5 Dariya News

ਸਨੌਰ ਹਲਕੇ ਦੇ ਵੱਖ-ਵੱਖ ਪਿੰਡਾਂ 'ਚ ਹਰ ਬੁੱਧਵਾਰ ਨੂੰ ਲਗਾਏ ਜਾਣਗੇ ਜਨ ਸੁਵਿਧਾ ਕੈਂਪ-ਹਰਮੀਤ ਪਠਾਣਮਾਜਰਾ

ਸਨੌਰ ਵਿਖੇ ਲੱਗਿਆ ਜਨ ਸੁਵਿਧਾ ਕੈਂਪ ਲੋਕਾਂ ਲਈ ਵਰਦਾਨ ਸਾਬਤ ਹੋਇਆ-ਪਠਾਣਮਾਜਰਾ

5 Dariya News

ਸਨੌਰ/ਪਟਿਆਲਾ 01-Feb-2023

'ਹਲਕਾ ਸਨੌਰ ਨੂੰ ਚਾਰ ਭਾਗਾਂ ਵਿੱਚ ਵੰਡਿਆ ਗਿਆ ਹੈ ਅਤੇ ਹਰ ਭਾਗ ਦੇ ਪਿੰਡਾਂ ਵਿਖੇ ਹਰੇਕ ਬੁੱਧਵਾਰ ਨੂੰ ਜਨ ਸੁਵਿਧਾ ਕੈਂਪ ਲਗਾਏ ਜਾਣਗੇ।'' ਇਹ ਪ੍ਰਗਟਾਵਾ ਹਲਕਾ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਕੀਤਾ। ਉਹ ਅੱਜ ਸਨੌਰ ਦੇ ਸ਼ਹੀਦ ਊਧਮ ਸਿੰਘ ਪਾਰਕ ਵਿਖੇ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਈਸ਼ਾ ਸਿੰਘਲ ਤੇ ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ ਦੀ ਅਗਵਾਈ ਹੇਠ ਲਗਾਏ ਗਏ ਜਨ ਸੁਵਿਧਾ ਕੈਂਪ ਮੌਕੇ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ।

ਵਿਧਾਇਕ ਪਠਾਣਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ

ਲੋਕਾਂ ਦੀਆਂ ਸਮੱਸਿਆਵਾਂ ਉਨ੍ਹਾਂ ਦੇ ਘਰਾਂ ਦੇ ਨੇੜੇ ਜਾ ਕੇ ਹੀ ਦੂਰ ਕਰਨ ਦਾ ਕੀਤਾ ਵਾਅਦਾ ਪੂਰੀ ਤਰ੍ਹਾਂ ਨਿਭਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸੇ ਵਾਅਦੇ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਆਪਣੇ ਹਲਕੇ ਸਨੌਰ ਦੇ ਪਿੰਡਾਂ ਨੂੰ ਚਾਰ ਭਾਗਾਂ, ਸਨੌਰ, ਬਹਾਦਰਗੜ੍ਹ, ਬਲਬੇੜਾ ਅਤੇ ਦੇਵੀਗੜ੍ਹ ਵਿੱਚ ਵੰਡਿਆ ਹੈ ਅਤੇ ਇਨ੍ਹਾਂ ਅਧੀਨ ਆਉਂਦੇ ਪਿੰਡਾਂ ਵਿੱਚ ਹਰ ਮਹੀਨੇ ਹਰ ਬੁੱਧਵਾਰ ਨੂੰ ਜਨ ਸੁਵਿਧਾ ਕੈਂਪ ਲਗਾਏ ਜਾਣਗੇ।

ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ਇਨ੍ਹਾਂ ਕੈਂਪਾਂ ਦਾ ਲੋਕਾਂ ਨੂੰ ਬਹੁਤ ਵੱਡਾ ਲਾਭ ਪਹੁੰਚ ਰਿਹਾ ਹੈ ਅਤੇ ਪੰਜਾਬ ਸਰਕਾਰ ਅਸਲ ਅਰਥਾਂ ਵਿੱਚ ਲੋਕਾਂ ਦੇ ਦੁਆਰ 'ਤੇ ਪੁੱਜਕੇ ਉਨ੍ਹਾਂ ਦੇ ਮਸਲੇ ਹੱਲ ਕਰਨ ਦੇ ਨਾਲ-ਨਾਲ ਸਰਕਾਰੀ ਸਕੀਮਾਂ ਨੂੰ ਲੋਕਾਂ ਤੱਕ ਪੁੱਜਦਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਕੈਂਪ ਲੋਕਾਂ ਲਈ ਵਰਦਾਨ ਸਾਬਤ ਹੋ ਰਹੇ ਹਨ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਈਸ਼ਾ ਸਿੰਘਲ ਤੇ ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਲੋਕਾਂ ਦੀ ਸੇਵਾ 'ਚ ਹਮੇਸ਼ਾ ਹੀ ਹਾਜ਼ਰ ਹੈ। ਉਨ੍ਹਾਂ ਕਿਹਾ ਕਿ ਇਸ ਕੈਂਪ 'ਚ ਜਿੱਥੇ ਲੋਕਾਂ ਦੀਆਂ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਲਗਾਈਆਂ ਜਾਂਦੀਆਂ ਪੈਨਸ਼ਨਾਂ ਦਾ ਲਾਭ ਲਾਭਪਾਤਰੀਆਂ ਨੂੰ ਮੌਕੇ 'ਤੇ ਹੀ ਦਿੱਤਾ ਗਿਆ, ਉਥੇ ਹੀ ਕਈ ਵਿਭਾਗਾਂ ਨਾਲ ਸਬੰਧਤ ਲੰਬਿਤ ਮਾਮਲੇ ਵੀ ਨਿਪਟਾਏ ਗਏ ਹਨ।

ਇਸ ਦੌਰਾਨ ਜ਼ਿਲ੍ਹਾ ਪੇਂਡੂ ਵਿਕਾਸ ਤੇ ਪੰਚਾਇਤ ਅਫ਼ਸਰ ਅਮਨਦੀਪ ਕੌਰ, ਨਾਇਬ ਤਹਿਸੀਲਦਾਰ ਪਵਨਦੀਪ ਸਿੰਘ, ਸੀ.ਡੀ.ਪੀ.ਓ. ਰੀਤਇੰਦਰ ਕੌਰ, ਕਾਰਜ ਸਾਧਕ ਅਫ਼ਸਰ ਰਾਕੇਸ਼ ਅਰੋੜਾ ਤੋਂ ਇਲਾਵਾ ਖੁਰਾਕ ਤੇ ਸਿਵਲ ਸਪਲਾਈਜ਼, ਰੋਜ਼ਗਾਰ ਵਿਭਾਗ, ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ, ਸਿਹਤ, ਕਿਰਤ, ਖੇਤੀਬਾੜੀ ਵਿਭਾਗਾਂ ਤੇ ਸੇਵਾ ਕੇਂਦਰ ਦੇ ਕਰਮਚਾਰੀ ਅਤੇ ਅਧਿਕਾਰੀ ਮੌਜੂਦ ਸਨ।

ਇਸ ਮੌਕੇ ਲੋਕਾਂ ਨੂੰ ਦਰਪੇਸ਼ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਮੌਕੇ 'ਤੇ ਨਿਪਟਾਰਾ ਕਰਨ ਸਮੇਤ ਬਜ਼ੁਰਗਾਂ ਨੂੰ ਬੁਢਾਪਾ ਅਤੇ ਹੋਰ ਸਮਾਜਿਕ ਸੁਰੱਖਿਆ ਪੈਨਸ਼ਨਾਂ ਲਗਵਾ ਕੇ ਮੌਕੇ 'ਤੇ ਹੀ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਗਏ।ਕੈਂਪ ਮੌਕੇ ਹਰਦੇਵ ਸਿੰਘ ਪਠਾਣਮਾਜਰਾ, ਬਲਿਹਾਰ ਸਿੰਘ ਚੀਮਾ, ਬਲਜੀਤ ਸਿੰਘ ਝੁੰਗੀਆਂ, ਜਰਨੈਲ ਸਿੰਘ ਰਾਜਪੂਤ, ਪੀ.ਏ. ਗੁਰਪ੍ਰੀਤ ਸਿੰਘ ਗੁਰੀ, ਨਰਿੰਦਰ ਸਿੰਘ ਤੱਖੜ, ਸਬਜੀ ਮੰਡੀ ਪ੍ਰਧਾਨ ਅਮਨਦੀਪ ਸਿੰਘ, ਸ਼ਹਿਰੀ ਪ੍ਰਧਾਨ ਸ਼ਾਮ ਸਿੰਘ, ਸਟੇਡੀਅਮ ਪ੍ਰਧਾਨ ਮਨਮੀਤ ਸਿੰਘ, ਅਨਾਜ ਮੰਡੀ ਪ੍ਰਧਾਨ ਰਜਤ ਕਪੂਰ, ਵਿਕਾਸ ਅਟਵਾਲ, ਕਰਮਜੀਤ ਸਿੰਘ, ਡਾ. ਗੋਲਡੀ, ਮੁਲਕ ਰਾਜ ਧਰਮਕੋਟ, ਯੁਵਰਾਜ ਸਿੰਘ, ਕੁਲਦੀਪ ਗੁਰਜਰ ਸਮੇਤ ਹੋਰ ਵੀ ਮੌਜੂਦ ਸਨ।