5 Dariya News

ਕਣਕ ਦੀ ਖਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਰਿਸ਼ੀਪਾਲ ਸਿੰਘ ਵੱਲੋਂ ਦਾਣਾ ਮੰਡੀ ਤਰਨ ਤਾਰਨ ਦੀ ਅਚਨਚੇਤੀ ਚੈਕਿੰਗ

ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਵਿੱਚ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ

5 Dariya News

ਤਰਨ ਤਾਰਨ 13-Apr-2023

ਜ਼ਿਲ੍ਹਾ ਤਰਨ ਤਾਰਨ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅੱਜ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਿਸ਼ੀਪਾਲ ਸਿੰਘ ਵੱਲੋਂ ਦਾਣਾ ਮੰਡੀ ਤਰਨ ਤਾਰਨ ਦੀ ਅਚਨਚੇਤੀ ਚੈਕਿੰਗ ਕੀਤੀ ਗਈ।ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਸ਼ੁਰੂ ਹੋ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਦੀ ਆਮਦ ਤੇਜ਼ ਹੋਣ ਦੀ ਸੰਭਾਵਨਾ ਹੈ, ਜਿਸ ਲਈ ਜਿਲਾ ਪ੍ਰਸਾਸ਼ਨ ਤਰਨ ਤਾਰਨ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।

ਉਹਨਾਂ ਕਿਹਾ ਕਿ ਜ਼ਿਲ੍ਹੇ ਦੀਆਂ ਸਮੂਹ ਮੰਡੀਆਂ ਵਿੱਚ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਵਿੱਚ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕਣਕ ਦੀ ਸੁਚਾਰੂ ਖਰੀਦ ਲਈ 60 ਸਥਾਈ ਸਥਾਪਿਤ ਕੀਤੀਆਂ ਗਈਆ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸੀਜ਼ਨ ਦੌਰਾਨ ਜ਼ਿਲ੍ਹੇ ਵਿੱਚ ਕਣਕ ਦੀ ਸਰਕਾਰੀ ਖਰੀਦ 6,18,376 ਮੀਟਰਿਕ ਟਨ ਸੀ ਅਤੇ ਇਸ ਵਾਰ ਵੀ ਜ਼ਿਲ੍ਹੇ ਦੀਆਂ ਮੰਡੀਆਂ ਵਿੱਚੋਂ ਏਨੀ ਕਣਕ ਦੀ ਖਰੀਦ ਦਾ ਟੀਚਾ ਮਿੱਥਿਆ ਗਿਆ ਹੈ।

ਉਹਨਾਂ ਦੱਸਿਆ ਕਿ ਜ਼ਿਲੇ ਵਿੱਚ ਕਣਕ ਦੀ ਖਰੀਦ ਲਈ ਏਜੰਸੀਆਂ ਨੂੰ ਮੰਡੀਆਂ ਦੀ ਵੰਡ ਤੇ ਕੋਟਾ ਨਿਰਧਾਰਿਤ ਕਰ ਦਿੱਤਾ ਗਿਆ ਹੈ।ਕਿਸਾਨਾਂ ਨੂੰ ਖਰੀਦੀ ਗਈ ਕਣਕ ਬਦਲੇ ਨਿਰਧਾਰਿਤ 48 ਘੰਟੇ ਦੇ ਅੰਦਰ-ਅੰਦਰ ਅਦਾਇਗੀ ਦੀ ਵੀ ਵਿਵਸਥਾ ਕੀਤੀ ਜਾ ਰਹੀ ਹੈ।    ਇਸ ਮੌਕੇ ਉਹਨਾਂ ਸਬੰਧਿਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਮੰਡੀਆਂ ਦੀ ਸਾਫ਼-ਸਫ਼ਾਈ, ਕਿਸਾਨਾਂ ਤੇ ਮਜ਼ਦੂਰਾਂ ਲਈ ਪੀਣ ਵਾਲੇ ਸਾਫ਼ ਪਾਣੀ ਅਤੇ ਮੀਂਹ ਆਦਿ ਤੋਂ ਬਚਾਅ ਲਈ ਲੋੜੀਂਦੀਆਂ ਤਰਪਾਲਾਂ ਆਦਿ ਪ੍ਰਬੰਧ ਯਕੀਨੀ ਬਣੳਏ ਜਾਣ।

ਉਨਾਂ ਕਿਹਾ ਕਿ ਸਮੂਹ ਐੱਸ. ਡੀ. ਐਮਜ਼ ਆਪਣੀਆਂ ਸਬ-ਡਵੀਜ਼ਨਾਂ ਵਿੱਚ ਨਿੱਜੀ ਤੌਰ ‘ਤੇ ਕਣਕ ਦੀ ਸੁਚਾਰੂ ਖਰੀਦ ਦੀ ਨਿਗਰਾਨੀ ਕਰਨਗੇ ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ।