5 Dariya News

ਝੋਨੇ ਦੀ ਪਰਾਲੀ ਸਾੜਨ ਤੋਂ ਰੋਕਣ ਲਈ ਜ਼ਿਲ੍ਹਾ ਤਰਨ ਤਾਰਨ ਵਿੱਚ 502 ਨੋਡਲ ਅਫ਼ਸਰ ਅਤੇ 47 ਕਲੱਸਟਰ ਅਫ਼ਸਰ ਤਾਇਨਾਤ-ਡਿਪਟੀ ਕਮਿਸ਼ਨਰ

ਰਿਮੋਟ ਸੈਂਸਿੰਗ ਰਾਹੀਂ ਪਰਾਲੀ ਸਾੜਨ ਦੀ ਘਟਨਾ ਦਾ ਪਤਾ ਲੱਗਣ ‘ਤੇ ਨੋਡਲ ਅਫ਼ਸਰ ਮੌਕੇ ‘ਤੇ ਜਾ ਕੇ ਸਬੰਧਿਤ ਐੱਸ. ਡੀ. ਐੱਮ ਨੂੰ ਕਰੇਗਾ ਰਿਪੋਰਟ

5 Dariya News

ਤਰਨ ਤਾਰਨ 10-Oct-2022

ਜ਼ਿਲ੍ਹਾ ਤਰਨ ਤਾਰਨ ਵਿੱਚ ਝੋਨੇ ਦੀ ਪਰਾਲੀ ਸਾੜਨ ਨੂੰ ਰੋਕਣ ਲਈ ਅਤੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਸਬੰਧੀ ਆਧੁਨਿਕ ਤਰੀਕਿਆਂ ਤੋਂ ਜਾਣੂ ਕਰਵਾਉਣ ਲਈ ਜਿ਼ਲ੍ਹਾ ਤਰਨ ਤਾਰਨ ਵਿਚ 502 ਨੋਡਲ ਅਫ਼ਸਰ ਅਤੇ 47 ਕਲੱਸਟਰ ਅਫਸਰ ਤਾਇਨਾਤ ਕੀਤੇ ਗਏ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਰਨ ਤਰਨ ਤਾਰਨ ਸ੍ਰੀ ਮੋਨੀਸ਼ ਕੁਮਾਰ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਸਬੰਧਿਤ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਜਗਵਿੰਦਰਜੀਤ ਸਿੰਘ ਗਰੇਵਾਲ, ਐੱਸ. ਡੀ. ਐੱਮ. ਤਰਨ ਤਾਰਨ ਸ੍ਰੀ ਰਜਨੀਸ਼ ਅਰੋੜਾ, ਐੱਸ. ਡੀ. ਐੱਮ. ਪੱਟੀ ਸ੍ਰੀ ਰਾਜੇਸ਼ ਸ਼ਰਮਾ, ਐੱਸ. ਡੀ. ਐੱਮ. ਖਡੂਰ ਸਾਹਿਬ ਸ੍ਰੀ ਦੀਪਕ ਭਾਟੀਆ, ਜ਼ਿਲ੍ਹਾ ਮਾਲ ਅਫ਼ਸਰ ਸ੍ਰੀ ਅਦਿਤਿਆ ਗੁਪਤਾ ਅਤੇ ਸਹਾਇਕ ਕਮਿਸ਼ਨਰ ਜਨਰਲ ਸ੍ਰੀ ਪਵਨ ਕੁਮਾਰ ਸ਼ਰਮਾ ਤੋਂ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ।    

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਮੂਹ ਨੋਡਲ ਅਫ਼ਸਰ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਪ੍ਰੇਰਿਤ ਕਰਨਗੇ ਅਤੇ ਉਨ੍ਹਾਂ ਨੂੰ ਪਰਾਲੀ ਪ੍ਰਬੰਧਨ ਲਈ ਮਸ਼ੀਨਾਂ ਦੀ ਉਪਲਬੱਧਤਾ ਵਿੱਚ ਸਹਾਇਤਾ ਕਰਨ ਦੇ ਨਾਲ-ਨਾਲ ਪਰਾਲੀ ਸਾੜਨ ਨਾਲ ਹੋਣ ਵਾਲੇ ਨੁਕਸਾਨ ਤੋਂ ਵੀ ਜਾਣੂ ਕਰਵਾਉਣਗੇ।ਉਨ੍ਹਾਂ ਨੇ ਕਿਹਾ ਕਿ ਜਿੱਥੇ ਕਿਤੇ ਵੀ ਰਿਮੋਟ ਸੈਂਸਿੰਗ ਰਾਹੀਂ ਪਰਾਲੀ ਸਾੜਨ ਦੀ ਘਟਨਾ ਦਾ ਪਤਾ ਚੱਲੇਗਾ, ਉਥੇ ਨੋਡਲ ਅਫ਼ਸਰ ਮੌਕੇ ‘ਤੇ ਜਾ ਕੇ ਸਬੰਧਿਤ ਐੱਸ. ਡੀ. ਐੱਮ ਨੂੰ ਰਿਪੋਰਟ ਕਰੇਗਾ।

ਇਸ ਮੌਕੇ ਸਬੰਧਿਤ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਅਤੇ ਪੀ. ਆਰ ਐੱਸ. ਸੀ. ਵੱਲੋ ਭੇਜੇ ਜਾਂਦੇ ਐੱਸ. ਐੱਮ. ਐੱਸ. ਅਧੀਨ ਅੱਗ ਲੱਗਣ ਵਾਲੇ ਸਥਾਨਾਂ ‘ਤੇ ਪਹੁੰਚ ਕੇ ਤੁਰੰਤ ਕਾਰਵਾਈ ਕੀਤੀ ਜਾਵੇ।ਉਹਨਾਂ ਕਿਹਾ ਕਿ ਕਾਰਵਾਈ ਦੋਰਾਨ ਨੋਡਲ ਅਫਸਰ ਅੱਗ ਲੱਗਣ ਵਾਲੀ ਜਗਾ੍ਹ ਦੀ ਫੋਟੋ ਅਤੇ ਨੋਟ (ਅੱਗ ਲੱਗੀ ਜਾਂ ਨਹੀ) ਤਿਆਰ ਕਰਕੇ ਲੰਬਕਾਰ ਤੇ ਵਿਤਕਾਰ ਸਮੇਤ ਰਿਪੋਰਟ 24 ਘੰਟੇ ਦੇ ਅੰਦਰ ਕਲੱਸਟਰ ਅਫਸਰ ਨੂੰ ਭੇਜੇਗਾ।

ਇਸ ਮੌਕੇ ਉਹਨਾਂ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਨੂੰ ਰਕਬੇ ਦੇ ਹਿਸਾਬ ਨਾਲ ਜੁਰਮਾਨਾ ਲਗਾਇਆ ਜਾਵੇ। ਉਹਨਾਂ ਨੇ ਕਿਹਾ ਕਿ 2 ਏਕੜ ਤੱਕ 2500 ਰੁਪਏ, 2 ਤੋਂ 5 ਏਕੜ ਤੱਕ 5000 ਰੁਪਏ ਅਤੇ 5 ਏਕੜ ਤੋਂ ਉਪਰ 15000 ਰੁਪਏ ਜੁਰਮਾਨਾ ਕੀਤਾ ਜਾ ਸਕਦਾ ਹੈ।ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਮੂਹ ਉੱਪ-ਮੰਡਲ ਮੈਜਿਸਟਰੇਟ ਨੂੰ ਹਦਾਇਤ ਕਰਿਦਆਂ ਕਿਹਾ ਕਿ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਦੀ ਫਰਦ ਵਿੱਚ ਲਾਲ ਐਂਟਰੀ ਕਰਨੀ ਵੀ ਯਕੀਨੀ ਬਣਾਈ ਜਾਵੇ।