5 Dariya News

ਆਈ.ਪੀ.ਐਸ ਡਾ. ਅਖਿਲ ਚੌਧਰੀ ਨੇ ਐਸ.ਐਸ.ਪੀ ਨਵਾਂਸ਼ਹਿਰ ਦਾ ਸੰਭਾਲਿਆ ਚਾਰਜ

ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦੇ ਜੱਦੀ ਪਿੰਡ ਖਟਕੜ ਕਲ੍ਹਾ ਵਿਖੇ ਉਨ੍ਹਾਂ ਦੇ ਬੁੱਤ ‘ਤੇ ਕੀਤੇ ਸ਼ਰਧਾ ਸੁਮਨ ਭੇਟ

5 Dariya News

ਨਵਾਂਸ਼ਹਿਰ 18-Jul-2023

ਡਾ. ਅਖਿਲ ਚੌਧਰੀ ਆਈ.ਪੀ.ਐਸ ਨੇ ਆਪਣੇ ਦਫ਼ਤਰ ਵਿਖੇ ਚਾਰਜ ਸੰਭਾਲਣ ਤੋਂ ਬਾਅਦ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦੇ ਜੱਦੀ ਪਿੰਡ ਖਟਕੜ ਕਲ੍ਹਾ ਵਿਖੇ ਉਨ੍ਹਾਂ ਦੇ ਬੁੱਤ ‘ਤੇ ਸ਼ਰਧਾ ਸੁਮਨ ਭੇਟ ਕੀਤੇ। ਉਨ੍ਹਾਂ ਨੇ 2008 ਵਿੱਚ ਰੋਹਤਕ (ਹਰਿਆਣਾ)ਤੋਂ ਐਮ.ਡੀ.ਯੂ ਤੋਂ ਐਮ.ਬੀ.ਬੀ.ਐਸ ਕਰਕੇ ਦਿੱਲੀ ਦੇ ਸਰਕਾਰੀ ਹਸਪਤਾਲਾਂ ਵਿੱਚ ਵੱਖ-ਵੱਖ ਵਿਭਾਗਾਂ (ਐਂਮਰਜੈਂਸੀ ਮੈਡੀਸਨ, ਪੀਡੀਆਟ੍ਰਿਕਸ, ਦਿਲ ਦੀ ਦੇਖ-ਭਾਲ ਆਦਿ) ਵਿੱਚ ਦੋ ਸਾਲ ਰੈਜੀਡੈਂਟਸ਼ਿਪ ਕੀਤੀ। 

ਉਹ 2012 ਵਿੱਚ ਏ.ਸੀ.ਪੀ (ਸਹਾਇਕ ਪੁਲਿਸ ਸੁਪਰਡੰਟ, ਪੰਜਾਬ ਕਾਡਰ) ਵਜੋਂ ਭਾਰਤੀ ਪੁਲਿਸ ਸੇਵਾ ਵਿਖੇ ਸ਼ਾਮਿਲ ਹੋਏ। ਇਸ ਤੋਂ ਬਾਅਦ ਉਹ ਵੱਖ-ਵੱਖ ਅਹੁੱਦਿਆਂ ‘ਤੇ ਤਾਇਨਾਤ ਰਹੇ।    

ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਹਿਲ ਅਮਨ-ਕਾਨੂੰਨ ਨੂੰ ਕਾਇਮ ਰੱਖਣਾ ਹੈ ਅਤੇ ਜ਼ਿਲ੍ਹੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਗੈਰ-ਕਾਨੂੰਨੀ ਕੰਮ ਨੂੰ ਸਖ਼ਤੀ ਦੇ ਨਾਲ ਨਿਪਟਾਉਣਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਨਸ਼ਾ ਜਾਂ ਤਸਕਰੀ ‘ਤੇ ਜ਼ੀਰੋ ਟੋਲਰੈਂਸ ਦੀ ਨੀਤੀ ‘ਤੇ ਕੰਮ ਕਰਦੇ ਹੋਏ ਨਸ਼ਾ ਖੋਰੀ ਖਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। 

ਉਨ੍ਹਾਂ ਕਿਹਾ ਕਿ ਉਹ ਅਧਿਕਾਰੀ ਤੇ ਕਰਮਚਾਰੀਆਂ ਨਾਲ ਇਕ ਟੀਮ ਵਾਂਗ ਕੰਮ ਕਰਨਗੇ ਅਤੇ ਉਨ੍ਹਾਂ ਦੀ ਮੁੱਖ ਤਰਜ਼ੀਹ ਮੁਢਲੀ ਅਤੇ ਪ੍ਰੋਐਕਟਿਵ ਪੋਲਿਸਿੰਗ, ਜ਼ੁਰਮਾਂ ਦੀ ਰੋਕਥਾਮ, ਐਂਟੀ ਡਰੱਗ ਫਰੰਟ ‘ਤੇ ਕਾਰਵਾਈ, ਪੁਲਿਸ ਪਬਲਿਕ ਸਾਂਝ ਤੇ ਆਪਸੀ ਵਿਸ਼ਵਾਸ਼ ਵਧਾਉਣਾ, ਔਰਤਾਂ ਦੀ ਸੁਰੱਖਿਆ, ਹਾਈਵੇ ਸਕਿਉਰਟੀ ਅਤੇ ਰਾਤ ਸਮੇਂ ਪਬਲਿਕ ਸੁਰੱਖਿਆ ਵਧਾਉਣਾ ਰਹੇਗਾ।

ਇਸ ਤੋਂ ਪਹਿਲਾਂ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨਵਾਂਸ਼ਹਿਰ ਵਿਖੇ ਜ਼ਿਲ੍ਹਾ ਪੁਲਿਸ ਦਫ਼ਤਰ ਵਿਖੇ ਪਹੁੰਚਣ 'ਤੇ ਪੰਜਾਬ ਪੁਲਿਸ ਵਲੋਂ ਗਾਰਡ ਆਫ਼ ਆਨਰ ਦਿੱਤਾ ਗਿਆ । ਇਸ ਮੌਕੇ ‘ਤੇ ਐਸ.ਪੀ. ਐਡਕੁਆਰਟਰ ਗੁਰਮੀਤ ਕੌਰ, ਐਸ.ਪੀ.ਡੀ. ਡਾ. ਮੁਕੇਸ਼ ਕੁਮਾਰ, ਡੀ.ਐਸ.ਪੀ ਸੁਰਿੰਦਰ ਚੰਦ, ਡੀ.ਐਸ.ਪੀ. ਲਖਵੀਰ ਸਿੰਘ ਤੋਂ ਇਲਾਵਾ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਵੀ ਹਾਜ਼ਰ ਸਨ।