5 Dariya News

ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਤੇ ਐਸ ਐਸ ਪੀ ਭਾਗੀਰਥ ਸਿੰਘ ਮੀਨਾ ਵੱਲੋਂ ਖਟਕੜ ਕਲਾਂ ਦਾ ਦੌਰਾ

ਸ਼ਹੀਦਾਂ ਨੂੰ ਸ਼ਰਧਾ ਸੁਮਨ ਭੇਟ ਕਰਨ ਵਾਲਿਆਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ

5 Dariya News

ਬੰਗਾ 21-Mar-2023

ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ 23 ਮਾਰਚ ਨੂੰ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਸ਼ਰਧਾ ਸੁਮਨ ਅਰਪਿਤ ਕਰਨ ਵਾਲਿਆਂ ਨੂੰ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।

ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਅੱਜ ਖਟਕੜ ਕਲਾਂ ਦਾ ਦੌਰਾ ਕਰਨ ਬਾਅਦ ਕੀਤਾ। ਇਸ ਮੌਕੇ ਉਨ੍ਹਾਂ ਨਾਲ ਐਸ ਐਸ ਪੀ ਭਾਗੀਰਥ ਸਿੰਘ ਮੀਨਾ ਵੀ ਮੌਜੂਦ ਸਨ।ਡਿਪਟੀ ਕਮਿਸ਼ਨਰ ਨੇ ਇਸ ਮੌਕੇ ਮੌਜੂਦ ਅਧਿਕਾਰੀਆਂ ਨੂੰ ਮਿਊਜ਼ੀਅਮ ਦੇ ਬਾਹਰ ਸਥਿਤ ਸ਼ਹੀਦ-ਏ-ਆਜ਼ਮ ਦੇ ਬੁੱਤ ਅਤੇ ਪਿੰਡ ’ਚ ਸਥਿਤ ਜੱਦੀ ਘਰ ਨੂੰ ਬਹੁਤ ਹੀ ਸ਼ਰਧਾ ਤੇ ਸਤਿਕਾਰ ਨਾਲ ਦੇਖਣ ਆਉਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਨਾ ਆਉਣ ਦਿੱਤੀ ਜਾਵੇ।

ਉਨ੍ਹਾਂ ਕਿਹਾ ਕਿ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਦੇਸ਼ ਦੀ ਆਜ਼ਾਦੀ ਵਿੱਚ ਵਿਲੱਖਣ ਯੋਗਦਾਨ ਹੋਣ ਕਾਰਨ, ਉਹ ਸਮੁੱਚੇ ਦੇਸ਼ ਵਾਸੀਆਂ ਦੇ ਦਿਲਾਂ ’ਚ ਵਸਦੇ ਹਨ, ਇਸ ਲਈ ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਬਲੀਦਾਨ ਦਿਵਸ ਮੌਕੇ ਦੂਰੋਂ-ਦੂਰੋਂ ਖਟਕੜ ਕਲਾਂ ਪੁੱਜਣਾ ਸੁਭਾਵਿਕ ਹੈ।

ਉਨ੍ਹਾਂ ਕਿਹਾ ਕਿ ਜਿੱਥੇ ਸਮੁੱਚੇ ਪ੍ਰਬੰਧ ਕੀਤੇ ਜਾਣ, ਉੱਥੇ ਇਸ ਗੱਲ ਦਾ ਵੀ ਖਿਆਲ ਰੱਖਿਆ ਜਾਵੇ ਕਿ ਪਾਰਕਿੰਗ ਆਦਿ ਦੀ ਵੀ ਕੋਈ ਦਿੱਕਤ ਨਾ ਆਵੇ।ਐਸ ਐਸ ਪੀ ਭਾਗੀਰਥ ਸਿੰਘ ਮੀਨਾ ਨੇ ਇਸ ਮੌਕੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਬਲੀਦਾਨ ਦਿਵਸ ਮੌਕੇ ਪੁੱਜਣ ਵਾਲੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਨਾ ਆਉਣ ਦੇਣ ਲਈ ਉਨ੍ਹਾਂ ਦੀ ਸੁਰੱਖਿਆ ਅਤੇ ਪਾਰਕਿੰਗ ਦੇ ਉਚਿਤ ਪ੍ਰਬੰਧ ਕਰੇਗੀ।'

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਬਲੀਦਾਨ ਦਿਵਸ ਮੌਕੇ ਵੱਖ-ਵੱਖ ਅਹਿਮ ਸਖਸ਼ੀਅਤਾਂ ਦੀ ਸ਼ਰਧਾ ਸੁਮਨ ਭੇਟ ਕਰਨ ਆਉਣ ਦੀ ਰਵਾਇਤ ਦੇ ਸਨਮੁੱਖ ਮਿਊਜ਼ੀਅਮ ਅਤੇ ਜੱਦੀ ਘਰ ਦੇ ਆਸ ਪਾਸ ਸੁਰੱਖਿਆ ਪੱਖੋਂ ਆਮ ਲੋਕਾਂ ਨੂੰ ਬਿਨਾਂ ਕੋਈ ਮੁਸ਼ਕਿਲ ਆਉਣ ਦਿੱਤਿਆਂ ਪੂਰੀ ਚੌਕਸੀ ਰੱਖੀ ਜਾਵੇਗੀ।

ਇਸ ਮੌਕੇ ਏ ਡੀ ਸੀ (ਜ) ਰਾਜੀਵ ਵਰਮਾ, ਏ ਡੀ ਸੀ (ਪੇਂਡੂ ਵਿਕਾਸ) ਦਵਿੰਦਰ ਕੁਮਾਰ, ਐਸ ਡੀ ਐਮ ਬੰਗਾ ਮੇਜਰ ਸ਼ਿਵਰਾਜ ਸਿੰਘ ਬੱਲ, ਐਸ ਪੀ (ਐਚ) ਗੁਰਮੀਤ ਕੌਰ, ਡੀ ਐਸ ਪੀ ਬੰਗਾ ਸਰਵਨ ਸਿੰਘ ਬੱਲ ਤੇ ਹੋਰ ਅਧਿਕਾਰੀ ਮੌਜੂਦ ਸਨ।