5 Dariya News

ਬਰਸਾਤਾਂ ਅਤੇ ਹੜ੍ਹਾਂ ਦੌਰਾਨ ਨੁਕਸਾਨੇ ਘਰਾਂ ਦਾ ਪੀੜ੍ਹਤਾਂ ਨੂੰ ਮੁਆਵਜਾ ਦਿੱਤਾ

ਪੰਜਾਬ ਸਰਕਾਰ ਵੱਲੋਂ ਗਿਰਦਵਾਰੀਆਂ ਕਰਵਾ ਕੇ ਹਰ ਯੋਗ ਪੀੜ੍ਹਤ ਨੂੰ ਦਿੱਤਾ ਜਾਵੇਗਾ ਮੁਆਵਜਾ- ਰਜਨੀਸ਼ ਦਹੀਯਾ

5 Dariya News

ਫਿਰੋਜ਼ਪੁਰ 05-Aug-2023

ਪੰਜਾਬ ਸਰਕਾਰ ਵੱਲੋਂ ਬਰਸਾਤਾਂ ਅਤੇ ਹੜ੍ਹਾਂ ਦੌਰਾਨ ਨੁਕਸਾਨੀਆਂ ਗਈਆਂ ਫਸਲਾਂ, ਮਕਾਨਾਂ ਅਤੇ ਹੋਰ ਜਾਨ ਮਾਲ ਦੇ ਹੋਏ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾ ਰਹੀ ਹੈ ਤਾਂ ਜੋ ਪੀੜ੍ਹਤਾਂ ਨੂੰ ਬਣਦਾ ਮੁਆਵਜਾ ਦਿੱਤਾ ਜਾ ਸਕੇ। ਇਹ ਗਿਰਦਾਵਰੀਆਂ ਅਤੇ ਨੁਕਸਾਨ ਸਬੰਧੀ ਜਾਇਜੇ ਦੇ ਕੰਮ ਨੂੰ 15 ਅਗਸਤ ਤੱਕ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਗਏ ਹਨ। 

ਇਹ ਜਾਣਕਾਰੀ ਵਿਧਾਇਕ ਫਿਰੋਜ਼ਪੁਰ ਦਿਹਾਤੀ ਸ੍ਰੀ ਰਜਨੀਸ਼ ਦਹੀਯਾ ਨੇ ਮੀਂਹ ਅਤੇ ਹੜ੍ਹਾਂ ਦੌਰਾਨ ਨੁਕਸਾਨੇ ਗਏ ਮਕਾਨਾਂ ਦੇ ਲਾਭਪਾਤਰੀਆਂ ਨੂੰ ਮੁਆਵਜੇ ਦੇ ਚੈੱਕ ਦੇਣ ਮੌਕੇ ਦਿਤੀ । ਇਸ ਮੌਕੇ ਨਾਇਬ ਤਹਿਸੀਲਦਾਰ ਤਲਵੰਡੀ ਭਾਈ ਸ਼੍ਰੀ ਰਾਕੇਸ਼ ਕੁਮਾਰ, ਸ੍ਰੀ ਉਦੈ ਚੰਦ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਵਿਧਾਇਕ ਰਜਨੀਸ਼ ਦਹੀਯਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹੜ੍ਹਾਂ ਅਤੇ ਬਰਸਾਤ ਦੌਰਾਨ ਨੁਕਸਾਨੇ ਗਏ ਮਕਾਨਾਂ, ਫਸਲਾਂ ਅਤੇ ਹੋਰ ਖਰਾਬੇ ਦਾ ਸਾਰੇ ਪੀੜ੍ਹਤਾਂ ਨੂੰ ਮੁਆਵਜਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹੁਣ ਤੱਕ ਹੋਏ ਸਰਵੇ ਤਹਿਤ ਜਿਨ੍ਹਾ ਦੇ ਮਕਾਨ ਨੁਕਸਾਨੇ ਗਏ ਹਨ ਉਨ੍ਹਾਂ ਨੂੰ ਮੁਆਵਜ਼ਾ ਦੇਣ ਦੀ ਸ਼ੁਰੂਆਤ ਕੀਤੀ ਗਈ ਹੈ । 

ਜਿਸ ਤਹਿਤ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਪਿੰਡ ਮੋਹਕਮ ਖਾਂ ਦੇ ਵਾਸੀ ਬਲਵਿੰਦਰ ਸਿੰਘ ਪੁੱਤਰ ਸੋਹਨ ਸਿੰਘ ਨੂੰ ਉਨ੍ਹਾਂ ਦੇ ਪੱਕੇ ਮਕਾਨ ਦੀ ਛੱਤ ਡਿਗਣ ਕਾਰਨ 1,20,000/- ਰੁਪਏ, ਮਨਜੀਤ ਕੌਰ ਪਤਨੀ ਸ਼ਮਸ਼ੇਰ ਸਿੰਘ ਵਾਸੀ ਤਲਵੰਡੀ ਭਾਈ ਨੂੰ ਭਾਰੀ ਬਾਰਿਸ਼ ਅਤੇ ਹਨੇਰੀ ਆਉਣ ਕਰ ਕੇ ਹੌਏ ਨੁਕਸਾਨ ਲਈ 1,20,000/- ਰੁਪਏ ਅਤੇ ਭੋਲੀ ਪਤਨੀ ਮਨਜੀਤ ਸਿੰਘ ਵਾਸੀ ਤਲਵੰਡੀ ਭਾਈ ਨੂੰ ਵੀ ਭਾਰੀ ਬਾਰਿਸ਼ ਅਤੇ ਹਨੇਰੀ ਆਉਣ ਕਰ ਕੇ ਹੌਏ ਨੁਕਸਾਨ ਕਰ ਕੇ 1,20,000/- ਰੁਪਏ ਦੀ ਰਾਸ਼ੀ ਦੇ ਚੈੱਕ ਭੇਟ ਕੀਤੀ ਗਏ ਹਨ। 

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੜ੍ਹ ਤੇ ਬਰਸਾਤ ਕਾਰਨ ਹੋਏ ਨੁਕਸਾਨ ਦੀਆਂ ਗਿਰਦਾਵਰੀਆਂ ਕਰਵਾਈਆਂ ਜਾ ਰਹੀਆਂ ਅਤੇ ਇਹ ਕੰਮ ਮੁਕੰਮਲ ਹੋਣ ਤੇ ਹਰ ਯੋਗ ਪੀੜ੍ਹਤ ਨੂੰ ਮੁਆਵਜਾ ਦਿੱਤਾ ਜਾਵੇਗਾ।