5 Dariya News

ਵਿਧਾਇਕ ਬੱਗਾ ਅਤੇ ਪਰਾਸ਼ਰ ਵਲੋਂ ਨਿਗਮ ਅਧਿਕਾਰੀਆਂ ਨਾਲ ਰੀਵਿਊ ਮੀਟਿੰਗ

ਸ਼ਹਿਰ 'ਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜ਼ਾਂ 'ਤੇ ਕੀਤੇ ਵਿਚਾਰ ਵਟਾਂਦਰੇ

5 Dariya News

ਲੁਧਿਆਣਾ 23-Nov-2022

ਵਿਧਾਨ ਸਭਾ ਹਲਕਾ ਉੱਤਰੀ ਤੋਂ ਵਿਧਾਇਕ ਮਦਨ ਲਾਲ ਬੱਗਾ ਅਤੇ ਹਲਕਾ ਕੇਂਦਰੀ ਤੋਂ ਸ਼੍ਰੀ ਅਸ਼ੋਕ ਪਰਾਸ਼ਰ ਵਲੋਂ ਨਗਰ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਸਮੇਤ ਨਿਗਮ ਦੇ ਸੀਨੀਅਰ ਅਧਿਕਾਰੀਆਂ ਨਾਲ ਦਫਤਰ ਜ਼ੋਨ-ਡੀ ਸਰਾਭਾ ਨਗਰ ਵਿਖੇ ਸ਼ਹਿਰ ਵਿੱਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜ਼ਾਂ ਦੀ ਰਿਵਿਊ ਮੀਟਿੰਗ ਕੀਤੀ ਗਈ।

ਇਸ ਮੌਕੇ ਨਗਰ ਨਿਗਮ ਲੁਧਿਆਣਾ ਦੇ ਵਧੀਕ ਕਮਿਸ਼ਨਰ-ਸ਼੍ਰੀ ਆਦਿੱਤਯਾ ਡੇਚਲਵਾਲ, ਬੀ.ਐਡ.ਆਰੀ ਸ਼ਾਖਾ ਦੇ ਨਿਗਰਾਨ ਇੰਜੀਨੀਅਰਜ਼-ਸ਼੍ਰੀ ਤੀਰਥ ਬਾਂਸਲ, ਜ਼ੋਨ-ਏ, ਸ਼੍ਰੀ ਸੰਜੇ ਕਵੰਰ, ਜ਼ੋਨ-ਸੀ ਅਤੇ ਡੀ, ਸ਼੍ਰੀ ਰਣਜੀਤ ਸਿੰਘ (ਜੋਨ-ਬੀ), ਕਾਰਜਕਾਰੀ ਇੰਜੀਨੀਅਰਜ਼-ਸ਼੍ਰੀ ਰਾਕੇਸ਼ ਸਿੰਗਲਾ, ਸ਼੍ਰੀ ਸੰਜੀਵ ਕੁਮਾਰ, ਸ਼੍ਰੀ ਬਲਵਿੰਦਰ ਸਿੰਘ ਅਤੇ ਸ਼੍ਰੀ ਰਜਿੰਦਰ ਕੁਮਾਰ ਵੀ ਮੌਜੂਦ ਸਨ।

ਮੀਟਿੰਗ ਦੌਰਾਨ ਨਿਗਮ ਕਮਿਸ਼ਨਰ ਡਾ. ਅਗਰਵਾਲ ਵੱਲੋਂ ਅਧਿਕਾਰੀਆਂ ਨੂੰ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਸਬੰਧੀ ਹਦਾਇਤ ਕੀਤੀ ਗਈ ਕਿ ਜਿਹੜੇ ਕੰਮ ਮੁਕੰਮਲ ਹੋਣ ਦੀ ਮਿਆਦ ਲੰਘਣ ਦੇ ਬਾਵਜੂਦ ਅਧੂਰੇ  ਹਨ, ਉਨ੍ਹਾਂ ਨੂੰ ਸਬੰਧਤ ਠੇਕੇਦਾਰ ਤੋਂ ਜਲਦ ਤੋਂ ਜਲਦ ਮੁਕੰਮਲ ਕਰਵਾਇਆ ਜਾਵੇ। ਇਸ ਦੇ ਨਾਲ ਹੀ ਅਜਿਹੇ ਕੰਮ, ਜਿਨ੍ਹਾਂ ਨੂੰ ਅਲਾਟ ਕੀਤੇ ਕਾਫੀ ਸਮਾਂ ਲੰਘ ਜਾਣ ਦੇ ਬਾਵਜੂਦ ਵੀ ਠੇਕੇਦਾਰ ਵੱਲੋਂ ਕੰਮ ਸ਼ੁਰੂ ਨਹੀਂ ਕੀਤਾ ਗਿਆ ਹੈ, ਸਬੰਧੀ ਠੇਕੇਦਾਰ ਨੂੰ ਇਹ ਕੰਮ ਤੁਰੰਤ ਸ਼ੁਰੂ ਕਰਵਾਉਣ ਦੀ ਹਦਾਇਤ ਕੀਤੀ ਜਾਵੇ ਅਤੇ ਜੇਕਰ ਠੇਕੇਦਾਰ ਵੱਲੋਂ ਹਦਾਇਤਾਂ ਦੇ ਬਾਵਜੂਦ ਕੰਮ ਸ਼ੁਰੂ ਨਹੀਂ ਕੀਤੇ ਜਾਂਦੇ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਆਰੰਭੀ ਜਾਵੇ।

ਮੀਟਿੰਗ ਦੌਰਾਨ ਵਿਧਾਇਕ ਸਾਹਿਬਾਨ ਵੱਲੋਂ ਠੇਕੇਦਾਰਾਂ ਵਿਰੁੱਧ ਮੁੱਦਾ ਉਠਾਇਆ ਗਿਆ ਕਿ ਇਨ੍ਹਾਂ ਵੱਲੋਂ ਆਪਣਾ ਅਲਾਟਿਡ ਕੰਮ ਕਰਨ ਉਪਰੰਤ ਪੈਦਾ ਹੋਇਆ ਮਲਬਾ ਅਕਸਰ ਸ਼ਹਿਰ ਦੇ ਸਾਫ-ਸੁਥਰੀ ਖਾਲੀ ਜ਼ਮੀਨਾਂ ਤੇ ਸੁੱਟ ਦਿੱਤਾ ਜਾਂਦਾ ਹੈ, ਜਿਸ ਨਾਲ ਸਬੰਧਤ ਜ਼ਮੀਨਾਂ ਦੇ ਨਾਲ ਲੱਗਦੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਦੇ ਜਵਾਬ ਵਿੱਚ ਸਬੰਧਤ ਨਿਗਰਾਨ ਇੰਜੀਨੀਅਰ ਵੱਲੋਂ ਵਿਸ਼ਵਾਸ ਦਵਾਇਆ ਗਿਆ ਕਿ ਇਹ ਮਲਬਾ ਜਲਦ ਤੋਂ ਜਲਦ ਉੱਥੋਂ ਚੁੱਕਵਾ ਕੇ ਕਿਸੇ ਢੁੱਕਵੀ ਥਾਂ ਤੇ ਸੁੱਟਵਾ ਦਿੱਤਾ ਜਾਵੇਗਾ।ਉਨ੍ਹਾਂ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਠੇਕੇਦਾਰਾਂ ਨਾਲ ਕੀਤੇ ਜਾਣ ਵਾਲੇ ਐਗਰੀਮੈਂਟ ਵਿੱਚ ਮਲਬੇ ਦਾ ਸਹੀ ਢੰਗ ਨਾਲ ਡਿਸਪੋਜ਼ਲ ਕਰਨ ਸਬੰਧੀ ਸ਼ਰਤ ਸ਼ਾਮਲ ਕਰਨ ਤਾਂ ਜੋ ਉਨ੍ਹਾਂ ਨੂੰ ਕੰਮ ਦੀ ਅਦਾਇਗੀ ਮਲਬੇ ਦੇ ਸਹੀ ਢੰਗ ਨਾਲ ਨਿਪਟਾਰਾ ਕਰਨ ਉਪਰੰਤ ਹੀ ਮਿਲ ਸਕੇ।