5 Dariya News

ਓ.ਆਰ.ਐਸ.ਅਤੇ ਜਿੰਕ ਹੈ ਦਸਤ ਰੋਗ ਦਾ ਸਹੀ ਇਲਾਜ : ਸਿਵਲ ਸਰਜਨ ਡਾ : ਰਾਜਿੰਦਰ ਪਾਲ

ਜ਼ਿਲ੍ਹੇ ਅੰਦਰ ਹੋਈ ਦਸਤ ਰੋਕੂ ਪੰਦਰਵਾੜੇ ਦੀ ਸ਼ੁਰੂਆਤ

5 Dariya News

ਫਿਰੋਜ਼ਪੁਰ 05-Jul-2023

ਦਸਤ ਰੋਗ ਜਾਨਲੇਵਾ ਹੋ ਸਕਦਾ ਹੈ ਇਸ ਨੂੰ ਨਜ਼ਰਅੰਦਾਜ਼ ਨਹੀ ਕਰਨਾ ਚਾਹੀਦਾ,ਇਹ ਬਾਲ ਮੌਤਾਂ ਦੇ ਪ੍ਰਮੁਖ ਕਾਰਨਾਂ ਵਿੱਚੋਂ ਇੱਕ ਹੈ ਅਤੇ ਇਸ ਦਾ ਸਹੀ ਇਲਾਜ਼ ਓ.ਆਰ.ਐਸ ਦਾ ਘੋਲ ਅਤੇ ਜ਼ਿੰਕ ਦੀਆਂ ਗੋਲੀਆਂ ਹਨ।ਇਸ ਨਾਲ ਬੱਚੇ ਵਿੱਚ ਊਰਜਾ ਅਤੇ ਤਾਕਤ ਮੁੜ ਬਣੀ ਰਹਿੰਦੀ ਹੈ।ਇਹ ਪ੍ਰਗਟਾਵਾ ਫਿਰੋਜ਼ਪੁਰ ਦੇ ਸਿਵਲ ਸਰਜਨ ਡਾ : ਰਾਜਿੰਦਰ ਪਾਲ ਨੇ ਜ਼ਿਲੇ ਅੰਦਰ ਇੰਟੈਸੀਫਾਇਡ ਡਾਇਰੀਆ ਕੰਟਰੋਲ ਪੰਦਰਵਾੜੇ ਦੀ ਸ਼ੁਰੂਆਤ ਮੌਕੇ ਇੱਕ ਸਿਹਤ ਜਾਗਰੂਕਤਾ ਸੁਨੇਹਾ ਜਾਰੀ ਕਰਨ ਮੌਕੇ ਕੀਤਾ।

ਸਿਵਲ ਸਰਜਨ ਡਾ. ਰਾਜਿੰਦਰ ਪਾਲ ਨੇ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ ਸਮੂਹ ਸਿਹਤ ਸੰਸਥਾਵਾਂ ਵਿਖੇ ਓ.ਆਰ.ਐਸ ਅਤੇ ਜ਼ਿੰਕ ਕੌਰਨਰ ਸਥਾਪਿਤ ਕੀਤੇ ਗਏ ਹਨ। ਇਸ ਸਮੇਂ ਦੌਰਾਨ ਸਿਹਤ ਕਰਮਚਾਰੀਆਂ ਅਤੇ ਆਸ਼ਾ ਕਾਰਜਕਰਤਾਵਾਂ ਵੱਲੋਂ ਆਮ ਲੋਕਾਂ ਨੂੰ ਦਸਤ ਰੋਗਾਂ ਤੋਂ ਬਚਾਅ, ਹੱਥਾਂ ਦੀ ਅਤੇ ਆਮ ਸਾਫ ਸਫਾਈ ਬਾਰੇ ਜਾਗਰੂਕ ਕੀਤਾ ਜਾਵੇਗਾ। ਲੋਕਾਂ ਨੂੰ ਸਾਫ ਸੁਥਰੇ ਅਤੇ ਤਾਜ਼ੇ ਭੋਜਨ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਜਾਵੇਗਾ। 

ਦਸਤ ਰੋਗ ਦੀ ਪਛਾਣ ਸਬੰਧੀ ਜ਼ਿਕਰ ਕਰਦਿਆਂ ਉਨਾਂ ਕਿਹਾ ਕਿ ਜੇਕਰ ਬੱਚਾ ਦੋ ਮਹੀਨੇ ਤੋਂ ਛੋਟਾ ਹੈ ਅਤੇ ਪਤਲਾ ਪਾਖਾਣਾ ਕਰ ਰਿਹਾ ਹੈ,ਜੇਕਰ ਬੱਚਾ ਦੋ ਮਹੀਨੇ ਤੋਂ ਪੰਜ ਸਾਲ ਤੱਕ ਦਾ ਹੈ ਅਤੇ 24 ਘੰਟੇ ਵਿੱਚ 3 ਜਾਂ ਇਸ ਤੋਂ ਵੱਧ ਵਾਰ ਪਤਲਾ/ਪਾਣੀ ਵਰਗਾ ਪਾਖਾਣਾ ਕਰਦਾ ਹੈ ਤਾਂ ਇਹਨਾਂ ਸਥਿਤੀਆਂ ਨੂੰ ਦਸਤ ਰੋਗ ਕਿਹਾ ਜਾਂਦਾ ਹੈ।ਅਜਿਹੀ ਸਥਿਤੀ ਵਿੱਚ ਨੇੜੇ ਦੇ ਸਿਹਤ ਕਰਮਚਾਰੀ/ਆਸ਼ਾ ਨਾਲ ਸੰਪਰਕ ਕਰਕੇ ਓ.ਆਰ.ਐਸ ਅਤੇ ਜ਼ਿੰਕ ਦੀਆਂ ਗੋਲੀਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। 

ਜੇਕਰ ਬੱਚੇ ਨੂੰ ਬੁਖਾਰ ਹੈ,ਜੇ ਟੱਟੀ ਵਿੱਚ ਖੂਣ ਆ ਰਿਹਾ ਹੋਵੇ,ਜੇ ਬੱਚਾ ਪਾਣੀ ਜਾਂ ਮਾਂ ਦਾ ਦੁੱਧ ਨਾ ਪੀ ਸਕਦਾ ਹੋਵੇ ਅਤੇ ਬਾਹਰ ਕੱਢ ਦਿੰਦਾ ਹੋਵੇ, ਜੇ 8 ਘੰਟੇ ਤੱਕ ਪੇਸ਼ਾਬ ਨਾ ਕਰ ਸਕੇ ਅਤੇ ਇੱਕ ਘੰਟੇ ਵਿੱਚ ਕਈ ਵਾਰ ਪਾਖਾਣਾ ਕਰਦਾ ਹੋਵੇ ਤਾਂ ਇਹਨਾਂ ਸਥਿਤੀਆਂ ਵਿੱਚ ਬੱਚੇ ਨੇੜੇ ਦੇ ਹਸਪਤਾਲ ਵਿੱਚ ਲੈਕੇ ਜਾਣਾ ਬਹੁਤ ਜਰੂਰੀ ਹੋ ਜਾਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦਸਤ ਰੋਗਾਂ ਤੋਂ ਬਚਾਅ ਲਈ ਖਾਣਾ ਬਨਾਉਣ ਤੋਂ ਪਹਿਲਾਂ, ਖਾਣਾ ਖਾਣ ਤੋਂ ਪਹਿਲਾਂ ਅਤੇ ਪਾਖਾਣਾ ਜਾਣ ਤੋਂ ਬਾਅਦ ਸਾਬਣ ਨਾਲ ਸਹੀ ਤਰੀਕੇ ਨਾਲ ਹੱਥਾਂ ਨੂੰ ਸਾਫ ਕਰਨਾ ਬਹੁਤ ਅਹਿਮ ਹੈ।

ਇਸ ਮੌਕੇ ਸਹਾਇਕ ਸਿਵਲ ਸਰਜਨ ਡਾ:ਸੁਸ਼ਮਾਂ ਠੱਕਰ, ਜ਼ਿਲਾ ਟੀਕਾਕਰਨ ਅਧਿਕਾਰੀ ਡਾ:ਮੀਨਾਕਸ਼ੀ ਅਬਰੋਲ, ਜ਼ਿਲਾ ਐਪੀਡੀਮਾਲੋਜਿਸਟ ਡਾ:ਸ਼ਮਿੰਦਰਪਾਲ ਕੌਰ, ਮਾਸ ਮੀਡੀਆ ਅਫਸਰ ਰੰਜੀਵ, ਸਟੈਨੋ ਵਿਕਾਸ ਕਾਲੜਾ, ਸੀਨੀਅਰ ਸਹਾਇਕ ਵਿਪਿਨ ਸ਼ਰਮਾਂ, ਜ਼ਿਲਾ ਪ੍ਰੋਗਰਾਮ ਮੈਨੇਜਰ ਹਰੀਸ਼ ਕਟਾਰੀਆ, ਜ਼ਿਲਾ ਮਾਨੀਟਰਿੰਗ ਅਤੇ ਈਵੈਲੁਏਸ਼ਨ ਅਫਸਰ ਦੀਪਕ ਅਤੇ ਡਾਟਾ ਮੈਨੇਜਰ ਪੂਜਾ ਆਦਿ ਹਾਜ਼ਿਰ ਸਨ।