5 Dariya News

ਗੁਰੂ ਹਰਕ੍ਰਿਸ਼ਨ ਸਾਹਿਬ ਚੈਰੀਟੇਬਲ ਹਸਪਤਾਲ 'ਚ ਖੁੱਲ੍ਹੇਗਾ ਕੈਂਸਰ ਇੰਸਟੀਚਿਊਟ : ਗੁਰਮੀਤ ਸਿੰਘ

ਗੁਰਬਾਣੀ ਦਾ ਓਟ ਆਸਰਾ ਲੈ ਕੇ 16 ਅਕਤੂਬਰ ਨੂੰ ਹੋਵੇਗਾ ਉਦਘਾਟਨ, ਭਾਈ ਖੰਨੇ ਵਾਲਿਆਂ ਦੀ ਯਾਦ 'ਚ ਮਹਾਨ ਸਮਾਗਮ ਦੌਰਾਨ ਸੰਗਤਾਂ ਹੋਣਗੀਆਂ ਨਤਮਸਤਕ

5 Dariya News

ਐੱਸ.ਏ.ਐੱਸ ਨਗਰ 13-Oct-2022

ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਅਕਾਲ ਆਸ਼ਰਮ ਸੋਹਾਣਾ ਵਿਖੇ ਪੰਥ ਰਤਨ ਭਾਈ ਜਸਵੀਰ ਸਿੰਘ ਜੀ ਖ਼ਾਲਸਾ ਖੰਨੇ ਵਾਲਿਆਂ ਦੀ ਯਾਦ 'ਚ ਮਹਾਨ ਗੁਰਮਤਿ ਸਮਾਗਮ 16 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ 'ਚ ਦੁਨੀਆਂ ਭਰ ਦੇ ਵੱਖ ਵੱਖ ਦੇਸ਼ਾਂ ਤੋਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਹਾਜ਼ਰੀ ਭਰਨਗੀਆਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ 'ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਚੈਰੀਟੇਬਲ ਟਰੱਸਟ' ਦੇ ਟਰੱਸਟੀ ਗੁਰਮੀਤ ਸਿੰਘ ਵੱਲੋਂ ਕੀਤਾ ਗਿਆ।

ਗੁਰਮੀਤ ਸਿੰਘ ਜੀ ਨੇ ਦੱਸਿਆ ਕਿ ਧਾਰਮਿਕ ਸਮਾਗਮ ਸਵੇਰੇ 10 ਵਜੇ ਸ਼ੁਰੂ ਹੋ ਕੇ ਰਾਤ 10.30 ਵਜੇ ਤਕ ਚੱਲੇਗਾ, ਜਿਸ 'ਚ ਪੰਥ ਦੇ ਪ੍ਰਸਿੱਧ ਰਾਗੀ ਅਤੇ ਢਾਡੀਆਂ ਤੋਂ ਇਲਾਵਾ ਕਥਾ ਵਾਚਕ ਸੰਗਤਾਂ ਨੂੰ ਪਵਿੱਤਰ ਗੁਰਬਾਣੀ ਨਾਲ ਜੋੜਨਗੇ। ਇਸ ਉਪਰਾਲੇ ਲਈ ਹਰ ਤਰਾਂ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ  ਜਿਸ ਤਰਾਂ ਭਾਈ ਜਸਵੀਰ ਸਿੰਘ ਖੰਨੇ ਵਾਲਿਆਂ ਨੇ ਮਨੁੱਖਤਾ ਦੀ ਭਲਾਈ ਲਈ ਪੂਰੀ ਸ਼ਿੱਦਤ ਅਤੇ ਮਿਹਨਤ ਨਾਲ ਅੱਖਾਂ ਦੇ ਹਸਪਤਾਲ ਨੂੰ ਆਰੰਭ ਕਰਕੇ ਇਸ ਕਾਰਜ ਨੂੰ ਸਫਲ ਬਣਾਉਦੇਂ ਹੋਏ ਇਕ ਮਿਸਾਲ ਭਰਿਆ ਕਾਰਜ ਕੀਤਾ ਹੈ।

ਉਸੇ ਤਰਾਂ ਹੀ ਟਰੱਸਟ ਵੱਲੋਂ ਵੀ ਉਨ੍ਹਾਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲਦਾ ਹੋਇਆ ਮੈਡੀਕਲ ਸਿੱਖਿਆ ਅਤੇ ਇਲਾਜ ਦੇ ਖੇਤਰ 'ਚ ਆਪਣਾ ਨਿਰੰਤਰ ਯੋਗਦਾਨ ਪਾ ਰਿਹਾ ਹੈ।ਗੁਰਮੀਤ ਸਿੰਘ ਜੀ ਨੇ  ਅੱਗੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਮਨੁੱਖਤਾ ਦੀ ਸੇਵਾ ਲਈ ਪਹਿਲਾਂ ਅੱਖਾਂ ਦੇ ਹਸਪਤਾਲ ਅਤੇ ਫਿਰ ਮਲਟੀ ਸਪੈਸ਼ਲਿਟੀ ਉਪਰੰਤ ਸੁਪਰ ਸਪੈਸ਼ਲਿਟੀ ਮੈਡੀਕਲ ਸੇਵਾਵਾਂ ਉਪਲਬਧ ਕਰਾਉਣ ਤੋਂ ਬਾਅਦ ਮਾਨਵ ਸੇਵਾ ਲਈ ਇਕ ਹੋਰ ਉਪਰਾਲਾ ਕੀਤਾ ਜਾ ਰਿਹਾ ਹੈ। 

ਹੁਣ 16 ਅਕਤੂਬਰ ਨੂੰ ਇਸ ਕੜੀ 'ਚ ਕੈਂਸਰ ਦਾ ਇਲਾਜ ਕਰਨ ਦੇ ਉਪਰਾਲੇ ਵਜੋਂ ਪੁਲਾਂਘ ਪੁੱਟੀ ਜਾਵੇਗੀ। ਸਾਲਾਨਾ ਸਮਾਗਮ ਵਾਲੇ ਦਿਨ ਹੀ ਦੁਪਹਿਰ 1 ਵਜੇ ਸੋਹਾਣਾ ਵਿਚ ਇਸ ਕੈਂਸਰ ਰਿਸਰਚ ਇੰਸਟੀਚਿਊਟ ਦਾ ਉਦਘਾਟਨ ਕੀਤਾ ਜਾਵੇਗਾ। ਇਸ ਦੇ ਨਾਲ ਪੰਜਾਬ ਹੀ ਨਹੀਂ ਬਲਕਿ ਭਾਰਤ 'ਚ ਵੱਡੇ ਪੱਧਰ 'ਤੇ ਫੈਲ ਰਹੀ ਕੈਂਸਰ ਦੀ ਨਾਮੁਰਾਦ ਬਿਮਾਰੀ ਦੇ ਇਲਾਜ ਲਈ ਵੱਡੇ ਉਪਰਾਲੇ  ਸ਼ੁਰੂ ਹੋ ਜਾਣਗੇ ।

ਟਰੱਸਟੀ ਨੇ ਅੱਗੇ ਦੱਸਿਆ ਕਿ ਸੁਪਰ ਸਪੈਸ਼ਲਿਟੀ ਹਸਪਤਾਲ 'ਚ ਕੈਂਸਰ ਦੇ ਇਲਾਜ ਦਾ ਵੱਖਰਾ ਵਿੰਗ ਸ਼ੁਰੂ ਹੋਣ ਨਾਲ ਇਸ ਖ਼ਿੱਤੇ ਦੇ ਹੀ ਨਹੀ ਬਲਕਿ ਪੰਜਾਬ/ਹਰਿਆਣਾ ਤੇ ਹਿਮਾਚਲ ਦੇ ਮਰੀਜ਼ਾਂ ਨੂੰ ਅਤਿ-ਆਧੁਨਿਕ ਸਹੂਲਤਾਂ ਤੇ ਉਚ-ਕੋਟੀ ਦਾ ਇਲਾਜ ਪ੍ਰਦਾਨ ਹੋਵੇਗਾ।ਗੁਰਮੀਤ ਸਿੰਘ ਨੇ  ਕਿਹਾ ਕਿ ਇਹ  ਕੈਂਸਰ ਦੇ ਇਲਾਜ ਦਾ ਸੰਪੂਰਨ ਹਸਪਤਾਲ  ਹਸਪਤਾਲ ਹੋਵੇਗਾ ਜਿੱਥੇ ਰੇਡੀਏਸ਼ਨ  ਤੋਂ ਇਲਾਵਾ ਸਰਜੀਕਲ ਅਤੇ ਮੈਡੀਕਲ ਆਨਕਾਲੋਜੀ ਦੀਆਂ ਸਹੂਲਤਾਂ ਵੀ ਉਪਲਬਧ ਹੋਣਗੀਆਂ। 

ਉਨ੍ਹਾਂ ਦੱਸਿਆ ਕਿ ਮੈਡੀਕਲ ਖੇਤਰ 'ਚ ਸਾਡੇ ਕਾਰਜ ਇੱਥੇ ਖ਼ਤਮ ਨਹੀਂ ਹੋਣਗੇ ਬਲਕਿ ਆਉਣ ਵਾਲੇ ਸਮੇਂ 'ਚ ਨਾਮੁਰਾਦ ਬਿਮਾਰੀਆਂ ਦੇ ਇਲਾਜ ਲਈ ਟਰੱਸਟ ਆਪਣਾ ਯੋਗਦਾਨ ਪਾਉਂਦਾ ਰਹੇਗਾ।ਦੱਸਣਾ ਬਣਦਾ ਹੈ ਕਿ 'ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਚੈਰੀਟੇਬਲ ਆਈ ਹਸਪਤਾਲ ਟਰੱਸਟ' ਲੋੜਵੰਦ ਮਰੀਜ਼ਾਂ ਦੀ ਪਿਛਲੇ 30 ਸਾਲਾਂ ਤੋਂ ਸਹਾਇਤਾ ਕਰਦਾ ਆ ਰਿਹਾ ਹੈ। ਲੋੜਵੰਦ/ਗਰੀਬ ਮਰੀਜ਼ਾਂ ਨੂੰ ਅੱਖਾਂ ਦੇ ਮੁਫ਼ਤ ਇਲਾਜ ਤੋਂ ਇਲਾਵਾ ਕੈਂਸਰ ਦੇ ਉੱਚ-ਪੱਧਰੀ ਜਾਂਚ ਕੈਂਪਾਂ 'ਚ ਮੋਬਾਈਲ ਮੈਮੋਗ੍ਰਾਫੀ ਵੈਨ ਪਿੰਡ-ਪਿੰਡ,ਸ਼ਹਿਰ-ਸ਼ਹਿਰ ਜਾ ਕੇ ਇਲਾਜ ਕਰ ਰਹੀ ਹੈ। ਹੁਣ ਇੱਥੇ ਕੈਂਸਰ ਇੰਸਟੀਚਿਊਟ ਬਣਨ ਨਾਲ ਮਰੀਜ਼ਾਂ ਦੀ ਦੂਰ-ਦੁਰਾਡੇ ਜਾ ਕੇ ਇਲਾਜ ਕਰਵਾਉਣ ਦੀ ਖੱਜਲ-ਖੁਆਰੀ ਘਟੇਗੀ।