5 Dariya News

ਜਿਲ੍ਹਾ ਰੈਡ ਕਰਾਸ ਅਤੇ ਵਿਸ਼ਵਾਸ ਫਾਉਡੇਸ਼ਨ ਵੱਲੋਂ ਲਗਾਇਆ ਗਿਆ ਖੂਨਦਾਨ ਕੈਂਪ

ਕੈਂਪ ਦੌਰਾਨ 52 ਖੂਨਦਾਨੀਆਂ ਨੇ ਕੀਤਾ ਖੂਨਦਾਨ

5 Dariya News

ਐਸ.ਏ.ਐਸ ਨਗਰ 02-Nov-2022

ਡਿਪਟੀ ਕਮਿਸ਼ਨਰ, ਸ੍ਰੀ ਅਮਿਤ ਤਲਵਾੜ ਦੀ ਅਗਵਾਈ ਵਿੱਚ ਜਿਲ੍ਹਾ ਰੈਡ ਕਰਾਸ, ਵੱਲੋਂ ਵਿਸ਼ਵਾਸ ਫਾਉਡੇਸ਼ਨ, ਪੰਚਕੂਲਾ, ਐਚ.ਡੀ. ਐਫ.ਸੀ ਬੈਂਕ ਅਤੇ ਸਾਂਝ ਕੇਂਦਰ ਮੋਹਾਲੀ ਪੁਲਿਸ ਦਫਤਰ ਦੇ ਸਹਿਯੋਗ ਨਾਲ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ-76, ਐਸ.ਏ.ਐਸ.ਨਗਰ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਬਲੱਡ ਬੈਂਕ ਸਿਵਲ ਹਸਪਤਾਲ ਫੇਜ-6 ਮੋਹਾਲੀ ਡਾਕਟਰ ਰਮਨ ਦੀ ਟੀਮ ਵੱਲੋਂ ਸਵੇਰੇ 10:00 ਵਜੇ ਤੋਂ 4:00 ਵਜੇ ਤੱਕ ਖੂਨਦਾਨ ਇੱਕਤਰ ਕੀਤਾ ਗਿਆ। 

ਇਸ ਮੌਕੇ 52 ਖੂਨਦਾਨੀਆਂ ਨੇ ਆਪਣੀ ਇੱਛਾ ਨਾਲ ਦੂਜਿਆਂ ਦੀ ਜਾਨ ਬਚਾਉਣ ਲਈ ਖੂਨਦਾਨ ਕੀਤਾ ।ਵਧੇਰੇ  ਜਾਣਕਾਰੀ ਦਿੰਦੇ ਹੋਏ ਕਮਲੇਸ਼ ਕੁਮਾਰ, ਸਕੱਤਰ, ਰੈਡ ਕਰਾਸ ਨੇ  ਦੱਸਿਆ ਕਿ ਇਸ ਕੈਂਪ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਅਮਨਿੰਦਰ ਬਰਾੜ, (ਜ) ਪੀ.ਸੀ.ਐਸ, ਸਹਾਇਕ ਕਮਿਸ਼ਨਰ ਸ੍ਰੀ ਤਰਸੇਮ ਚੰਦ, ਪੀ.ਸੀ.ਐਸ, ਸ਼੍ਰੀ ਅਜਿੰਦਰ ਸਿੰਘ, ਪੀ.ਪੀ.ਐਸ, ਐਸ.ਪੀ ਹੈਂਡ ਕਵਾਰਟਰ ਅਤੇ ਵਿਸ਼ਵਾਸ ਫਾਊਂਡੇਸ਼ਨ ਦੀ ਪ੍ਰਧਾਨ, ਸਾਧਵੀ ਨੀਲੀਮਾ ਵਿਸ਼ਵਾਸ, ਸਾਧਵੀਂ ਸ਼ਕਤੀ ਵਿਸ਼ਵਾਸ, ਰਿਸ਼ੀ ਸਰਲ ਵਿਸ਼ਵਾਸ, ਮੰਜੂਲਾ ਗੁਲਾਟੀ ਅਤੇ ਐਚ ਡੀ ਐਫ ਸੀ  ਬੈਂਕ ਸ਼੍ਰੀਮਤੀ ਮੇਨਕਾ ਵੱਲੋਂ ਸਮੂਲੀਅਤ ਕੀਤੀ ਗਈ।

ਉਨ੍ਹਾਂ ਦੱਸਿਆ ਇਸ ਕੈਂਪ ਵਿੱਚ ਰੈਡ ਕਰਾਸ, ਸਾਂਝ ਕੇਂਦਰ ਮੋਹਾਲੀ ਪੁਲਿਸ ਦਫਤਰ ਅਤੇ ਵਿਸ਼ਵਾਸ ਫਾਉਡੇਸ਼ਨ ਦੀ ਟੀਮ ਵਲੋਂ ਖੂਨਦਾਨੀਆਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ ਗਿਆ, ਸਰਟੀਫਿਕੇਟ ਦਿੱਤੇ ਗਏ ਅਤੇ ਰਿਫਰੇਸ਼ਮੈਟ ਵੀ ਦਿੱਤੀ ਗਈ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ)  ਵੱਲੋਂ ਖੂਨਦਾਨੀਆਂ ਨੂੰ ਬੈਜ ਲਗਾ ਕੇ ਉਨ੍ਹਾਂ ਨੂੰ ਵੱਧ ਤੋਂ ਵੱਧ ਖੂਨ ਦਾਨ ਕਰਨ ਲਈ ਉਤਸ਼ਾਹਿਤ ਕੀਤਾ ਗਿਆ । ਕੈਂਪ ਵਿੱਚ ਆਮ ਪਬਲਿਕ ਦੇ ਨਾਲ-ਨਾਲ ਮੋਹਾਲੀ ਪੁਲਿਸ ਦਫਰਤਾਂ ਵਿੱਚ ਕੰਮ ਕਰ ਰਹੇ ਮੁਲਾਜਮਾਂ ਵੱਲੋਂ ਵੀ ਖੂਨਦਾਨ ਕੀਤਾ ਗਿਆ।

ਸ੍ਰੀ ਕਮਲੇਸ਼ ਕੁਮਾਰ ਨੇ ਦੱਸਿਆ ਕਿ ਲੋਕਾਂ ਵਿੱਚ ਇਹ ਗਲਤ ਧਾਰਨਾ ਹੈ ਕਿ ਖੂਨਦਾਨ ਕਰਨ ਨਾਲ ਸਰੀਰ ਵਿੱਚ ਕਮਜੋਰੀ ਆਉਂਦੀ ਹੈ ਉਨ੍ਹਾਂ ਕਿਹਾ ਕਿ ਖੂਨਦਾਨ ਕਰਕੇ ਕੋਈ ਕਮਜੋਰੀ ਨਹੀ ਹੈ, ਬਲਕਿ ਹਰ ਕਿਸੇ ਨੂੰ 90 ਦਿਨਾਂ ਵਿੱਚ ਇੱਕ ਵਾਰ ਖੂਨਦਾਨ ਕਰਨਾ ਚਾਹੀਦਾ ਹੈ। ਇਹ ਲੋੜਵੰਦਾਂ ਦੀ ਮਦਦ ਦੇ ਨਾਲ-ਨਾਲ ਸਰੀਰ ਨੂੰ ਤੰਦਰੁਸਤ ਰੱਖਦਾ ਹੈ। ਖੂਨਦਾਨ ਕਰਨਾ ਇੱਕ ਨੇਕ ਕੰਮ ਹੈ ਅਤੇ ਮਾਨਵਤਾ ਦੀ ਸੇਵਾ ਵਿੱਚ ਆਉਦਾ ਹੈ। 

ਇਸ ਨੂੰ ਲੋਕ ਲਹਿਰ ਬਣਾਉਣ ਦੀ ਲੋੜ ਹੈ ਕਿਉਂਕਿ ਖੂਨ ਕਿਸੇ ਦਵਾਈ ਆਦਿ ਤੋ ਤਿਆਰ ਨਹੀ ਕੀਤਾ ਜਾ ਸਕਦਾ ਸਗੋ ਇਸ ਨੂੰ ਇਨਸਾਨ ਤੋ ਹੀ ਉਸਦੀ ਇੱਛਾ ਅਨੁਸਾਰ ਲਿਆ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਇਸ ਸਾਲ ਰੈਡ ਕਰਾਸ ਸ਼ਾਖਾ ਵਲੋ 5,000 ਬਲੱਡ ਯੂਨਿਟ ਇੱਕਤਰ ਕਰਨ ਦਾ ਟੀਚਾ ਰੱਖਿਆ ਗਿਆ ਹੈ ਅਤੇ ਰੈਡ ਕਰਾਸ ਦੀਆਂ ਚਲਾਈਆਂ ਜਾ ਰਹੀਆ ਗਤੀਵਿਧੀਆਂ ਜਿਵੇ ਕਿ ਫਸਟ ਏਡ ਟੇ੍ਰਨਿੰਗ, ਪੇਸੈਂਟ ਕੇਅਰ ਅਟੈਡੈਂਟ ਸਰਵਿਸ, ਜਨ ਅੋਸ਼ਧੀ ਸਟੋਰਾਂ ਦੀਆਂ ਸਹੂਲਤਾ ਬਾਰੇ ਆਮ ਜਨਤਾ ਨੂੰ ਜਾਣੂ ਕਰਵਾਇਆ ਗਿਆ। 

ਅੰਤ ਵਿੱਚ ਸਕੱਤਰ,ਰੈੱਡ ਕਰਾਸ ਕਮਲੇਸ਼ ਕੁਮਾਰ ਵਲੋਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਕਿ ਸਾਨੂੰ ਵੱਧ ਤੋਂ ਵੱਧ ਖੂਨਦਾਨ ਕੈਂਪ ਲਗਾਉਣੇ ਚਾਹੀਦੇ ਹਨ ਅਤੇ ਜੇਕਰ ਕਿਸੇ ਸੰਸਥਾ ਜਾਂ ਐਨ.ਜੀ.ਓ. ਨੂੰ ਕੈਂਪ ਲਗਾਉਣ ਲਈ ਕਿਸੇ ਸਹਿਯੋਗ ਦੀ ਲੋੜ ਹੈ ਤਾਂ ਉਹ ਰੈਡ ਕਰਾਸ ਸ਼ਾਖਾ ਨਾਲ ਸੰਪਰਕ ਕਰ ਸਕਦਾ ਹੈ। ਰੈਡ ਕਰਾਸ ਸ਼ਾਖਾ ਸੰਸਥਾ/ਐਨ.ਜੀ.ਓ. ਦੀ ਮਦਦ ਕਰਨ ਲਈ ਹਮੇਸ਼ਾਂ ਤੱਤਪਰ ਰਹੇਗੀ।