5 Dariya News

ਨਿਵੇਸ਼ ਪ੍ਰੋਤਸਾਹਨ ਅਤੇ ਰੈਗੂਲੇਟਰੀ ਮਨਜ਼ੂਰੀਆਂ ਦੇ ਖੇਤਰ ਵਿੱਚ ਵਧੀਆ ਕਾਰਗੁਜ਼ਾਰੀ ਲਈ ਜ਼ਿਲ੍ਹਾ ਤਰਨ ਤਾਰਨ ਨੂੰ ਮਿਲਿਆ ਪਹਿਲਾ ਸਥਾਨ

ਪੰਜਾਬ ਨਿਵੇਸ਼ ਸੰਮੇਲਨ 2023 ਦੌਰਾਨ ਮੁੱਖ ਮੰਤਰੀ ਵਲੋਂ ਡਿਪਟੀ ਕਮਿਸ਼ਨਰ ਨੂੰ ਦਿੱਤਾ ਗਿਆ ਐਵਾਰਡ

5 Dariya News

ਤਰਨ ਤਾਰਨ/ਐਸ.ਏ.ਐਸ. ਨਗਰ 24-Feb-2023

ਬਿਹਤਰੀਨ ਮਾਹੌਲ ਸਿਰਜਕੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਅਤੇ ਵਪਾਰਕ ਅਦਾਰਿਆਂ ਦੀ ਸਥਾਪਨਾ ਤੇ ਹੋਰ ਲੋੜੀਂਦੀਆਂ ਮਨਜ਼ੂਰੀਆਂ ਸਮੇਂ ਸਿਰ ਦੇ ਕੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਂਦਿਆ ਜ਼ਿਲ੍ਹਾ ਤਰਨ ਤਾਰਨ ਨੇ ਪੰਜਾਬ ਭਰ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ।ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਦੀ ਵਧੀਆ ਕਾਰਗੁਜ਼ਾਰੀ ਸਦਕਾ ਪੰਜਾਬ ਸਰਕਾਰ ਵੱਲੋਂ “ਪ੍ਰੋਗਰੈਸਿਵ ਪੰਜਾਬ ਨਿਵੇਸ਼ ਸੰਮੇਲਨ 2023” ਦੌਰਾਨ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੇ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਿਸ਼ੀਪਾਲ ਸਿੰਘ ਨੂੰ ਐਵਾਰਡ ਨਾਲ ਸਨਮਾਨਿਤ ਕੀਤਾ।

ਡਿਪਟੀ ਕਮਿਸ਼ਨਰ ਸ੍ਰੀ ਰਿਸ਼ੀਪਾਲ ਸਿੰਘ ਦੀ ਅਗਵਾਈ ਹੇਠ ਸਾਲ 2022-23 ਦੌਰਾਨ ਡਿਪਾਰਟਮੈਂਟ ਆੱਫ਼, ਬਿਜਨਸ ਐਂਡ ਇੰਡਸਟਰੀ ਐਂਡ ਇਨਵੈਸਟਮੈਂਟ ਪ੍ਰਮੋਸ਼ਨ ਤਹਿਤ ਮੋਬਾਇਲ ਟਾਵਰ, ਫਿਲਮਾਂ ਦੀ ਸ਼ੂਟਿੰਗ, ਵੱਖ-ਵੱਖ ਸੱਨਅਤੀ ਯੂਨਿਟਾਂ ਦੀ ਸਥਾਪਨਾ ਤੇ ਵਾਧੇ ਲਈ ਸਿੰਗਲ ਵਿੰਡੋ ਰਾਹੀਂ ਸਮੇਂ-ਸਿਰ ਹੀ ਮਨਜ਼ੂਰੀ ਦਿੱਤੀ ਗਈ ਹੈ, ਜਿਸ ਨਾਲ ਨਿਵੇਸ਼ ਨੂੰ ਹੁਲਾਰਾ ਮਿਲਿਆ ।

ਪੰਜਾਬ ਸਰਕਾਰ ਵਲੋਂ 23 ਤੇ 24 ਫਰਵਰੀ ਨੂੰ ਮੋਹਾਲੀ ਦੇ ਇੰਡੀਅਨ ਸਕੂਲ ਆਫ ਬਿਜਨਸ ਵਿਖੇ ਕਰਵਾਏ ਜਾ ਰਹੇ ਪ੍ਰੋਗਰੈਸਿਵ ਪੰਜਾਬ ਸੰਮੇਲਨ 2023 ਦੇ ਵੈਲੇਡਿਕਟਰੀ ਸੈਸ਼ਨ ਦੌਰਾਨ ਡਿਪਟੀ ਕਮਿਸ਼ਨਰ ਨੇ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਪਾਸੋਂ ਇਹ ਅਵਾਰਡ ਪ੍ਰਾਪਤ ਕੀਤਾ।ਡਿਪਟੀ ਕਮਿਸ਼ਨਰ ਨੇ ਪੰਜਾਬ ਸਰਕਾਰ ਵਲੋਂ ਜਿਲ੍ਹੇ ਦੀ ਇਸ ਐਵਾਰਡ ਲਈ ਚੋਣ ’ਤੇ ਜਿੱਥੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਮੁਬਾਰਕਬਾਦ ਦਿੱਤੀ ਉੱਥੇ ਹੀ ਕਿਹਾ ਕਿ ਇਸ ਨਾਲ ਜਿਲ੍ਹਾ ਪ੍ਰਸ਼ਾਸ਼ਨ ਨੂੰ ਨਿਵੇਸ਼ ਨੂੰ ਪ੍ਰਫੁੱਲਿਤ ਕਰਨ ਲਈ ਹੋਰ ਪ੍ਰੇਰਨਾ ਮਿਲੇਗੀ।

ਉਨ੍ਹਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਸੂਬੇ ਵਿਚ ਨਿਵੇਸ਼ ਨੂੰ ਹੁਲਾਰਾ ਦੇ ਕੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਹੋਰ ਅਸਰਦਾਰ ਢੰਗ ਨਾਲ ਕੰਮ ਕਰਨ ਲਈ ਵਚਨਬੱਧ ਹੈ।