5 Dariya News

ਡਿਪਟੀ ਕਮਿਸ਼ਨਰ ਨੇ ਵਿਕਾਸ ਕਾਰਜਾਂ ਦੇ ਵਰਤੋਂ ਸਰਟੀਫਿਕੇਟ ਸਮੇਂ ਸਿਰ ਜਮ੍ਹਾਂ ਨਾ ਹੋਣ ਦਾ ਲਿਆ ਗੰਭੀਰ ਨੋਟਿਸ

ਸਬੰਧਿਤ ਅਧਿਕਾਰੀਆਂ ਨੂੰ ਮੁਕੰਮਲ ਹੋਏ ਵਿਕਾਸ ਕਾਰਜਾਂ ਦੇ ਵਰਤੋਂ ਸਰਟੀਫਿਕੇਟ ਤੁਰੰਤ ਜਮ੍ਹਾਂ ਕਰਵਾਉਣ ਦੇ ਦਿੱਤੇ ਆਦੇਸ਼

5 Dariya News

ਤਰਨ ਤਾਰਨ 17-Feb-2023

ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਿਸ਼ੀਪਾਲ ਸਿੰਘ ਨੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ ਦੀਆਂ ਵੱਖ-ਵੱਖ ਸਕੀਮਾਂ, ਪੰਜਾਬ ਨਿਰਮਾਣ, ਬੀ. ਏ. ਡੀ. ਪੀ. ਅਤੇ ਐੱਮ. ਪੀ. ਲੈਡ ਤਹਿਤ ਜਾਰੀ ਫੰਡਾਂ ਰਾਹੀਂ ਜ਼ਿਲ੍ਹੇ ਵਿੱਚ ਮੁਕੰਮਲ ਹੋਏ ਵਿਕਾਸ ਕਾਰਜਾਂ ਦੇ ਵਰਤੋਂ ਸਰਟੀਫਿਕੇਟ ਤੁਰੰਤ ਜਮ੍ਹਾਂ ਕਰਵਾਏ ਜਾਣ।

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਅੱਜ ਵਿਸ਼ੇਸ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਨੇ ਵਿਕਾਸ ਕਾਰਜਾਂ ਦੇ ਬਕਾਇਆ ਵਰਤੋਂ ਸਰਟੀਫਿਕੇਟਾਂ ਦਾ ਗੰਭੀਰ ਨੋਟਿਸ ਲੈਂਦਿਆ ਸਬੰਧਿਤ ਅਧਿਕਾਰੀਆਂ ਨੂੰ ਇਸ ਦੇ ਢੁਕਵੇਂ ‘ਤੇ ਤੁਰੰਤ ਹੱਲ ਦੇ ਨਿਰਦੇਸ਼ ਦਿੱਤੇ।ਮੀਟਿੰਗ ਦੌਰਾਨ ਉਹਨਾਂ ਉਪ ਅਰਥ ਤੇ ਅੰਕੜਾ ਸਲਾਹਕਾਰ ਡਾ. ਅਮਨਦੀਪ ਸਿੰਘ ਨੂੰ ਕਿਹਾ ਕਿ ਉਹ ਇਸ ਸਬੰਧੀ ਸਮੂਹ ਵਿਭਾਗਾਂ ਨੂੰ ਗਾਈਡ ਕਰਨ ਤਾਂ ਜੋ ਵਰਤੋਂ ਸਰਟੀਫਿਕੇਟ ਸਮੇਂ-ਸਿਰ ਜਮ੍ਹਾਂ ਹੋ ਸਕਣ।

ਉਹਨਾਂ ਕਿਹਾ ਕਿ ਮੁਕੰਮਲ ਹੋਏ ਕਾਰਜਾਂ ਦੇ ਵਰਤੋਂ ਸਰਟੀਫਿਕੇਟ ਜਮ੍ਹਾਂ ਕਰਵਾਉਣ ਵਿੱਚ ਢਿੱਲ-ਮੱਠ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਹੜੇ ਵਿਕਾਸ ਕਾਰਜ ਚੱਲ ਰਹੇ ਹਨ, ਉਨ੍ਹਾਂ ਨੂੰ ਵੀ ਸਮੇਂ ਸਿਰ ਮੁਕੰਮਲ ਕੀਤਾ ਜਾਵੇ ਅਤੇ ਜਲਦ ਤੋਂ ਜਲਦ ਉਨ੍ਹਾਂ ਦੇ ਵਰਤੋਂ ਸਰਟੀਫਿਕੇਟ ਵੀ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਜਮ੍ਹਾਂ ਕਰਵਾਏ ਜਾਣ ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰ ਵੱਲੋਂ ਵਿਕਾਸ ਕੰਮਾਂ ਦੇ ਵਰਤੋਂ ਸਰਟੀਫਿਕੇਟ ਸਮੇਂ-ਸਿਰ ਪ੍ਰਾਪਤ ਕਰਨ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ।ਉਹਨਾਂ ਕਿਹਾ ਕਿ ਵਰਤੋਂ ਸਰਟੀਫਿਕੇਟ ਸਮੇਂ ਸਿਰ ਜਮ੍ਹਾਂ ਨਾ ਕਰਵਾਉਣ ‘ਤੇ ਭਵਿੱਖ ਦੀਆਂ ਗ੍ਰਾਟਾਂ ‘ਤੇ ਰੋਕ ਲੱਗ ਸਕਦੀ ਹੈ।ਇਸ ਮੌਕੇ ਉਹਨਾਂ ਸਮੂਹ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਨਾਲ ਜ਼ਿਲ੍ਹੇ ਵਿੱਚ ਲਗਾਏ ਜਾ ਰਹੇ ਮਿੰਨੀ ਜੰਗਲਾਂ ਦੇ ਰੱਖ-ਰਖਾਵ ਲਈ ਢੁਕਵੇਂ ਪ੍ਰਬੰਧ ਕਰਨ ਦੇ ਵੀ ਆਦੇਸ਼ ਦਿੱਤੇ।

ਮੀਟਿੰਗ ਦੌਰਾਨ ਉਪ ਅਰਥ ਤੇ ਅੰਕੜਾ ਸਲਾਹਕਾਰ ਡਾ. ਅਮਨਦੀਪ ਸਿੰਘ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਗੰਡੀਵਿੰਡ ਸ੍ਰੀ ਪ੍ਰਗਟ ਸਿੰਘ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਵਲਟੋਹਾ ਸ਼੍ਰੀਮਤੀ ਸ਼ੁਕਲਾ ਦੇਵੀ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਭਿੱਖੀਵਿੰਡ ਕਿਰਨਦੀਪ ਕੌਰ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਚੋਹਲਾ ਸਾਹਿਬ ਸ੍ਰੀ ਨਰਿੰਦਰ ਸਿੰਘ, ਕਾਰਜ ਸਾਧਕ ਅਫ਼ਸਰ ਤਰਨ ਤਾਰਨ ਸ੍ਰੀ ਕਮਲਜੀਤ ਸਿੰਘ ਅਤੇ ਸੁਪਰਡੈਂਟ ਸ੍ਰੀ ਅੰਮ੍ਰਿਤਪਾਲ ਸਿੰਘ ਤੋਂ ਹੋਰ ਅਧਿਕਾਰੀ ਹਾਜ਼ਰ ਸਨ।