5 Dariya News

ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ 13 ਕੈਡਿਟ ਐਨ.ਡੀ.ਏ. ਅਤੇ ਆਈ.ਐਮ.ਏ. ਵਿੱਚ ਹੋਏ ਸ਼ਾਮਲ

ਕੈਡਿਟ ਮਨਪ੍ਰੀਤ ਸਿੰਘ ਟੈਕਨੀਕਲ ਐਂਟਰੀ ਸਕੀਮ ਦੇ ਸਿਖ਼ਰਲੇ 20 ਉਮੀਦਵਾਰਾਂ ਵਿੱਚ ਸ਼ਾਮਲ

5 Dariya News

ਚੰਡੀਗੜ੍ਹ 15-Jul-2023

ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਏ.ਐਫ.ਪੀ.ਆਈ.), ਐਸ.ਏ.ਐਸ.ਨਗਰ (ਮੋਹਾਲੀ) ਦੇ 13 ਕੈਡਿਟ ਪਿਛਲੇ ਮਹੀਨੇ ਇੰਡੀਅਨ ਮਿਲਟਰੀ ਅਕੈਡਮੀ (ਆਈ.ਐਮ.ਏ.), ਨੈਸ਼ਨਲ ਡਿਫੈਂਸ ਅਕੈਡਮੀ (ਐਨ.ਡੀ.ਏ.) ਅਤੇ ਤਕਨੀਕੀ ਦਾਖ਼ਲਾ ਸਕੀਮ (ਟੀ.ਈ.ਐਸ.) ਵਰਗੀਆਂ ਵੱਕਾਰੀ ਰੱਖਿਆ ਅਕੈਡਮੀਆਂ ਵਿੱਚ ਸ਼ਾਮਲ ਹੋਏ ਹਨ। ਕੈਡਿਟ ਮਨਪ੍ਰੀਤ ਸਿੰਘ ਟੀ.ਈ.ਐਸ. ਐਂਟਰੀ ਲਈ ਚੁਣੇ ਗਏ ਚੋਟੀ ਦੇ 20 ਉਮੀਦਵਾਰਾਂ ਵਿੱਚ ਸ਼ਾਮਲ ਹੈ। ਇਨ੍ਹਾਂ ਕੈਡਿਟਾਂ ਨੂੰ ਵਧਾਈ ਦਿੰਦਿਆਂ ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਇਨ੍ਹਾਂ 13 ਕੈਡਿਟਾਂ ਦੇ ਚੁਣੇ ਜਾਣ ਨਾਲ ਇਸ ਇੰਸਟੀਚਿਊਟ ਦੇ ਹੁਣ ਤੱਕ ਕੁੱਲ 216 ਕੈਡਿਟ ਵੱਖ-ਵੱਖ ਸਰਵਿਸ ਟਰੇਨਿੰਗ ਅਕੈਡਮੀਆਂ ਵਿੱਚ ਸ਼ਾਮਲ ਹੋ ਚੁੱਕੇ ਹਨ। ਇਸ ਸੰਸਥਾ ਦੇ 141 ਸਾਬਕਾ ਕੈਡਿਟਾਂ ਭਾਰਤ ਦੇ ਰੱਖਿਆ ਸੇਵਾਵਾਂ ਵਿੱਚ ਬਤੌਰ ਕਮਿਸ਼ਨਡ ਅਫ਼ਸਰ ਨਿਯੁਕਤ ਹੋਏ ਹਨ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਰੱਖਿਆ ਸੇਵਾਵਾਂ ਵਿੱਚ ਜਾਣ ਦੇ ਇਛੁੱਕ ਪੰਜਾਬ ਦੇ ਧੀਆਂ- ਪੁੱਤਰਾਂ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਹ ਸੂਬੇ ਲਈ ਵੱਡੇ ਮਾਣ ਵਾਲੀ ਗੱਲ ਹੈ ਕਿ 52 ਫ਼ੀਸਦੀ ਦੀ ਚੋਣ ਦਰ ਨਾਲ ਇਹ ਸੰਸਥਾ ਦੇਸ਼ ਵਿੱਚ ਆਪਣੀ ਕਿਸਮ ਦੀ ਸਭ ਤੋਂ ਸਫ਼ਲ ਸੰਸਥਾ ਹੈ। 

ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਇਹ ਕੈਡਿਟ ਦੇਸ਼ ਦਾ ਮਾਣ ਸਾਬਿਤ ਹੋਣਗੇ। ਮਹਾਰਾਜਾ ਰਣਜੀਤ ਸਿੰਘ ਏ.ਐਫ.ਪੀ.ਆਈ. ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐਚ. ਚੌਹਾਨ (ਸੇਵਾਮੁਕਤ) ਨੇ ਕੈਡਿਟਾਂ ਨੂੰ ਡਿਊਟੀ ਪ੍ਰਤੀ ਸਮਰਪਣ ਅਤੇ ਪੰਜਾਬ ਦੇ ਸਪੂਤ ਅਤੇ ਦੇਸ਼ ਦੇ ਸੱਚੇ ਸਿਪਾਹੀ ਬਣਨ ਲਈ ਪ੍ਰੇਰਿਤ ਕੀਤਾ।