5 Dariya News

ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਚੱਕ ਸਰਕਾਰ ਦੋਨਾ ਜੈਮਲ ਸਿੰਘ ਵਾਲਾ ਵਿਖੇ ਬਣਨ ਵਾਲੀ ਚੇਨਲਿੰਕ ਫੈਂਸਿੰਗ ਦਾ ਰੱਖਿਆ ਨੀਂਹ ਪੱਥਰ

ਕਿਹਾ, ਫੈਸਿੰਗ ਦੇ ਲੱਗਣ ਨਾਲ ਜੰਗਲੀ ਜਾਨਵਰਾਂ ਨਾਲ ਹੋਣ ਵਾਲੇ ਨੁਕਸਾਨ ਤੋਂ ਮਿਲੇਗੀ ਰਾਹਤ

5 Dariya News

ਮਮਦੋਟ/ਫਿਰੋਜ਼ਪੁਰ 25-May-2023

ਵਣ ਅਤੇ ਜੰਗਲੀ ਜੀਵ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਫਿਰੋਜ਼ਪੁਰ ਰੇਂਜ ਅਧੀਨ ਚੱਕ ਸਰਕਾਰ ਦੋਨਾ ਜੈਮਲ ਸਿੰਘ ਵਾਲਾ ਵਿਖੇ ਕਰੀਬ 80 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਜਾਣ ਵਾਲੀ ਰਨਿੰਗ ਮੀਟਿਰ ਚੇਨਲਿੰਕ ਫੈਸਿੰਗ  ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਫਿਰੋਜ਼ਪੁਰ ਦਿਹਾਤੀ ਰਜਨੀਸ਼ ਦਹੀਆ, ਵਿਧਾਇਕ ਗੁਰੂਹਰਸਹਾਏ ਫੌਜਾ ਸਿੰਘ ਸਰਾਰੀ, ਵਿਧਾਇਕ ਜ਼ੀਰਾ ਨਰੇਸ਼ ਕਟਾਰੀਆ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ।

ਇਸ ਦੌਰਾਨ ਆਯੋਜਿਤ ਕੀਤੇ ਗਏ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਜੰਗਲਾਤ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਦੇ ਤਹਿਤ ਇਹ ਖੇਤਰ ਰਿਜ਼ਰਵ ਜੰਗਲ ਘੋਸ਼ਿਤ ਕੀਤਾ ਗਿਆ ਹੈ। ਚੱਕ ਸਰਕਾਰ ਦੋਨਾ ਜੈਮਲ ਸਿੰਘ ਵਾਲਾ ਪਿੰਡ ਜੰਗਲ ਦੇ ਪੱਛਮ ਵੱਲ ਪਾਕਿਸਤਾਨ ਦੇ ਬਾਰਡਰ ਤੇ ਸਥਿਤ ਹੈ। 

ਇਸ ਜੰਗਲ ਦੀ ਹੱਦ ਨੂੰ ਸੁਰੱਖਿਅਤ ਰੱਖਣ ਲਈ ਬਣਾਈ ਜਾਣ ਵਾਲੀ ਰਨਿੰਗ ਮੀਟਿਰ ਚੇਨਲਿੰਕ ਫੈਸਿੰਗ  10.5 ਫੁੱਟ ਉੱਚੀ ਹੋਵੇਗੀ। ਇਹ ਫੈਂਸਿੰਗ 3 ਪੜਾਵਾਂ ਵਿਚ ਤਿਆਰ ਕੀਤੇ ਜਾਣ ਦੀ ਤਜਵੀਜ਼ ਹੈ, ਜਿਸ ਦੀ ਕੁੱਲ ਲੰਬਾਈ 11 ਕਿਲੋਮੀਟਰ ਬਣਦੀ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਰਨਿੰਗ ਮੀਟਿਰ ਚੇਨਲਿੰਕ ਫੈਸਿੰਗ ਦੇ ਲੱਗਣ ਨਾਲ ਨੇੜਲੇ ਕਿਸਾਨਾਂ ਨੂੰ ਜੰਗਲੀ ਜਾਨਵਰ ਜਿਵੇਂ ਕਿ ਨੀਲ ਗਾਂ ਅਤੇ ਜੰਗਲੀ ਸੁਅਰ ਤੋਂ ਰਾਹਤ ਮਿਲੇਗੀ ਜੋ ਫਸਲਾਂ ਦਾ ਨੁਕਸਾਨ ਕਰਦੇ ਹਨ । ਉਨ੍ਹਾਂ ਨੇ ਕਿਹਾ ਕਿ 11 ਕਿਲੋਮੀਟਰ ਦੀ ਫੈਂਸਿੰਗ ਦੇ ਨਾਲ ਗੁਰੂ ਨਾਨਕ ਬਗੀਚੀ ਵੀ ਬਣਾਈ ਜਾਵੇਗੀ ਜੋ ਇਸ ਦੀ ਸੁੰਦਰਤਾ ਨੂੰ ਹੋਰ ਵੀ ਵਧਾਏਗੀ। 

ਉਨ੍ਹਾਂ ਨੇ ਕਿਹਾ ਕਿ ਜੰਗਲਾਤ ਵਿਭਾਗ ਵੱਲੋਂ ਰਾਜ ਵਿਚ ਸਵਾ ਕਰੋੜ ਬੂਟੇ ਵੀ ਲਗਾਏ ਜਾਣਗੇ ਜਿਸ ਨਾਲ ਪ੍ਰਦੂਸ਼ਣ ਤੋਂ ਤਾਂ ਮੁਕਤੀ ਮਿਲੇਗੀ ਹੀ ਅਤੇ ਸਾਡੀ ਸਿਹਤ ਦੇ ਲਈ ਵੀ ਸਾਫ ਹਵਾ  ਉਪਲਬਧ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਜੋ ਵਾਅਦੇ ਕੀਤੇ ਸੀ ਉਸ ਨੂੰ ਪੂਰਾ ਕੀਤਾ ਜਾ ਰਿਹਾ ਹੈ। 

ਪਿਛਲੇ ਦਿਨੀਂ ਬਕਾਇਆ ਡੀਏ ਦੀ ਰਾਸ਼ੀ ਦੀ ਕਿਸ਼ਤ ਜਾਰੀ ਕਰਨ ਸਬੰਧੀ ਵੀ ਘੋਸ਼ਣਾ ਕਰ ਦਿਤੀ ਗਈ ਹੈ। ਇਸ ਤੋਂ ਇਲਾਵਾ 14 ਮਹੀਨਿਆਂ ਦੌਰਾਨ 29 ਹਜ਼ਾਰ ਸਰਕਾਰੀ ਮੁਲਾਜ਼ਮਾਂ ਦੀ ਭਰਤੀ, 9  ਟੋਲ ਪਲਾਜ਼ੇ ਬੰਦ ਕਰਨ ਤੋਂ ਇਲਾਵਾ ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ। 

ਉਨ੍ਹਾਂ ਨੇ ਕਿਹਾ ਕਿ ਇਸ ਇਲਾਕੇ ਦੇ ਲੋਕਾਂ ਦੀਆਂ ਜੰਗਲਾਤ ਵਿਭਾਗ ਸਬੰਧੀ ਹੋਰ ਵੀ ਜੋ ਸਮੱਸਿਆਵਾਂ ਹਨ ਇਸ ਸਬੰਧੀ ਲਿਖਤੀ ਤੌਰ ਤੇ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਹਰ ਸਮੱਸਿਆ ਦਾ ਹੱਲ ਕੱਢਿਆ ਜਾ ਸਕੇ। ਇਸ ਦੌਰਾਨ ਉਨ੍ਹਾਂ ਨੇ ਜੰਗਲਤਾ ਵਿਭਾਗ ਵੱਲੋਂ ਮੁਹੱਇਆ ਕਰਵਾਏ ਗਏ ਟਰੈਕਟ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ।

ਇਸ ਦੌਰਾਨ ਵਿਧਾਇਕ ਰਜਨੀਸ਼ ਦਹੀਆ ਨੇ ਕਿਹਾ ਕਿ ਇਸ ਜੰਗਲੀ ਖੇਤਰ ਦੇ ਵਿੱਚ ਮੰਤਰੀ ਸਾਹਿਬ ਵੱਲੋਂ ਹੁਣ ਤੱਕ ਚਾਰ ਕਰੋੜ ਰੁਪਏ ਤੋਂ ਵੱਧ ਰਾਸ਼ੀ ਦੇ ਪ੍ਰੋਜੈਕਟ ਪਾਸ ਕਰਵਾਏ ਗਏ ਹਨ। ਇਸ ਫੈਸਿੰਗ ਦੇ ਲੱਗਣ ਨਾਲ ਜਿਥੇ ਜੰਗਲੀ ਜਾਨਵਰਾਂ ਤੋਂ ਫਸਲਾਂ ਦਾ ਬਚਾਅ ਹੋਵੇਗਾ ਓਥੇ ਜਾਨ ਮਾਲ ਦੇ ਨੁਕਸਾਨ ਤੋਂ ਵੀ ਬਚਿਆ ਜਾ ਸਕੇਗਾ। ਉਨ੍ਹਾਂ ਨੇ ਫੈਂਸਿੰਗ ਦੇ ਕੰਮ ਦਾ ਨੀਂਹ ਪੱਥਰ ਰੱਖਣ ਲਈ ਮੰਤਰੀ ਸਾਬ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। 

ਇਸ ਮੌਕੇ ਦੇ ਐਸ ਐਸ ਪੀ ਭੁਪਿੰਦਰ ਸਿੰਘ, ਸਹਾਇਕ ਕਮਿਸ਼ਨਰ ਸ੍ਰੀ ਸੂਰਜ, ਪਲੈਨਿੰਗ ਬੋਰਡ ਦੇ ਚੇਅਰਮੈਨ ਚੰਦ ਸਿੰਘ ਗਿੱਲ, ਡੀ.ਐਫ.ਓ.ਅੰਮ੍ਰਿਤ ਪਾਲ ਸਿੰਘ, ਬੀ.ਐੱਸ.ਐਫ. ਦੇ ਅਧਿਕਾਰੀ ਪੀ.ਕੇ. ਸਿੰਘ, ਵਣ ਰੇਂਜ ਅਫ਼ਸਰ ਫਿਰੋਜ਼ਪੁਰ ਬੋਹੜ ਸਿੰਘ, ਵਣ ਰੇਂਜ ਅਫ਼ਸਰ ਜ਼ੀਰਾ ਸਤਿੰਦਰਜੀਤ ਸਿੰਘ ਸੰਧੂ ਤੋਂ ਇਲਾਵਾ ਇਲਾਕਾ ਨਿਵਾਸੀ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀ/ਕਰਮਚਾਰੀ ਹਾਜ਼ਰ ਸਨ।