5 Dariya News

ਦੇਵੀਗੜ੍ਹ ਵਿਖੇ ਅਤਿ ਆਧੁਨਿਕ ਨਵੇਂ ਬੱਸ ਅੱਡੇ ਦਾ ਨੀਂਹ ਪੱਥਰ ਰੱਖਿਆ

90 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਬੱਸ ਅੱਡੇ 'ਚ ਮਿਲਣਗੀਆਂ ਆਧੁਨਿਕ ਸਹੂਲਤਾਂ : ਹਰਮੀਤ ਸਿੰਘ ਪਠਾਣਮਾਜਰਾ

5 Dariya News

ਦੇਵੀਗੜ੍ਹ/ਪਟਿਆਲਾ 31-Jul-2023

ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਅੱਜ ਦੇਵੀਗੜ੍ਹ ਵਿਖੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਧਰਮਪਤਨੀ ਡਾ. ਗੁਰਪ੍ਰੀਤ ਕੌਰ ਦੀ ਮੌਜੂਦਗੀ ਵਿੱਚ 90 ਲੱਖ ਨਾਲ ਬਣਨ ਵਾਲੇ ਨਵੇਂ ਤੇ ਆਧੁਨਿਕ ਬੱਸ ਅੱਡੇ ਦਾ ਨੀਂਹ ਪੱਥਰ ਰੱਖਿਆ।  ਇਸ ਮੌਕੇ ਉਨ੍ਹਾਂ ਦੇ ਨਾਲ ਸਿਮਰਨਜੀਤ ਕੌਰ ਪਠਾਣਮਾਜਰਾ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਤੇ ਸੁਰਿੰਦਰ ਕੌਰ ਧੰਜੂ ਵੀ ਮੌਜੂਦ ਸਨ।

ਇਸ ਮੌਕੇ ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਬਿਨਾਂ ਨਵਾਂ ਬੱਸ ਅੱਡਾ ਪਾਸ ਕੀਤਿਆਂ ਪੁਰਾਣੇ ਬੱਸ ਅੱਡੇ ਨੂੰ ਢਾਹ ਦਿੱਤਾ ਗਿਆ ਸੀ, ਜਿਸ ਕਾਰਨ ਦੇਵੀਗੜ੍ਹ ਸਮੇਤ ਨੇੜਲੇ ਵਸਨੀਕਾਂ ਨੂੰ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿਥੇ ਸਬ ਡਵੀਜ਼ਨ ਦੁਧਨਸਾਧਾਂ ਦੀ ਬਿਲਡਿੰਗ ਲਈ 5 ਕਰੋੜ ਰੁਪਏ ਜਾਰੀ ਕੀਤੇ ਗਏ ਹਨ, ਉਥੇ ਹੀ 90 ਲੱਖ ਰੁਪਏ ਦੇਵੀਗੜ੍ਹ ਦੇ ਨਵੇਂ ਬਣਨ ਵਾਲੇ ਬੱਸ ਅੱਡੇ ਲਈ ਦਿੱਤੇ ਗਏ ਹਨ ਜਿਸ ਦੀ ਪਹਿਲੀ ਕਿਸ਼ਤ 33 ਲੱਖ ਰੁਪਏ ਜਾਰੀ ਵੀ ਕੀਤੀ ਜਾ ਚੁੱਕੀ ਹੈ।

ਉਨ੍ਹਾਂ ਕਿਹਾ ਕਿ ਆਉਣ ਵਾਲੇ ਤਿੰਨ ਮਹੀਨਿਆਂ ਵਿੱਚ ਦੇਵੀਗੜ੍ਹ ਦੀ ਨੁਹਾਰ ਬਿਲਕੁਲ ਬਦਲ ਜਾਵੇਗੀ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ਅਨੁਸਾਰ ਦੇਵੀਗੜ੍ਹ ਵਿੱਚ ਸੜ੍ਹਕਾਂ ਦੇ ਆਲੇ ਦੁਆਲੇ ਬਲਾਕ ਟਾਇਲਜ਼ ਸਮੇਤ ਕੈਮਰੇ, ਸਟਰੀਟ ਲਾਈਟਾਂ ਅਤੇ ਸਾਫ਼ ਸਫ਼ਾਈ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਵੇਂ ਬੱਸ ਅੱਡੇ ਵਿੱਚ ਸਵਾਰੀਆਂ ਲਈ ਲੋੜੀਦੀਆਂ ਸਾਰੀਆਂ ਸਹੂਲਤਾਂ ਮਿਲਣਗੀਆਂ।

ਇਸ ਮੌਕੇ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਰਾਜ ਦੇ ਸਰਬਪੱਖੀ ਵਿਕਾਸ ਲਈ ਲੋਕਾਂ ਤੱਕ ਸਰਗਰਮ ਪਹੁੰਚ ਬਣਾਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਆਏ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਲਈ ਮੁੱਖ ਮੰਤਰੀ ਬਹੁਤ ਗੰਭੀਰ ਹਨ ਤੇ ਸਰਕਾਰ ਵੱਲੋਂ ਗਿਰਦਾਵਰੀ ਦੇ ਆਦੇਸ਼ ਦੇ ਦਿੱਤੇ ਗਏ ਹਨ ਤੇ ਜਲਦੀ ਹੀ ਪੀੜਤਾਂ ਨੂੰ ਮੁਆਵਜ਼ਾ ਰਾਸ਼ੀ ਦਿੱਤੀ ਜਾਵੇਗੀ।

ਇਸ ਦੌਰਾਨ ਡਾ. ਗੁਰਪ੍ਰੀਤ ਕੌਰ ਨੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਤੇ ਐਸ.ਐਸ.ਪੀ. ਵਰੁਣ ਸ਼ਰਮਾ ਨਾਲ ਹੜ੍ਹਾਂ ਦੌਰਾਨ ਨੁਕਸਾਨੀ ਪਟਿਆਲਾ-ਪਿਹੋਵਾ ਸੜਕ, ਰੋਹੜ ਜਗੀਰ ਤੇ ਟਾਂਗਰੀ ਨਦੀਆਂ ਦਾ ਦੌਰਾ ਕੀਤਾ ਅਤੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਦੇ ਲੋਕਾਂ ਲਈ ਚਿੰਤਤ ਹਨ ਤੇ ਉਹ ਪੰਜਾਬ ਨੂੰ ਮੁੜ ਲੀਹਾਂ 'ਤੇ ਪਾਉਣ ਲਈ ਸਿਰਤੋੜ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹੜ੍ਹਾਂ ਨਾਲ ਨੁਕਸਾਨੀਆਂ ਸੜਕਾਂ ਦੀ ਜਲਦੀ ਹੀ ਮੁਰੰਮਤ ਕੀਤੀ ਜਾਵੇਗੀ।

ਇਸ ਮੌਕੇ ਡਾ. ਓਕਾਰ ਸਿੰਘ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਐਸ.ਐਸ.ਪੀ. ਵਰੁਣ ਸ਼ਰਮਾ, ਐਸ.ਪੀ ਸਰਫ਼ਰਾਜ਼ ਆਲਮ, ਐਸ.ਡੀ.ਐਮ. ਕ੍ਰਿਪਾਲਵੀਰ ਸਿੰਘ, ਗੁਰਮੀਤ ਸਿੰਘ ਬਿੱਟੂ, ਮਨਿੰਦਰ ਸਿੰਘ ਫਰਾਂਸਵਾਲਾ, ਗੁਰਬਚਨ ਸਿੰਘ ਵਿਰਕ, ਹਰਦੇਵ ਸਿੰਘ ਘੜਾਮ, ਬਲਜਿੰਦਰ ਸਿੰਘ ਨੰਦਗੜ੍ਹ, ਗੁਰਪ੍ਰੀਤ ਗੂਰੀ, ਸਿਮਰਜੀਤ ਸਿੰਘ ਸੋਹਲ, ਰਾਜਾ ਧੰਜੂ, ਗੋਰਵ ਬਬਾ ਸਮੇਤ ਵੱਡੀ ਗਿਣਤੀ ਇਲਾਕਾ ਨਿਵਾਸੀ ਮੌਜੂਦ ਸਨ।