5 Dariya News

ਖੇਮਕਰਨ ਵਿਖੇ ਲਗਾਏ ਗਏ ਜਨ ਸੁਵਿਧਾ ਕੈਂਪ ਦੌਰਾਨ ਲੋਕਾਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਲਿਆ ਸਰਕਾਰੀ ਸਕੀਮਾਂ ਦਾ ਲਾਭ-ਡਿਪਟੀ ਕਮਿਸ਼ਨਰ

ਕੈੰਪ ਦੌਰਾਨ ਡਿਪਟੀ ਕਮਿਸ਼ਨਰ ਨੇ ਆਪ ਸੁਣੀਆ ਲੋਕਾਂ ਦੀਆਂ ਸ਼ਿਕਾਇਤਾਂ ਤੇ ਸਮੱਸਿਆਵਾਂ

5 Dariya News

ਤਰਨ ਤਾਰਨ 03-Mar-2023

ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਵੱਲੋਂ "ਪੰਜਾਬ ਸਰਕਾਰ, ਤੁਹਾਡੇ ਦੁਆਰ" ਮੁਹਿੰਮ ਅੱਜ ਗੁਰੂਦੁਆਰਾ ਸ੍ਰੀ ਗੁਰੂਸਰ ਸਾਹਿਬ ਖੇਮਕਰਨ ਵਿਖੇ ਲਗਾਏ ਗਏ ਜਨ ਕੈਂਪ ਦੌਰਾਨ ਇਲਾਕੇ ਦੇ ਲੋਕਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਆਪਣੀਆਂ ਸ਼ਿਕਾਇਤਾਂ ਤੇ ਸਮੱਸਿਆਵਾਂ ਲੈ ਕੇ ਪਹੁੰਚੇ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਲੋਕਾਂ ਦੀਆਂ ਸਮੱਸਿਆਵਾਂ ਤੇ ਸ਼ਿਕਾਇਤਾਂ ਸੁਣ ਕੇ ਢੁਕਵਾਂ ਨਿਪਟਾਰਾ ਕੀਤਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਿਸ਼ੀਪਾਲ ਸਿੰਘ ਨੇ ਦੱਸਿਆ ਕਿ ਅੱਜ ਦੇ ਕੈਂਪ ਦੌਰਾਨ ਵੱਖ-ਵੱਖ ਵਿਭਾਗਾਂ ਨਾਲ ਸਬੰਧਿਤ 2500 ਤੋਂ ਵੱਧ ਦਰਖਾਸਤਾਂ ਪ੍ਰਾਪਤ ਹੋਈਆਂ। ਉਹਨਾਂ ਕਿਹਾ ਕਿ ਇਹਨਾਂ ਦਰਖਾਸਤਾਂ ਦੇ ਢੁਕਵੇਂ ਤੇ ਸਮਾਂਬੱਧ ਨਿਪਟਾਰੇ ਲਈ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਨੂੰ ਆਦੇਸ਼ ਜਾਰੀ ਕੀਤੇ ਗਏ ਹਨ।ਉਹਨਾਂ ਕਿਹਾ ਕਿ ਇਸ ਕੈਂਪ ਪ੍ਰਤੀ ਲੋਕਾਂ ਤੋਂ ਮਿਲੇ ਭਰਵੇਂ ਹੁੰਗਾਰੇ ਸਦਕਾ ਇਹ  ਕੈਂਪ  04 ਮਾਰਚ ਨੂੰ ਵੀ ਸਵੇਰੇ 09 ਵਜੇ ਤੋਂ ਗੁਰੂਦੁਆਰਾ ਸ੍ਰੀ ਗੁਰੂਸਰ ਸਾਹਿਬ ਖੇਮਕਰਨ ਵਿਖੇ ਜਾਰੀ ਰਹੇਗਾ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਕੈਂਪ ਦੌਰਾਨ ਇਲਾਕੇ ਦੇ ਲੋਕ ਵੱਖ-ਵੱਖ ਸਰਕਾਰੀ ਵਿਭਾਗਾਂ ਜਿਵੇਂ ਕਿ ਮਾਲ ਵਿਭਾਗ, ਸਿਹਤ ਵਿਭਾਗ, ਪੰਚਾਇਤ ਵਿਭਾਗ, ਮਗਨਰੇਗਾ, ਸਮਾਜਿਕ ਸੁਰੱਖਿਆ ਵਿਭਾਗ, ਸਿੱਖਿਆ ਵਿਭਾਗ, ਲੇਬਰ ਵਿਭਾਗ, ਪੁਲਿਸ ਵਿਭਾਗ, ਖੇਤੀਬਾੜੀ ਅਤੇ ਹੋਰ ਸਹਾਇਕ ਧੰਦਿਆਂ ਸਬੰਧੀ ਕਰਜ਼ਾ ਆਦਿ ਲੈਣ ਨਾਲ ਸਬੰਧਤ ਆਪਣੀਆਂ ਦਰਖਾਸਤਾਂ ਦੇ ਸਕਦੇ ਹਨ ਅਤੇ ਕੈਂਪ ਦੌਰਾਨ  ਸਮੂਹ ਵਿਭਾਗਾਂ ਦੇ ਮੁਖੀ ਮੌਕੇ ’ਤੇ ਹੀ ਬਿਨੈ ਪੱਤਰ ਪ੍ਰਾਪਤ ਕਰਕੇ ਉੱਚਿਤ ਕਾਰਵਾਈ ਕਰਨਗੇ ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਆਨਲਾਈਨ ਸੇਵਾਵਾਂ ਦਾ ਲਾਭ ਲੈਣ ਸਬੰਧੀ ਲੋਕਾਂ ਦੀ ਸਹੂਲਤ ਲਈ ਆਰਜੀ ਤੋਂ ਸੇਵਾ ਕੇਂਦਰ ਵੀ ਕੈਂਪ ਦੌਰਾਨ ਸਥਾਪਿਤ ਕੀਤਾ ਗਿਆ ਹੈ ਅਤੇ ਲੋਕਾਂ ਦੀਆਂ ਆਨਲਾਈਨ ਅਰਜ਼ੀਆਂ ਵੀ ਮੌਕੇ ‘ਤੇ ਹੀ ਭਰੀਆਂ ਜਾਣਗੀਆਂ।ਉਹਨਾਂ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ 04 ਮਾਰਚ ਨੂੰ ਵੀ ਕੈਂਪ ਦੌਰਾਨ ਪ੍ਰਾਰਥੀ ਵੱਖ-ਵੱਖ ਸੇਵਾਵਾਂ ਹਾਸਿਲ ਕਰਨ ਲਈ ਲੋੜੀਂਦੇ ਦਸਤਾਵੇਜ਼ ਜਿਵੇਂ ਕਿ ਪਹਿਚਾਣ ਪੱਤਰ, ਆਧਾਰ ਕਾਰਡ ਆਦਿ ਨਾਲ ਲੈ ਕੇ ਆਉਣ।