5 Dariya News

ਬਿਮਾਰੀਆਂ ਤੋਂ ਬਚਾਅ ਲਈ ਸਾਈਕਲਿੰਗ ਜ਼ਰੂਰੀ

ਹੈਲਥ ਐਂਡ ਵੈਲਨੈਸ ਸੈਂਟਰ ਪਿੰਡ ਲੰਗ ’ਚ ਮਨਾਇਆ ਗਿਆ ਵਿਸ਼ਵ ਸਾਈਕਲ ਦਿਵਸ

5 Dariya News

ਪਟਿਆਲਾ 03-Jun-2023

ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਤੋਂ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਠੀਕ ਰੱਖਣ ਲਈ ਹੈਲਥ ਐਂਡ ਵੈਲਨੈਸ ਸੈਂਟਰਾਂ ਵਿੱਚ ਵਿਸ਼ਵ ਸਾਈਕਲ ਦਿਵਸ ਮਨਾਉਣ ਦੇ ਮਿਲੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਹੈਲਥ ਐਂਡ ਵੈਲਨੈਸ ਕੇਂਦਰ ਪਿੰਡ ਲੰਗ ਵਿੱਚ ਵਿਸ਼ਵ ਸਾਈਕਲ ਦਿਵਸ ਦਾ ਆਯੋਜਨ ਕੀਤਾ ਗਿਆ, ਜਿੱਥੋਂ ਕਿ ਸਿਵਲ ਸਰਜਨ ਡਾ. ਰਮਿੰਦਰ ਕੌਰ ਵੱਲੋਂ ਜਨ ਜਨ ਵਿੱਚ ਸਾਈਕਲ ਚਲਾਉਣ ਦਾ ਸੰਦੇਸ਼ ਦੇਣ ਲਈ ਸਾਈਕਲ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

ਇਸ ਮੌਕੇ ਉਹਨਾਂ ਨਾਲ ਸੀਨੀਅਰ ਮੈਡੀਕਲ ਅਫ਼ਸਰ ਪੀ.ਐਚ.ਸੀ ਕੌਲੀ ਡਾ. ਗੁਰਪ੍ਰੀਤ ਸਿੰਘ ਨਾਗਰਾ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਕ੍ਰਿਸ਼ਨ ਕੁਮਾਰ, ਮੈਡੀਕਲ ਅਫ਼ਸਰ  ਡਾ. ਮਿੰਨੀ ਸਿੰਗਲਾ, ਪਿੰਡ ਦੇ ਸਰਪੰਚ ਗੁਰਮੀਤ ਸਿੰਘ, ਵਾਇਸ ਚੇਅਰਮੈਨ ਕੋਆਪਰੇਟਿਵ ਸ. ਮੇਵਾ ਸਿੰਘ, ਫਾਰਮਾਸਿਸਟ ਮੀਨਾਕਸ਼ੀ, ਸੀ.ਐਚ.ਓ ਹਨੀ ਕੁਮਾਰ, ਏ.ਐਨ.ਐਮ. ਜਸਬੀਰ, ਆਸ਼ਾ ਫੈਸੀਲੀਟੇਟਰ, ਆਸ਼ਾ ਅਤੇ ਪਿੰਡ ਦੇ ਪਤਵੰਤੇ ਸੱਜਣ ਵੀ ਹਾਜ਼ਰ ਸਨ। 

ਇਕੱਠ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਰਮਿੰਦਰ ਕੌਰ ਨੇ ਕਿਹਾ ਕਿ ਇਸ ਦਿਵਸ ਨੂੰ ਮਨਾਉਣ ਦਾ ਮੁੱਖ ਮਕਸਦ ਸਮਾਜ ਦੇ ਸਾਰੇ ਲੋਕਾਂ ਨੂੰ ਸਾਈਕਲ ਚਲਾਉਣ ਸਬੰਧੀ ਉਤਸ਼ਾਹਤ ਕਰਨਾ ਹੈ ਤਾਂ ਜੋ ਸਮਾਜ ਦੇ ਲੋਕ ਬਿਮਾਰੀਆਂ ਤੋਂ ਦੂਰ ਰਹਿ ਕੇ ਸਿਹਤਮੰਦ ਜੀਵਨ ਜੀਅ ਸਕਣ ਅਤੇ ਸਿੱਖਿਆ ਅਤੇ ਸਮਾਜ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾ ਸਕਣ। 

ਉਹਨਾਂ ਕਿਹਾ ਕਿ ਸਾਈਕਲ ਚਲਾਉਣ ਨਾਲ ਗੈਰ ਸੰਚਾਰੀ ਬਿਮਾਰੀਆਂ ਜਿਵੇਂ ਉੱਚ ਰਕਤਚਾਪ, ਕੈਂਸਰ, ਸ਼ੂਗਰ, ਕਾਰਡੀਓਵਾਸਕੁਲਰ ਡਜੀਜ ਆਦਿ ਹੋਣ ਦਾ ਖਤਰਾ ਵੀ ਘੱਟ ਹੁੰਦਾ ਹੈ ਅਤੇ ਮਾਨਸਿਕ ਸਿਹਤ ਵੀ ਠੀਕ ਰਹਿੰਦੀ ਹੈ। ਵਾਤਾਵਰਣ ਵੀ ਪ੍ਰਦੂਸ਼ਿਤ ਹੋਣ ਤੋਂ ਬਚਦਾ ਹੈ।  ਉਹਨਾਂ ਦੱਸਿਆ ਕਿ ਦੇਸ਼ ਚ 63 ਫ਼ੀਸਦੀ ਮੌਤਾਂ ਗੈਰ ਸੰਚਾਰੀ ਬਿਮਾਰੀਆਂ ਜਿਵੇਂ ਸ਼ੂਗਰ, ਕੈਂਸਰ, ਦਿਲ ਦੀਆਂ ਬਿਮਾਰੀਆਂ, ਸਾਹ ਨਾਲ ਹੋਣ ਵਾਲੀਆਂ ਆਦਿ ਨਾਲ ਹੁੰਦੀਆਂ ਹਨ। 

ਉਹਨਾਂ ਕਿਹਾ ਕਿ ਜੀਵਨ ਸ਼ੈਲੀ ਵਿੱਚ ਬਦਲਾਅ ਲਿਆ ਕੇ ਕਾਫ਼ੀ ਹੱਦ ਤੱਕ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਇਸ ਮੌਕੇ ਬੱਚਿਆਂ  ਦੇ ਪੇਂਟਿੰਗ ਮੁਕਾਬਲੇ ਵੀ ਕਰਵਾਏ ਅਤੇ ਵਧੀਆਂ ਪੇਂਟਿੰਗ ਬਣਾਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ।