5 Dariya News

ਐੱਸ. ਡੀ. ਕਾਲਜ ਦਾ ਸੱਤ ਰੋਜ਼ਾ ਐੱਨ.ਐੱਸ.ਐੱਸ ਕੈਂਪ ਸੰਪੰਨ

5 Dariya News

ਬਰਨਾਲਾ 11-Apr-2023

ਐੱਸ. ਡੀ. ਕਾਲਜ ਦਾ ਸੱਤ ਰੋਜ਼ਾ ਐੱਨ.ਐੱਸ.ਐੱਸ ਕੈਂਪ ਸਮਾਪਤ ਹੋ ਗਿਆ। 'ਸਵੱਛ ਭਾਰਤ ਅਭਿਆਨ' ਮੁਹਿੰਮ ਤਹਿਤ 4 ਤੋਂ 10 ਅਪਰੈਲ ਤੱਕ ਨਜ਼ਦੀਕੀ ਪਿੰਡ ਫਰਵਾਹੀ ਵਿਚ ਲਗਾਏ ਗਏ ਇਸ ਕੈਂਪ ਦਾ ਰਸਮੀ ਸਮਾਪਨ ਸ੍ਰੀ ਸੰਦੀਪ ਕੁਮਾਰ ਮਲਿਕ, ਐਸਐਸਪੀ ਬਰਨਾਲਾ ਨੇ ਕੀਤਾ। ਉਹਨਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿਚ ਕੌਮੀ ਸੇਵਾ ਯੋਜਨਾ ਬਹੁਤ ਅਹਿਮ ਭੂਮਿਕਾ ਨਿਭਾਉਂਦੀ ਹੈ। 

ਉਹਨਾਂ ਇਸ ਸਫ਼ਲ ਕੈਂਪ ਦੇ ਆਯੋਜਨ ਲਈ ਕਾਲਜ ਨੂੰ ਵਧਾਈ ਦਿੱਤੀ। ਡਾ. ਮਮਤਾ ਸ਼ਰਮਾ, ਚੀਫ਼ ਕੋਆਰਡੀਨੇਟਰ ਐੱਨ.ਐੱਸ.ਐੱਸ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਕਿਹਾ ਕਿ ਆਰੰਭ ਤੋਂ ਹੀ ਕੌਮੀ ਸੇਵਾ ਯੋਜਨਾ ਦੇ ਖੇਤਰ ਵਿਚ ਐੱਸ. ਡੀ. ਕਾਲਜ ਨੇ ਮੋਹਰੀ ਭੂਮਿਕਾ ਅਦਾ ਕੀਤੀ ਹੈ। ਉਹਨਾਂ ਆਸ ਪ੍ਰਗਟਾਈ ਕਿ ਇਹਨਾਂ ਸੱਤ ਦਿਨਾਂ ਵਿਚ ਕਾਲਜ ਦੇ ਵਲੰਟੀਅਰ ਆਲੇ ਦੁਆਲੇ ਦੀ ਸਵੱਛਤਾ ਬਾਰੇ ਜਾਗਰੂਕ ਹੋ ਕੇ ਸਮਾਜ ਨੂੰ ਸੇਧ ਦੇਣ ਦਾ ਕੰਮ ਕਰਨਗੇ। ਡਾ. ਅਜੀਤਾ ਡਾਇਰੈਕਟਰ ਸਪੋਰਟਸ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਵੀ ਵਿਦਿਆਰਥੀਆ ਨੂੰ ਸੰਬੋਧਨ ਕੀਤਾ। 

ਇਸ ਤੋਂ ਪਹਿਲਾਂ ਕਾਲਜ ਪ੍ਰਿੰਸੀਪਲ ਡਾ. ਰਮਾ ਸ਼ਰਮਾ ਨੇ ਆਪਣੇ ਸਵਾਗਤੀ ਸੰਬੋਧਨ ਵਿਚ ਕਿਹਾ ਕਿ ਕੋਵਿਡ ਮਹਾਮਾਰੀ ਮਗਰੋਂ ਪਹਿਲੀ ਵਾਰ ਲੱਗੇ ਇਹ ਕੈਂਪ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ। ਉਹਨਾਂ ਆਸ ਪ੍ਰਗਟਾਈ ਕਿ ਭਵਿੱਖ ਵਿਚ ਵੀ ਐੱਨ.ਐੱਸ.ਐੱਸ ਵਿਭਾਗ ਇਸੇ ਤਰ੍ਹਾਂ ਜ਼ੋਰ ਸ਼ੋਰ ਨਾਲ ਉਸਾਰੂ ਗਤੀਵਿਧੀਆਂ ਵਿਚ ਲੱਗਾ ਰਹੇਗਾ। ਕੋਆਰਡੀਨੇਟਰ ਡਾ. ਰੀਤੂ ਅੱਗਰਵਾਲ ਨੇ ਦੱਸਿਆ ਕਿ ਇਸ ਕੈਂਪ ਵਿਚ ਕਾਲਜ ਦੇ 100 ਲੜਕੇ-ਲੜਕੀਆਂ ਨੇ ਹਿੱਸਾ ਲਿਆ ਹੈ। ਕੈਂਪ ਦੌਰਾਨ ਐਨਐਸਐਸ ਦੀਆਂ ਨਿਯਮਤ ਗਤੀਵਿਧੀਆਂ ਦੇ ਨਾਲ ਨਾਲ ਪਿੰਡ ਦੇ ਸ਼ਾਮਲਾਟ ਵਿਚ ਇਕ 'ਮਿੰਨੀ ਜੰਗਲ' ਸਥਾਪਤ ਕੀਤਾ ਗਿਆ। 

ਪਾਰਕ, ਪਸ਼ੂ ਡਿਸਪੈਂਸਰੀ, ਨਵੀਂ ਬਣੀ ਲਾਇਬਰੇਰੀ ਅਤੇ ਡੇਰਾ ਬਾਬਾ ਥੰਮਣ ਸਿੰਘ ਦੀ ਸਫ਼ਾਈ ਕੀਤੀ ਗਈ। ਸਮਾਜਿਕ ਬੁਰਾਈਆਂ ਦੇ ਖਿਲਾਫ਼ ਪਿੰਡ ਅੰਦਰ ਇੱਕ ਪ੍ਰਭਾਵਸ਼ਾਲੀ ਰੈਲੀ ਵੀ ਕੱਢੀ ਗਈ। ਵਲੰਟੀਅਰਾਂ ਨੂੰ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਵਾਏ ਗਏ। ਵਲੰਟੀਅਰ ਨਿਕਿਤਾ ਨੇ ਸੱਤ ਦਿਨਾਂ ਦੌਰਾਨ ਕੈਂਪ ਦੌਰਨ ਕੀਤੀਆਂ ਗਈਆਂ ਗਤੀਵਿਧੀਆਂ ਦੀ ਰਿਪੋਰਟ ਪੜ੍ਹੀ। ਕੈਂਪ ਦੌਰਾਨ ਵਲੰਟੀਅਰਾਂ ਨੂੰ ਸਮਾਜ ਦੀਆਂ ਕਈ ਉੱਘੀਆਂ ਸ਼ਖਸੀਅਤਾਂ ਨਾਲ ਰੂਬਰੂ ਕਰਵਾਇਆ ਗਿਆ। 

ਵੱਖ-ਵੱਖ ਗਤੀਵਿਧੀਆਂ ਵਿਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਵਲੰਟੀਅਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਨਿਕਿਤਾ ਨੂੰ ਲੜਕੀਆਂ ਅਤੇ ਪੁਨੀਤ ਨੂੰ ਲੜਕਿਆਂ ਦੇ ਵਰਗ ਵਿਚ ਬੈਸਟ ਵਲੰਟੀਅਰ ਘੋਸ਼ਿਤ ਕੀਤਾ ਗਿਆ। ਪ੍ਰੋ. ਹਰਪ੍ਰੀਤ ਸਿੰਘ ਨੇ ਧੰਨਵਾਦੀ ਸ਼ਬਦ ਕਹੇ। 

ਇਸ ਮੌਕੇ ਐੱਸ. ਡੀ. ਕਾਲਜ ਪ੍ਰਬੰਧਕੀ ਕਮੇਟੀ ਦੇ ਵਿੱਤ ਸਕੱਤਰ ਡਾ. ਮੁਕੰਦ ਲਾਲ ਬਾਂਸਲ, ਮੈਂਬਰ ਸ੍ਰੀ ਰਾਹੁਲ ਅੱਤਰੀ, ਮੈਂਬਰ ਸ੍ਰੀ ਭੂਸ਼ਨ ਕੁਮਾਰ, ਕੈਂਪ ਕੋਆਰਡੀਨੇਟਰ ਡਾ. ਰੀਤੂ ਅੱਗਰਵਾਲ, ਪ੍ਰੋਗਰਾਮ ਅਫ਼ਸਰ ਪ੍ਰੋ. ਰੇਣੂ ਧਰਨੀ, ਪ੍ਰੋ. ਹਰਪ੍ਰੀਤ ਸਿੰਘ, ਪ੍ਰੋ. ਬਲਵਿੰਦਰ ਸਿੰਘ, ਪ੍ਰੋ. ਜਗਜੀਤ ਸਿੰਘ, ਪ੍ਰੋ. ਜਸਬੀਰ ਸਿੰਘ, ਪ੍ਰੋ. ਜੀਤ ਕੌਰ, ਡਾ. ਕਿਰਨਦੀਪ ਕੌਰ ਅਤੇ ਪ੍ਰੋ. ਜਸ਼ਨਪ੍ਰੀਤ ਕੌਰ ਪਿੰਡ ਦੇ ਸਰਪੰਚ ਸ੍ਰੀ ਨਰਿੰਦਰ ਸ਼ਰਮਾ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।