5 Dariya News

“ਸਵੱਛਤਾ ਲੀਗ-2” : ਘਰ ਦਾ ਕੂੜਾ ਵੱਖ-ਵੱਖ ਕਰੋ ਤੇ ਮੇਰਾ ਕੂੜਾ ਮੈਂ ਸੰਭਾਲਾਂ ਦਾ ਸੁਨੇਹਾ ਦਿੰਦਿਆਂ ਕੱਢੀ ਸਵੱਛਤਾ ਜਾਗਰੂਕਤਾ ਰੈਲੀ

ਵਾਤਾਵਰਨ ਨੂੰ ਸਾਫ ਕਰਨ ਦੇ ਅੰਦੋਲਨ ਦਾ ਹਿੱਸਾ ਬਣਨ ਲਈ 8288011145 'ਤੇ ਮਿਸ ਕਾਲ ਕਰੋ ਅਤੇ ਰਜਿਸਟਰ ਕਰੋ-ਸਾਕਸ਼ੀ ਸਾਹਨੀ

5 Dariya News

ਪਟਿਆਲਾ 17-Sep-2023

2 ਅਕਤੂਬਰ ਤੱਕ ਚੱਲਣ ਵਾਲੀ ਸਵੱਛਤਾ ਲੀਗ-2 ਦੇ ਸਨਮੁੱਖ ਕਰਵਾਈਆਂ ਜਾ ਰਹੀਆਂ ਗਤੀਵਿੱਧੀਆਂ ਤਹਿਤ ਨਗਰ ਨਿਗਮ ਨੇ ‘ਘਰ ਦਾ ਕੂੜਾ ਵੱਖ-ਵੱਖ ਕਰੋ’ ਤੇ ‘ਮੇਰਾ ਕੂੜਾ ਮੈਂ ਸੰਭਾਲਾਂ’ ਦਾ ਸੁਨੇਹਾ ਦਿੰਦਿਆਂ ਸਵੱਛਤਾ ਜਾਗਰੂਕਤਾ ਰੈਲੀ ਕੱਢੀ।ਇੱਥੇ ਨਗਰ ਨਿਗਮ ਦਫਤਰ ਤੋਂ ਨਿਗਮ ਦੇ ਸੰਯੁਕਤ ਕਮਿਸ਼ਨਰ ਮਨੀਸ਼ਾ ਰਾਣਾ ਦੀ ਅਗਵਾਈ ਹੇਠ ਸ਼ੁਰੂ ਹੋਈ ਇਸ ਰੈਲੀ ਵਿੱਚ ਵੱਖ-ਵੱਖ ਵਿਦਿਅਕ ਅਦਾਰਿਆਂ ਅਤੇ ਸਮਾਜਿਕ ਸੰਸਥਾਵਾਂ ਨੇ ਭਰਵੀਂ ਸ਼ਿਰਕਤ ਕੀਤੀ। 

ਹਾਲਾਂਕਿ ਰੈਲੀ ਦੌਰਾਨ ਮੌਸਮ ਅਨੁਕੂਲ ਨਹੀਂ ਸੀ ਅਤੇ ਤੇਜ ਬਰਸਾਤ ਹੁੰਦੀ ਰਹੀ ਪਰ ਵਿਦਿਆਰਥੀਆਂ ਅਤੇ ਵਾਲੰਟੀਅਰਾਂ ਦੇ ਹੌਸਲੇ ਬੁਲੰਦ ਸਨ। ਰੈਲੀ ਮੌਕੇ ਸਰਕਾਰੀ ਕਾਲਜ ਕੁੜੀਆਂ ਦੀਆਂ ਵਿਦਿਆਥਣਾਂ ਸਮੇਤ ਪਲੇਵੇਅ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਆਈ ਟੀ ਆਈ(ਲੜਕੇ) ਦੇ ਵਿਦਿਆਰਥੀ ਮੌਜੂਦ ਸਨ।ਜਦਕਿ ਸਮਾਜਿਕ ਸੰਸਥਾਵਾਂ ਵਿੱਚ ਪਾਵਰ ਹਾਊਸ ਯੂਥ ਕਲੱਬ ਦੇ ਮੁੱਖ ਪੈਟਰਨ ਜਤਵਿੰਦਰ ਸਿੰਘ ਗਰੇਵਾਲ, ਰੁਪਿੰਦਰ ਕੌਰ ਅਤੇ ਪਰਮਿੰਦਰ ਭਲਵਾਨ ਨੇ ਵੀ ਪੂਰੇ ਜੋਸ਼ ਨਾਲ ਹਿੱਸਾ ਲਿਆ।

ਇਸੇ ਦੌਰਾਨ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਜ਼ਿਲ੍ਹੇ ਨੂੰ ਪਲਾਸਟਿਕ ਮੁਕਤ ਕਰਨ ਅਤੇ ਸਵੱਛਤਾ ਲੀਗ ਦੇ ਮਾਪਦੰਡਾਂ ਮੁਤਾਬਕ ਸਾਫ਼ ਸੁਥਰਾਂ ਬਣਾਉਣ ਲਈ ਹਰੇਕ ਨਾਗਰਿਕ ਦਾ ਯੋਗਦਾਨ ਜ਼ਰੂਰੀ ਹੈ, ਇਸ ਲਈ ਜ਼ਿਲ੍ਹੇ ਵਿੱਚ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਵਿੱਚ ਹਰੇਕ ਉਮਰ ਵਰਗ ਨੂੰ ਸ਼ਾਮਲ ਕਰਨਾ ਯਕੀਨੀ ਬਣਾਇਆ ਜਾ ਰਿਹਾ ਹੈ।

ਡੀ.ਸੀ. ਨੇ ਦੱਸਿਆ ਕਿ ਇਹ ਸਾਡੇ ਵਾਤਾਵਰਨ 'ਤੇ ਸਕਾਰਾਤਮਕ ਪ੍ਰਭਾਵ ਪਾਉਣ ਦਾ ਇਹ ਇੱਕ ਸ਼ਾਨਦਾਰ ਮੌਕਾ ਹੈ। ਇਸ ਲਈ ਤੁਸੀਂ ਵੀ ਇਸ ਅੰਦੋਲਨ ਦਾ ਹਿੱਸਾ ਬਣੋ ਤੇ ਇਸ ਵਿੱਚ ਸ਼ਾਮਲ ਹੋਣ ਲਈ, 8288011145 'ਤੇ ਮਿਸ ਕਾਲ ਕਰੋ ਅਤੇ ਰਜਿਸਟਰ ਕਰੋ, ਤਾਂ ਕਿ ਅਸੀਂ ਰਲ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਾਫ ਸੁਥਰਾ ਅਤੇ ਹਰਿਆ ਭਰਿਆ ਪੰਜਾਬ ਸਿਰਜ ਸਕੀਏ।

ਇਸ ਰੈਲੀ ‘ਚ ਹਿੱਸਾ ਲੈਕੇ ਨਿਗਮ ਦੇ ਸੰਯੁਕਤ ਕਮਿਸ਼ਨਰ ਮਨੀਸ਼ਾ ਰਾਣਾ ਨੇ ਪਟਿਆਲਾ ਨੂੰ ਪਲਾਸਟਿਕ ਮੁਕਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਲੋਕਾਂ ਨੂੰ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਦੇ ਨੁਕਸਾਨਾਂ ਬਾਰੇ ਜਾਣਕਾਰੀ ਦਿੰਦੇ ਹੋਏ ਇਸ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ।ਨਗਰ ਨਿਗਮ ਪਟਿਆਲਾ ਦੇ ਸਕੱਤਰ (ਹੈਲਥ) ਸ੍ਰੀ ਸੁਨੀਲ ਮਹਿਤਾ ਨੇ ਸਵੱਛਤਾ ਲੀਗ-2 ਦੀ ਰੂਪਰੇਖਾ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਤੇ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ ਵੱਖ ਕਰਨ ਦੀ ਅਪੀਲ ਕੀਤੀ।

ਇਸ ਰੈਲੀ ਨੂੰ ਸਫ਼ਲ ਬਣਾਉਣ ਵਾਲੀ ਨਗਰ ਨਿਗਮ ਦੀ ਟੀਮ ਵਿੱਚ ਸਮੂਹ ਸੈਨੇਟਰੀ ਇੰਸਪੈਕਟਰ, ਅਮਨਦੀਪ ਸੇਖੋਂ, ਜਵਾਲਾ ਸਿੰਘ (ਸੀ ਐਫ), ਮਨਦੀਪ ਸਿੰਘ (ਸੀ ਐਫ਼), ਨਗਰ ਨਿਗਮ ਦੇ ਬ੍ਰਾਂਡ ਅੰਬੈਸਡਰ ਤੇ ਪਲੇਅਵੇਜ ਸੀਨੀਅਰ ਸੈਕੰਡਰੀ ਸਕੂਲ ਦੇ ਡਾਇਰੈਕਟਰ ਰਾਜਦੀਪ ਸਿੰਘ, ਸਰਕਾਰੀ ਕਾਲਜ ਕੁੜੀਆਂ ਦੇ ਪ੍ਰੋ: ਗੁਰਿੰਦਰ ਕੌਰ, ਗੋਲਡਨ ਹੱਟ ਰੈਸਟੋਰੈਂਟ ਤੇ ਸੋਸ਼ਲ ਵਰਕਰ ਰਾਮ ਸਿੰਘ ਰਾਣਾ ਅਤੇ ਆਈ ਐਸ ਐਲ-2 ਦੇ ਕੈਪਟਨ ਗੁਰਪ੍ਰਤਾਪ ਸਿੰਘ ਜੱਗੀ ਸਵੀਟਸ ਵੀ ਹਾਜ਼ਰ ਸਨ।