5 Dariya News

ਇੰਡੀਅਨ ਸਵੱਛਤਾ ਲੀਗ ਤਹਿਤ ਕੂੜੇ ਦੇ ਯੋਗ ਪ੍ਰਬੰਧਨ ਲਈ ਸੁਨਾਮ ਵਿਖੇ ਚਲਾਈ ਵਿਸ਼ੇਸ਼ ਮੁਹਿੰਮ

5 Dariya News

ਸੁਨਾਮ ਊਧਮ ਸਿੰਘ ਵਾਲਾ 17-Sep-2023

ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੀ ਅਗਵਾਈ ਅਤੇ ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ ਦੀ ਨਿਗਰਾਨੀ ਹੇਠ ਸਵੱਛ ਭਾਰਤ ਮਿਸ਼ਨ 2.0 ਅਧੀਨ ਜ਼ਿਲ੍ਹਾ ਸੰਗਰੂਰ ਦੀਆਂ ਸਮੂਹ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਵਿੱਚ 2 ਅਕਤੂਬਰ ਤੱਕ ਇੰਡੀਅਨ ਸਵੱਛਤਾ ਲੀਗ 2.0 ਮਨਾਈ ਜਾ ਰਹੀ ਹੈ। 

ਇਸ ਸਬੰਧੀ ਸ਼ਿਵ ਨਿਕੇਤਨ ਚੌਂਕ, ਸੁਨਾਮ ਵਿਖੇ ਘਰਾਂ ਵਿੱਚ ਇਕੱਠੇ ਹੋਣ ਵਾਲੇ ਵੱਖਰੋ-ਵੱਖਰੇ ਕੂੜੇ, ਜਿਸ ਵਿੱਚ ਗਿੱਲਾ ਕੂੜਾ, ਸੁੱਕਾ ਕੂੜਾ, ਸੈਨੇਟਰੀ ਵੇਸਟ, ਘਰੇਲੂ ਹਾਨੀਕਾਰਕ ਕੂੜਾ ਅਤੇ ਈ-ਵੇਸਟ ਨੂੰ ਘਰਾਂ ਵਿੱਚ ਹੀ ਵੱਖਰਾ-ਵੱਖਰਾ ਕਰਨ ਅਤੇ ਕੂੜੇ ਦੇ ਪ੍ਰਬੰਧਨ ਸਬੰਧੀ ਆਮ ਜਨਤਾ ਦਾ ਧਿਆਨ ਖਿੱਚਣ ਲਈ, ਆਮ ਜਨਤਾ ਨੂੰ ਜਾਗਰੂਕ ਅਤੇ ਪ੍ਰੇਰਿਤ ਕਰਨ ਲਈ ਮੁਹਿੰਮ ਚਲਾਈ ਗਈ।ਇਸ ਉਪਰੰਤ ਸ਼ਿਵ ਨਿਕੇਤਨ ਚੌਂਕ ਤੋਂ ਲੈ ਕੇ ਮਾਤਾ ਮੋਦੀ ਚੌਂਕ ਤੱਕ ਇੱਕ ਰੈਲੀ ਕੀਤੀ ਗਈ, ਜੋ ਕਿ ਮਾਤਾ ਮੋਦੀ ਪਾਰਕ ਵਿੱਚ ਖਤਮ ਕੀਤੀ ਗਈ। 

ਇਸ ਮੌਕੇ ਨਗਰ ਕੌਂਸਲ, ਸੁਨਾਮ ਦੇ ਕਾਰਜ ਸਾਧਕ ਅਫਸਰ, ਨਾਇਬ ਤਹਿਸੀਲਦਾਰ, ਸੁਨਾਮ, ਸਵੱਛ ਭਾਰਤ ਮਿਸ਼ਨ ਦੇ ਸਾਹਿਬ ਸਿੰਘ, ਰੋਟਰੀ ਇੰਟਰਨੈਸ਼ਨਲ, ਜ਼ਿਲ੍ਹਾ ਸੰਗਰੂਰ ਦੇ ਗਵਰਨਰ ਘਣਸ਼ਿਆਮ ਕਾਂਸਲ, ਵਪਾਰ ਮੰਡਲ, ਸੁਨਾਮ ਦੇ ਪ੍ਰਧਾਨ ਪਵਨ ਕੁਮਾਰ ਗੁੱਜਰਾਂ, ਨਗਰ ਕੌਂਸਲ, ਸੁਨਾਮ ਦੇ ਸੀਨੀਅਰ ਮੀਤ ਪ੍ਰਧਾਨ ਸ੍ਰੀਮਤੀ ਆਸ਼ਾ ਬਜਾਜ, ਮੀਤ ਪ੍ਰਧਾਨ ਸ੍ਰੀ ਗੁਰਤੇਗ ਸਿੰਘ, ਨਗਰ ਕੌਂਸਲਰ ਸ੍ਰੀ ਵਿਕਰਮ ਸਿੰਘ, ਹਰਮੇਸ਼ ਸਿੰਘ, ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ, ਸੁਨਾਮ ਦੇ ਲੈਕਚਰਾਰ ਰਮਨਦੀਪ ਕੌਰ ਅਤੇ ਹੋਰ ਸਟਾਫ ਸਮੇਤ ਐਨ.ਸੀ.ਸੀ./ਐਨ.ਐਸ.ਐਸ ਦੇ ਵਲੰਟੀਅਰ, ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਬੱਚੇ, ਆਗੂ ਮਨਪ੍ਰੀਤ ਬਾਂਸਲ ਅਤੇ ਰਵੀ ਕਮਲ ਗੋਇਲ, ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ, ਨਗਰ ਕੌਂਸਲ, ਸੁਨਾਮ ਦਾ ਸਮੂਹ ਜਨਰਲ ਅਤੇ ਸੈਨੀਟੇਸ਼ਨ ਸਟਾਫ ਅਤੇ ਸਵੱਛ ਭਾਰਤ ਮਿਸ਼ਨ ਟੀਮ ਅਤੇ ਵੱਡੀ ਗਿਣਤੀ ਵਿੱਚ ਲੋਕ ਸ਼ਾਮਿਲ ਹੋਏ। 

ਇਸ ਮੌਕੇ ਕਾਰਜ ਸਾਧਕ ਅਫਸਰ, ਨਗਰ ਕੌਂਸਲ, ਸੁਨਾਮ ਅੰਮ੍ਰਿਤ ਲਾਲ ਵੱਲੋਂ ਲੋਕਾਂ ਨੂੰ ਘਰਾਂ ਵਿੱਚੋਂ ਹੀ ਵੱਖਰਾ-ਵੱਖਰਾ ਕੂੜਾ ਨਗਰ ਕੌਂਸਲ ਦੀਆਂ ਟੀਮਾਂ ਨੂੰ ਦੇਣ ਲਈ ਸਾਥ ਦੇਣ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਆਮ ਜਨਤਾ ਨੂੰ ਪਲਾਸਟਿਕ ਦੇ ਲਿਫਾਫੇ ਅਤੇ ਕਿਸੇ ਵੀ ਜਨਤਕ ਸਮਾਗਮਾਂ ਸਮੇਂ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ ਗਈ।