਾਗ ਅਤੇ ਸਹਿਯੋਗੀ ਮਹਿਕਮਿਆਂ ਅਤੇ ਸੈਲਫ ਹੈਲਪ ਗੁਰੱਪਾਂ ਵਲੋਂ ਲਗਾਈਆਂ ਗਈਆਂ ਪ੍ਰਦਰਸ਼ਨੀਆਂ ਵੀ ਵੇਖੀਆਂ ।

ਹਰਪ੍ਰੀਤ ਕੌਰ ਸੰਯੁਕਤ ਡਾਇਰੈਕਟਰ ਖੇਤੀਬਾੜੀ (ਅੰਕੜਾ) ਨੇ ਮੇਲੇ ਵਿਚ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਪਰਾਲੀ/ਕਣਕ ਦੀ ਨਾੜ ਅਤੇ ਹੋਰ ਫਸਲਾਂ ਦੀ ਰਹਿੰਦ ਖੂਹੰਦ ਨੂੰ ਅੱਗ ਨਾ ਲਗਾਈ ਜਾਵੇ ਤਾਂ ਜੋ ਮਨੁੱਖੀ ਸਿਹਤ ਅਤੇ ਵਾਤਾਵਰਣ ਤੇ ਪੈ ਰਹੇ ਮਾੜੇ ਪ੍ਰਭਾਵ ਨੂੰ ਰੋਕਿਆ ਜਾ ਸਕੇ।ਇਸ ਤੋਂ ਇਲਾਵਾ ਉਹਨਾਂ ਨੇ ਕਿਸਾਨਾਂ ਨੂੰ ਖੇਤੀ ਮਾਹਿਰਾਂ ਵਲੋਂ ਵਿਕਸਿਤ ਕੀਤੀਆਂ ਤਕਨੀਕਾਂ ਅਪਣਾ ਕੇ ਖੇਤੀ ਕਰਨ ਦੀ ਸਲਾਹ ਦਿੱਤੀ।

ਡਾ. ਸੁਰਿੰਦਰ ਸਿੰਘ ਸੰਯੁਕਤ ਡਾਇਰੈਕਟਰ ਖੇਤੀਬਾੜੀ ਨੇ ਜ਼ਿਲ੍ਹੇ ਤੋਂ ਆਏ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਹਾੜ੍ਹੀ ਸੀਜਨ-2023  ਦੌਰਾਨ ਕਣਕ ਹੇਠ 77500 ਹੈਕਟਰ, ਸਰੋਂ ਹੇਠ 3600 ਹੈਕਟਰ, ਦਾਲਾਂ ਹੇਠ 250 ਹੈਕਟਰ ਰਕਬਾ ਲਿਆਂਦਾ ਜਾਵੇਗਾ।ਉਹਨਾਂ ਦੱਸਿਆ ਕਿ ਹਾੜ੍ਹੀ 2023  ਲਈ ਕਣਕ, ਸਰੋਂ ਅਤੇ ਦਾਲਾਂ ਆਦਿ ਫਸਲਾਂ ਲਈ ਮਿਆਰੀ ਬੀਜਾਂ ਦੀਆ ਵੱਖ ਵੱਖ ਕਿਸਮਾਂ ਦਾ ਪ੍ਰਬੰਧ ਕਿਸਾਨਾਂ ਲਈ ਕੀਤਾ ਜਾ ਰਿਹਾ ਹੈ।

ਡਾ. ਕੰਵਰ ਬਰਜਿੰਦਰ ਸਿੰਘ, ਡਾਇਰੈਕਟਰ, ਕੰਡੀ ਖੋਜ ਕੇਂਦਰ ਬੱਲੋਵਾਲ ਸੌਖੜੀ ਵਲੋਂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਉਹ ਕੰਢੀ ਖੋਜ ਕੇਂਦਰ ਵਲੋਂ ਵਿਕਸਤ ਕੀਤੀਆਂ ਗਈਆਂ ਤਕਨੀਕਾਂ ਨੂੰ ਅਪਣਾ ਕੇ ਵੱਧ ਤੋਂ ਵੱਧ ਲਾਭ ਲੈਣ।ਇਸ ਮੌਕੇ ਸ੍ਰੀ ਕੁਲਜੀਤ ਸਿੰਘ ਸਰਹਾਲ ਹਲਕਾ ਇੰਚਾਰਜ਼ ਬੰਗਾ, ਸ੍ਰੀ ਲਲਿਤ ਮੋਹਨ ਪਾਠਕ (ਹਲਕਾ ਨਵਾਂ ਸ਼ਹਿਰ) ਅਤੇ ਡਾ.ਦਲਜੀਤ ਸਿੰਘ ਢਿੱਲੋਂ, ਡਿਪਟੀ ਡਾਇਰੈਕਟਰ ਬਾਗਬਾਨੀ ਵਿਭਾਗ ਵਲੋਂ ਵੀ ਕਿਸਾਨਾਂ ਨੂੰ ਸੰਬੋਧਨ ਕੀਤਾ ਗਿਆ।

ਸਮਾਗਮ ਦੀ ਸਮਾਪਤੀ ਉਪਰੰਤ ਸ੍ਰੀ ਕਮਲਦੀਪ ਸਿੰਘ, ਪੀ.ਡੀ.ਆਤਮਾ ਵਲੋਂ ਆਏ ਹੋਏ ਮਹਿਮਾਨਾਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਸੰਤੋਸ਼ ਕਟਾਰੀਆ ਵਿਧਾਇਕ ਹਲਕਾ ਬਲਾਚੌਰ ਵਲੋਂ ਜ਼ਿਲ੍ਹੇ ਦੇ ਅਗਾਂਹ ਵਧੂ ਕਿਸਾਨਾਂ ਨੂੰ ਵੀ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਤੋਂ ਇਲਾਵਾ ਡਾ. ਮਨਿੰਦਰ ਸਿੰਘ ਬੌਂਸ ਡਿਪਟੀ ਡਾਇਰੈਕਟਰ ਕੇ.ਵੀ.ਕੇ. ਲੰਗੜੋਆ ਅਤੇ ਉਹਨਾਂ ਦੀ ਸਮੁੱਚੀ ਟੀਮ ਵਲੋਂ ਕਿਸਾਨਾਂ ਨੂੰ ਵੱਖ ਵੱਖ ਵਿਸ਼ਿਆਂ ਤੇ ਭਰਪੂਰ ਤਕਨੀਕੀ ਜਾਣਕਾਰੀ ਦਿੱਤੀ ਗਈ।

ਇਸ ਮੌਕੇ ਹਰਜੋਤ ਕੌਰ ਲੋਹਟੀਆ (ਹਲਕਾ ਬੰਗਾ), ਸ. ਸਤਨਾਮ ਸਿੰਘ ਜਲਵਾਹਾ ਚੇਅਰਮੈਨ ਇੰਪਰੂਵਮੈਂਟ ਟਰੱਸਟ, ਸਤਨਾਮ ਸਿੰਘ ਜਲਾਲਪੁਰ ਚੇਅਰਮੈਨ ਡਿਸਟ੍ਰਿਕ ਪਲਾਨਿੰਗ ਕਮੇਟੀ, ਡਾ.ਨਰੇਸ਼ ਕੁਮਾਰ ਕਟਾਰੀਆ ਖੇਤੀਬਾੜੀ ਅਫਸਰ , ਡਾ. ਰਾਜ ਕੁਮਾਰ ਖੇਤੀਬਾੜੀ ਅਫਸਰ ਨਵਾਂਸ਼ਹਿਰ, ਡਾ. ਲਛਮਣ ਦਾਸ ਖੇਤੀਬਾੜੀ ਅਫਸਰ ਬੰਗਾ, ਡਾ. ਲੇਖ ਰਾਜ ਖੇਤੀਬਾੜੀ ਅਫਸਰ ਔੜ, ਡਾ. ਸੁਰਿੰਦਰ ਕੁਮਾਰ ਖੇਤੀਬਾੜੀ ਅਫਸਰ ਬਲਾਚੌਰ, ਨੀਨਾ ਕੰਵਰ ਅਤੇ ਪਰਮਵੀਰ ਕੌਰ ਡੀ.ਪੀ.ਡੀ ਹਾਜ਼ਰ ਸਨ।