5 Dariya News

ਵਿਦੇਸ਼ਾਂ ਵਿਚ ਔਰਤਾਂ ਦੇ ਸ਼ੋਸ਼ਣ ਨੂੰ ਰੋਕਣ ਲਈ ਜਲਦ ਲਾਗੂ ਹੋਵੇਗੀ ਨੀਤੀ : ਡਾ. ਬਲਜੀਤ ਕੌਰ

ਨੀਤੀ ਨਿਰਮਾਣ ਲਈ ਪੀੜ੍ਹਤਾਂ ਤੇ ਹੋਰਨਾਂ ਧਿਰਾਂ ਨਾਲ ਲੰਬੀ ਵਿਚਾਰ ਚਰਚਾ

5 Dariya News

ਚੰਡੀਗੜ੍ਹ/ ਜਲੰਧਰ 11-Jun-2023

ਪੰਜਾਬ ਸਰਕਾਰ ਵਲੋਂ ਵਿਦੇਸ਼ਾਂ ਵਿਚ ਬਿਹਤਰ ਜ਼ਿੰਦਗੀ ਦੀ ਦੌੜ ਵਿਚ ਸੂਬੇ ਦੀਆਂ ਔਰਤਾਂ ਦੇ ਸ਼ੋਸ਼ਣ ਨੂੰ ਰੋਕਣ ਸਬੰਧੀ ਨੀਤੀ ਨਿਰਮਾਣ ਵਾਸਤੇ ਅੱਜ ਆਪਣੀ ਤਰ੍ਹਾਂ ਦੀ ਪਹਿਲੀ ਵਿਚਾਰ ਚਰਚਾ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਮੰਤਰੀ ਡਾ. ਬਲਜੀਤ ਕੌਰ ਦੀ ਅਗਵਾਈ ਹੇਠ ਜਲੰਧਰ ਵਿਖੇ ਹੋਈ।

ਜਲੰਧਰ ਦੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ ਵਿਚਾਰ ਚਰਚਾ ਦੌਰਾਨ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਬਲਕਾਰ ਸਿੰਘ , ਵਿਧਾਇਕਾ ਇੰਦਰਜੀਤ ਕੌਰ ਮਾਨ, ਡਿਪਟੀ ਕਮਿਸ਼ਨਰ ਦੀਪ ਸ਼ਿਖਾ ਸ਼ਰਮਾ , , ਪੰਜਾਬ ਕੰਟੇਨਰ ਤੇ ਵੇਅਰ ਹਾਊਸ ਕਾਰਪੋਰੇਸ਼ਨ ਦੇ ਚੇਅਰਮੈਨ ਰਾਜਵਿੰਦਰ ਕੌਰ ਥਿਆੜਾ ਤੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿੱਚੋਂ ਵੱਡੀ ਗਿਣਤੀ ਵਿੱਚ ਔਰਤਾਂ ਨੇ ਸ਼ਿਰਕਤ ਕਰਕੇ ਉਨ੍ਹਾਂ ਨਾਲ ਹੋਏ ਦੁਖਾਂਤ ਬਾਰੇ ਕੈਬਨਿਟ ਮੰਤਰੀ ਨੂੰ ਜਾਣੂੰ ਕਰਵਾਇਆ।

ਕੈਬਨਿਟ ਮੰਤਰੀ ਨੇ ਉਨ੍ਹਾਂ ਦਾ ਦੁੱਖ ਵੰਡਾਇਆ ਤੇ ਯਕੀਨ ਦਿਵਾਇਆ ਕਿ ਭਵਿੱਖ ਵਿਚ ਅਜਿਹੀਆਂ ਧੋਖਾਧੜੀਆਂ ਨੂੰ ਰੋਕਣ ਲਈ ਪੰਜਾਬ ਸਰਕਾਰ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਹੇਠ ਯਤਨਸ਼ੀਲ ਹੈ।  ਵਿਚਾਰ ਚਰਚਾ ਦੌਰਾਨ ਕੁਝ ਔਰਤਾਂ ਵਲੋਂ ਦੱਸਿਆ ਗਿਆ ਕਿ ਏਜੰਟਾਂ ਵੱਲੋਂ ਉਨ੍ਹਾਂ ਨੂੰ ਨੌਕਰੀ ਦਾ ਝਾਂਸਾ ਦੇ ਕੇ ਖੁਸ਼ਹਾਲ ਜ਼ਿੰਦਗੀ ਦੇ ਸੁਪਨਾ ਦਿਖਾਇਆ ਤੇ ਬਾਹਰਲੇ ਦੇਸ਼ ਵਿਚ ਭੇਜ ਦਿੱਤਾ ਗਿਆ ਜਿਥੇ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਸ਼ੋਸ਼ਣ ਦਾ ਸ਼ਿਕਾਰ ਹੋਣਾ ਪਿਆ।

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਦੀਆ ਔਰਤਾਂ ਨਾਲ ਹੋ ਰਹੀਆਂ ਅਜਿਹੀਆਂ ਮੰਦਭਾਗੀ ਸ਼ੋਸ਼ਣ ਵਾਲਿਆਂ ਘਟਨਾਵਾਂ ਅਤੇ ਮਾੜੇ ਵਤੀਰੇ ਨੂੰ ਸੂਬਾ ਸਰਕਾਰ ਵੱਲੋਂ ਕਿਸੇ ਵੀ ਕੀਮਤ ’ਤੇ ਸਹਿਣ ਨਹੀਂ ਕੀਤਾ ਜਾਵੇਗਾ ਅਤੇ ਇਸ ਨੂੰ ਰੋਕਣ ਲਈ ਸਖਤ ਕਾਨੂੰਨੀ ਤਰਮੀਮਾਂ ਵੀ ਕੀਤੀਆਂ ਜਾਣਗੀਆਂ। ਉਨਾਂ ਕਿਹਾ ਕਿ ਵਿਚਾਰ ਵਟਾਂਦਰੇ ਦੌਰਾਨ ਸਭ ਤੋਂ ਵੱਡੀ ਸਮੱਸਿਆ ਏਜੰਟਾਂ ਰਾਹੀਂ ਕੀਤੀ ਜਾਂਦੀ ਧੋਖਾਧੜੀ ਦੀ ਸਾਹਮਣੇ ਆਈ ਹੈ, ਜਿਸਨੂੰ ਪੰਜਾਬ ਸਰਕਾਰ ਵੱਲੋਂ ਅਣਅਧਿਕਾਰਤ ਏਜੰਟਾਂ ਨੂੰ ਨੱਥ ਪਾ ਤੇ ਦੂਰ ਕੀਤਾ ਜਾਵੇਗਾ । 

ਉਨ੍ਹਾਂ ਔਰਤਾਂ ਦੇ ਸ਼ਸ਼ਕਤੀਕਰਨ ਦੀ ਗੱਲ ’ਤੇ ਖਾਸ ਜ਼ੋਰ ਦਿੰਦਿਆਂ ਕਿਹਾ ਕਿ ਪੰਜਾਬ ਅੰਦਰ ਚਲ ਰਹੇ  ‘ਸਖੀ ਵਨ ਸਟਾਪ ਸੈਂਟਰ’ ਸਕੀਮ ਰਾਹੀਂ ਔਰਤਾਂ ਨੂੰ ਵੱਧ ਤੋਂ ਵੱਧ ਲਾਭ  ਪੁਹੰਚਾਉਣ ਲਈ ਯਤਨ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਜਿਹੜੇ ਜ਼ਿਲਿਆਂ ਵਿਚ ਸਖੀ ਵਨ ਸਟਾਪ ਸੈਟਰ ਖੁੱਲ ਚੁਕੇ ਹਨ  ਉੱਥੇ ਸ਼ੋਸ਼ਣ ਜਾ ਹਿੰਸਾ ਪੀੜ੍ਹਤ ਔਰਤਾਂ ਸਖੀ ਵਨ ਸਟਾਪ ਸੈਂਟਰ ਨਾਲ ਸੰਪਰਕ ਕਰਕੇ ਤੁਰੰਤ ਮੁਫ਼ਤ ਸਹਾਇਤਾ ਲੈ ਸਕਦੀਆਂ ਹਨ। 

ਕੈਬਨਿਟ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਔਰਤਾਂ ਦੀ ਭਲਾਈ ਅਤੇ ਸੁਰੱਖਿਆ ਲਈ ਵਚਨਬੱਧ ਹੈ ਇਸ ਮੰਤਵ ਲਈ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਅਧੀਨ ਵੱਖ ਵੱਖ ਸਕੀਮ ਲਾਗੂ ਕੀਤੀ ਜਾ ਰਹੀਆਂ ਹਨ ਅਤੇ ਹੋਰ ਨਵੀਂ ਸਕੀਮਾਂ ਲਾਗੂ ਕਰਨ ਲਈ ਵਿਓਤਬੰਧੀ ਕੀਤੀ ਜਾ ਰਹੀ ਹੈ। ਇਸ ਮੌਕੇ ਕੈਬਨਿਟ ਮੰਤਰੀ ਸ. ਬਲਕਾਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਲੰਧਰ ਵਿਖੇ ਪਹਿਲੇ ਵਰਕਿੰਗ ਵੂਮੈਨ ਹੋਸਟਲ ਦੀ ਉਸਾਰੀ ਤੇ ਨੀਤੀ ਨਿਰਮਾਣ ਲਈ ਖੁੱਲੀ ਵਿਚਾਰ ਚਰਚਾ ਬਹੁਤ ਸਾਰਥਿਕ ਕਦਮ ਹੈ ।

ਉਨਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਅਗਵਾਈ ਹੇਠ ਲੋਕਾਂ ਦੇ ਵਿਚਾਰਾਂ ਨੂੰ ਪਾਲਿਸੀ ਨਿਰਧਾਰਿਤ ਕਰਨ ਵਿੱਚ ਸਥਾਨ ਦੇ ਕੇ ਲੋਕਾਂ ਨੂੰ ਸ਼ਕਤੀ ਦਿੱਤੀ ਜਾ ਰਹੀ ਹੈ। ਇਸ ਮੌਕੇ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਵਿਸ਼ੇਸ਼ ਸਕੱਤਰ ਵਿੰਮੀ ਭੁੱਲਰ , ਪੁਲਿਸ ਤੇ ਸਿਵਲ ਦੇ ਅਧਿਕਾਰੀ , ਗੈਰ ਸਰਕਾਰੀ ਸੰਗਠਨਾਂ ਦੇ ਨੁਮਾਇੰਦੇ , ਵਿਸ਼ਾ ਮਾਹਿਰ ਤੇ ਹੋਰ ਹਾਜ਼ਰ ਸਨ।