5 Dariya News

ਬ੍ਰਮ ਸੰਕਰ ਜਿੰਪਾ ਅਤੇ ਹਰਭਜਨ ਸਿੰਘ ਈ.ਟੀ.ਓ ਨੇ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨਾਲ ਧੁੱਸੀ ਬੰਨ੍ਹ ਦਾ ਕੀਤਾ ਦੌਰਾ

ਟਾਂਡਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਸਥਿਤੀ ਦਾ ਲਿਆ ਜਾਇਜ਼ਾ

5 Dariya News

ਟਾਂਡਾ/ਹੁਸ਼ਿਆਰਪੁਰ 16-Aug-2023

ਕੈਬਨਿਟ ਮੰਤਰੀ ਬ੍ਰਮ ਸੰਕਰ ਜਿੰਪਾ ਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਵਿਧਾਇਕ ਉੜਮੁੜ ਜਸਵੀਰ ਸਿੰਘ ਰਾਜਾ ਗਿੱਲ ਦੀ ਮੌਜੂਦਗੀ ਵਿਚ ਟਾਂਡਾ ਦੇ ਧੁੱਸੀ ਬੰਨ੍ਹ ਦਾ ਜਾਇਜ਼ਾ ਲੈਣ ਤੋਂ ਬਾਅਦ ਇਲਾਕੇ ਦੇ ਪਿੰਡ ਗੰਦੂਵਾਲ, ਭੂਲਪੁਰ, ਰੜਾ, ਟਾਹਲੀਮੰਡ, ਬੱਲਾਂ, ਅਬਦੁਲਾਪੁਰ, ਫਤਾ ਕੁੱਲਾ ਤੋਂ ਇਲਾਵਾ ਗੁਜਰਾਂ ਦੇ ਡੇਰਿਆਂ ਦਾ ਦੌਰਾ ਕਰਕੇ ਰਾਹਤ ਕੰਮਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਚੇਅਰਮੈਨ ਨਗਰ ਸੁਧਾਰ ਟਰੱਸਟ ਹਰਮੀਤ ਸਿੰਘ ਔਲਖ ਵੀ ਮੌਜੂਦ ਸਨ।

ਕੈਬਨਿਟ ਮੰਤਰੀ ਜਿੰਪਾ ਤੇ ਈ.ਟੀ.ਓ ਨੇ ਕਿਹਾ ਕਿ ਹਿਮਾਚਲ ਵਿਚ ਪਿਛਲੇ ਦਿਨਾਂ ਹੋਈ ਭਾਰੀ ਬਰਖਾ ਕਾਰਨ ਪੌਂਗ ਡੈਮ ਦਾ ਪਾਣੀ ਦਾ ਪੱਧਰ ਕਾਫ਼ੀ ਵੱਧ ਗਿਆ ਸੀ, ਜਿਸ ਕਾਰਨ ਡੈਮ ਵਲੋਂ ਪਾਣੀ ਛੱਡਿਆ ਗਿਆ ਅਤੇ ਬਿਆਸ ਦਰਿਆ ਓਵਰ ਫਲੋਅ ਹੋ ਗਿਆ ਅਤੇ ਪਾਣੀ ਦਰਿਆ ਦੇ ਨਜ਼ਦੀਕ ਪਿੰਡਾਂ ਵਿਚ ਆ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰਾਹਤ ਦੇ ਕੰਮ ਕੀਤੇ ਜਾ ਰਹੇ ਹਨ। 

ਐਨ.ਡੀ.ਆਰ.ਐਫ ਦੀ ਟੀਮ ਵਲੋਂ ਪਾਣੀ ਨਾਲ ਭਰੇ ਪਿੰਡਾਂ ਦੇ ਲੋਕਾਂ ਨੂੰ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਰਾਹਤ ਕੈਂਪਾਂ ਅਤੇ ਲੋਕਾਂ ਤੱਕ ਜ਼ਰੂਰੀ ਸੇਵਾਵਾਂ ਪਹੁੰਚਾਉਣ ਸਬੰਧੀ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।

ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਅ ਨੂੰ ਨਿਰਦੇਸ਼ ਦਿੱਤੇ ਗਏ ਹਨ ਅਤੇ ਉਹ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਖਰਾਬ ਸੜਕਾਂ ਨੂੰ ਠੀਕ ਕਰਨ ਦਾ ਕੰਮ ਕਰ ਰਹੇ ਹਨ। ਇਸ ਮੌਕੇ ਆਮ ਆਦਮੀ ਪਾਰਟੀ ਦੇ ਦਿਹਾਤੀ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਪਾਬਲਾ, ਬਲਾਕ ਪ੍ਰਧਾਨ ਕੇਸ਼ਵ ਸਿੰਘ ਸੈਣੀ, ਡੀ.ਐਸ.ਪੀ ਕੁਲਵੰਤ ਸਿੰਘ, ਐਸ.ਐਚ.ਓ ਟਾਂਡਾ ਓਂਕਾਰ ਸਿੰਘ ਬਰਾੜ, ਰਵਿੰਦਰ ਸਿੰਘ ਮਾਰਸ਼ਲ, ਜਸਵੰਤ ਸਿੰਘ ਬਿੱਟੂ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।