5 Dariya News

ਅੱਠਵੀਂ ਜਮਾਤ ਦੇ ਨਤੀਜੇ ਦੌਰਾਨ ਸਰਕਾਰੀ ਸੈਕੰਡਰੀ ਸਕੂਲ ਰੱਲਾ ਦੀਆਂ ਮੈਰਿਟ ’ਚ ਆਉਣ ਵਾਲੀਆਂ 6 ਵਿਦਿਆਰਥਣਾਂ ਦਾ ਵਿਸ਼ੇਸ਼ ਸਨਮਾਨ

5 Dariya News

ਮਾਨਸਾ 09-May-2023

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅੱਠਵੀ ਜਮਾਤ ਦੇ ਨਤੀਜਿਆਂ ਵਿੱਚ ਆਪਣਾ ਨਾਮ ਮੈਰਿਟ ਸੂਚੀ ਵਿੱਚ ਦਰਜ ਕਰਵਾਉਣ ਵਾਲੀਆਂ ਸਰਕਾਰੀ ਸੈਕੰਡਰੀ ਸਕੂਲ ਰੱਲਾ (ਕੁੜੀਆਂ) ਦੀਆਂ 6 ਵਿਦਿਆਰਥਣਾਂ ਦੀ ਹੌਂਸਲਾ ਅਫ਼ਜਾਈ ਲਈ ਸਕੂਲ ਵਿਖੇ ਵਿਸ਼ੇਸ਼ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਜ਼ਿਲਾ ਸਿੱਖਿਆ ਅਫ਼ਸਰ (ਸ) ਸ਼੍ਰੀ ਹਰਿੰਦਰ ਸਿੰਘ ਭੁੱਲਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਜ਼ਿਲਾ ਸਿੱਖਿਆ ਅਫ਼ਸਰ ਸ਼੍ਰੀ ਭੁੱਲਰ ਨੇ ਸਮੂਹ ਸਟਾਫ਼ ਅਤੇ ਬੱਚਿਆਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਅੱਠਵੀਂ ਜਮਾਤ ਦੇ ਨਤੀਜਿਆਂ ਵਿੱਚੋਂ ਜ਼ਿਲੇ ਦੇ ਕੁੱਲ 14 ਵਿਦਿਆਰਥੀ ਮੈਰਿਟ ਵਿੱਚ ਆਏ ਹਨ, ਜਿਨਾਂ ਵਿੱਚੋਂ ਪਿੰਡ ਰੱਲਾ ਦੇ ਸਰਕਾਰੀ ਸੈਕੰਡਰੀ ਸਕੂਲ ਦੀਆਂ 6 ਵਿਦਿਆਰਥਣਾਂ ਨੇ ਮੈਰਿਟ ਵਿੱਚ ਜਗਾ ਹਾਸਿਲ ਕੀਤੀ ਹੈ। 

ਉਨਾਂ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਲਈ ਹਮੇਸ਼ਾਂ ਆਪਸੀ ਸਹਿਯੋਗ ਅਤੇ ਤਾਲਮੇਲ ਦੀ ਲੋੜ ਹੁੰਦੀ ਹੈ। ਉਨਾਂ ਬੱਚਿਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਭਵਿੱਖ ਵਿੱਚ ਵੀ ਆਪਸੀ ਸਾਂਝ ਨੂੰ ਬਰਕਰਾਰ ਰੱਖਦੇ ਹੋਏ ਮਿਹਨਤ ਕਰਨ ਅਤੇ ਬੁਲੰਦੀਆਂ ਹਾਸਿਲ ਕਰਨ ਲਈ ਪ੍ਰੇਰਿਤ ਕੀਤਾ। ਪਿ੍ਰੰਸੀਪਲ ਸ਼੍ਰੀ ਮਦਨ ਲਾਲ ਕਟਾਰੀਆ ਨੇ ਕਿਹਾ ਕਿ ਸਕੂਲ ਦੀਆਂ 6 ਵਿਦਿਆਰਥਣਾਂ ਰਮਨਪ੍ਰੀਤ ਕੌਰ, ਗੁਰਜੋਤ ਕੌਰ, ਨੰਦਨੀ ਕੌਰ, ਗਗਨਪ੍ਰੀਤ ਕੌਰ, ਗੁਰਪ੍ਰੀਤ ਕੌਰ ਅਤੇ ਦਵਿੰਦਰ ਕੌਰ ਨੇ ਅਧਿਆਪਕਾਂ ਦੀ ਮਿਹਨਤ ਅਤੇ ਆਪਣੀ ਲਗਨ ਸਦਕਾ ਸੂਬੇ ਦੀ ਮੈਰਿਟ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ। 

ਉਨਾਂ ਕਿਹਾ ਕਿ ਇਨਾਂ ਵਿਦਿਆਰਥਣਾਂ ਦੇ ਸਨਮਾਨ ਲਈ ਰੱਖੇ ਗਏ ਅਜਿਹੇ ਪ੍ਰੋਗਰਾਮ ਹੋਰਨਾਂ ਬੱਚਿਆਂ ਲਈ ਵੀ ਪ੍ਰੇਰਨਾਸ੍ਰੋਤ ਬਣਦੇ ਹਨ ਅਤੇ ਇਨਾਂ ਤੋਂ ਪ੍ਰੇਰਨਾ ਲੈ ਕੇ ਬਾਕੀ ਬੱਚਿਆਂ ਵਿੱਚ ਵੀ ਮਿਹਨਤ ਅਤੇ ਲਗਨ ਦੀ ਭਾਵਨਾ ਪੈਦਾ ਹੁੰਦੀ ਹੈ। ਇਸ ਦੌਰਾਨ ਮੈਰਿਟਾਂ ਵਿਚ ਆਉਣ ਵਾਲੀਆਂ ਵਿਦਿਆਰਥਣਾਂ ਨੇ ਵੀ ਆਪਣੀ ਖੁਸ਼ੀ ਸਾਰਿਆਂ ਨਾਲ ਸਾਂਝੀ ਕਰਦੇ ਹੋਏ ਵਿਚਾਰ ਪੇਸ਼ ਕੀਤੇ ਅਤੇ ਵਿਸ਼ਵਾਸ਼ ਦਿਵਾਇਆ ਕਿ ਉਹ ਭਵਿੱਖ ਵਿੱਚ ਹੋਰ ਵੀ ਮਿਹਨਤ ਕਰਕੇ ਆਪਣੇ ਸਕੂਲ, ਪਿੰਡ ਅਤੇ ਜ਼ਿਲੇ ਦਾ ਨਾਮ ਰੌਸ਼ਨ ਕਰਨ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ। 

 ਇਸ ਮੌਕੇ ਉਪ-ਜ਼ਿਲਾ ਸਿੱਖਿਆ ਅਫਸਰ (ਐਲੀਮੈਂਟਰੀ) ਗੁਰਲਾਭ ਸਿੰਘ ਸਰਾਂ, ਪਿੰਡ ਰੱਲਾ ਦੀ ਗ੍ਰਾਮ ਪੰਚਾਇਤ ਦੇ ਸਰਪੰਚ ਮਨਜੀਤ ਸਿੰਘ, ਸਾਬਕਾ ਸਰਪੰਚ ਬਲਦੇਵ ਸਿੰਘ, ਰਿਟਾਇਰਡ ਅਧਿਆਪਕ ਬਿੱਕਰ ਸਿੰਘ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਮੇਜਰ ਸਿੰਘ, ਪੀ.ਟੀ.ਏ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ, ਸੂਬੇਦਾਰ ਮੇਜਰ ਦਰਸ਼ਨ ਸਿੰਘ, ਐਕਸ ਸਰਵਿਸਮੈਨ ਵੈੱਲਫੇਅਰ ਕਮੇਟੀ ਦੇ ਪ੍ਰਧਾਨ ਜਗਦੇਵ ਸਿੰਘ, ਮਨਜਿੰਦਰ ਸਿੰਘ ਲਵਲੀ, ਸੁਰਿੰਦਰ ਕੌਰ ਸਮਾਜ ਸੇਵੀ ਤੋਂ ਇਲਾਵਾ ਵਿਦਿਆਰਥੀਆਂ ਦੇ ਮਾਤਾ-ਪਿਤਾ ਤੋਂ ਇਲਾਵਾ ਹੋਰ ਵੀ ਵਿਅਕਤੀ ਮੌਜੂਦ ਸਨ।