5 Dariya News

ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦੇ 115ਵੇਂ ਜਨਮ ਦਿਵਸ ਨੂੰ ਸਮਰਪਿਤ ਹਾਫ ਮੈਰਾਥਨ ’ਚ ਜਲੰਧਰੀਆਂ ਨੇ ਉਤਸ਼ਾਹ ਨਾਲ ਲਿਆ ਭਾਗ

ਵਿਧਾਇਕ ਤੇ ਡਿਪਟੀ ਕਮਿਸ਼ਨਰ ਨੇ ਆਗਾਜ਼ ਕਰਦਿਆਂ ਖੁਦ ਕੀਤੀ ਹਾਫ ਮੈਰਾਥਨ ਦੀ ਅਗਵਾਈ,ਵੈਟਰਨ ਅਥਲੀਟ ਫੌਜਾ ਸਿੰਘ, ਨਾਮੀ ਦੌੜਾਕ ਮੇਜਰ ਡੀ.ਪੀ. ਸਿੰਘ, ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੇ ਵੀ ਕੀਤੀ ਸ਼ਿਰਕਤ

5 Dariya News

ਜਲੰਧਰ 09-Oct-2022

ਜ਼ਿਲ੍ਹਾ ਪ੍ਰਸ਼ਾਸਨ ਦੀ ਰਹਿਨੁਮਾਈ ਹੇਠ ਐਤਵਾਰ ਨੂੰ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦੇ 115ਵੇਂ ਜਨਮ ਦਿਵਸ ਨੂੰ ਸਮਰਪਿਤ ਹਾਫ ਮੈਰਾਥਨ ‘ਦੌੜ ਜਲੰਧਰ’ ਕਰਵਾਈ ਗਈ, ਜਿਸ ਦਾ ਆਗਾਜ਼ ਹਲਕਾ ਨਕੋਦਰ ਤੋਂ ਵਿਧਾਇਕ ਇੰਦਰਜੀਤ ਕੌਰ ਮਾਨ ਤੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਤੋਂ ਝੰਡੀ ਦੇ ਕੇ ਕੀਤਾ ਅਤੇ ਖੁਦ ਦੌੜ ਵਿੱਚ ਹਿੱਸਾ ਲੈਂਦਿਆਂ ਲੋਕਾਂ ਖਾਸ ਕਰ ਨੌਜਵਾਨਾਂ ਨੂੰ ਨਸ਼ਾ ਰਹਿਤ ਸਿਹਤਮੰਦ ਜੀਵਨ ਸ਼ੈਲੀ ਅਪਨਾਉਣ ਦਾ ਸੱਦਾ ਦਿੱਤਾ। 

ਵਨ ਰੇਸ ਤੇ ਕੈਪੀਟਲ ਸਮਾਲ ਫਾਇਨਾਂਸ ਬੈਂਕ ਦੇ ਸਹਿਯੋਗ ਨਾਲ ਪੰਜ, 10 ਅਤੇ 21.1 ਕਿਲੋਮੀਟਰ ਸਮੇਤ ਤਿੰਨ ਕੈਟਾਗਰੀਜ਼ ਵਿੱਚ ਕਰਵਾਈ ਗਈ ਹਾਫ ਮੈਰਾਥਨ ਵਿੱਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਨੇ ਭਾਗ ਲਿਆ। ਇਸ ਮੌਕੇ ਜਿਥੇ ਵੈਟਰਨ ਅਥਲੀਟ ਫੌਜਾ ਸਿੰਘ, ਫੌਜ ਦੇ ਸੇਵਾਮੁਕਤ ਅਧਿਕਾਰੀ, ਕਾਰਗਿਲ ਜੰਗ ਦੇ ਹੀਰੋ ਤੇ ਨਾਮੀ ਦੌੜਾਕ ਮੇਜਰ ਡੀ.ਪੀ. ਸਿੰਘ, ਓਲੰਪੀਅਨ ਸੁਰਿੰਦਰ ਸਿੰਘ ਸੋਢੀ, ਸਾਬਕਾ ਮੰਤਰੀ ਅਮਰਜੀਤ ਸਿੰਘ ਸਮਰਾ ਸਮੇਤ ਨਾਮੀ ਸ਼ਖਸੀਅਤਾਂ ਨੇ ਭਾਗੀਦਾਰਾਂ ਦੀ ਹੌਸਲਾ ਅਫਜ਼ਾਈ ਲਈ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਉਥੇ ਜਲੰਧਰ ਦੇ ਨਾਲ-ਨਾਲ ਹੋਰਨਾਂ ਜ਼ਿਲ੍ਹਿਆਂ ਅਤੇ ਦੂਜੇ ਰਾਜਾਂ ਤੋਂ ਤਿੰਨ ਹਜ਼ਾਰ ਤੋਂ ਵੱਧ ਭਾਗੀਦਾਰਾਂ ਨੇ ਭਾਗ ਲਿਆ।

ਸਮਾਜ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਸਾਂਝਾ ਹੰਭਾਲ ਮਾਰਨ ਦਾ ਸੱਦਾ ਦਿੰਦਿਆਂ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਅਤੇ ਸੂਬਾ ਵਾਸੀਆਂ ਨੂੰ ਖੇਡਾਂ ਨਾਲ ਜੋੜਨ ਲਈ ਵੱਡੇ ਪੱਧਰ ’ਤੇ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਹਾਲ ਹੀ ਵਿੱਚ ਸੂਬੇ ਭਰ ਵਿੱਚ ‘ਖੇਡਾਂ ਵਤਨ ਪੰਜਾਬ ਦੀਆਂ’ ਕਰਵਾਈਆਂ ਗਈਆਂ।ਲੋਕਾਂ ਨੂੰ ਸੂਬਾ ਸਰਕਾਰ ਵੱਲੋਂ ਖੇਡ ਸੱਭਿਆਚਾਰ ਨੂੰ ਪ੍ਰਫੁਲਿਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਵਿੱਚ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਬਲਾਕ ਪੱਧਰ ਤੱਕ ਅਜਿਹੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਨੌਜਵਾਨ ਪੀੜ੍ਹੀ ਖੇਡਾਂ ਪ੍ਰਤੀ ਉਤਸ਼ਾਹਿਤ ਹੁੰਦੀ ਰਹੇ।

ਇਸ ਮੌਕੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਕਿਹਾ ਕਿ ਸਿਹਤਮੰਦ ਜੀਵਨ ਲਈ ਸਰੀਰਿਕ ਗਤੀਵਿਧੀਆਂ ਨੂੰ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਸਮੇਂ ਦੀ ਮੁੱਖ ਲੋੜ ਹੈ, ਜਿਸ ਦੇ ਲਈ ਹਰੇਕ ਵਿਅਕਤੀ ਨੂੰ ਕੋਈ ਨਾ ਕੋਈ ਖੇਡ ਜ਼ਰੂਰ ਖੇਡਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ਼ਹੀਦ-ਏ-ਆਜ਼ਮ ਦੇ ਸੁਪਨਿਆਂ ਦਾ ਦੇਸ਼ ਸਿਰਜਣ ਲਈ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿੰਦਿਆਂ ਆਪਣੀ ਊਰਜਾ ਉਸਾਰੂ ਕਾਰਜਾਂ ਵਿੱਚ ਲਾਉਣੀ ਚਾਹੀਦੀ ਹੈ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਨੌਜਵਾਨਾਂ ਨੂੰ ਹਰ ਹਾਲਾਤ ਵਿੱਚ ਸਕਾਰਾਤਮਕ ਰਹਿਣ ਦੀ ਸਲਾਹ ਦਿੰਦਿਆਂ ਸ਼ਹਿਰ ਵਾਸੀਆਂ ਨੂੰ ਜਲੰਧਰ ਨੂੰ ਸਾਫ-ਸੁਥਰਾ ਤੇ ਹਰਿਆ-ਭਰਿਆ ਬਣਾਉਣ ਦਾ ਪ੍ਰਣ ਲੈਣ ਲਈ ਵੀ ਕਿਹਾ। 

ਇਸ ਤੋਂ ਪਹਿਲਾਂ ਵਿਧਾਇਕ ਤੇ ਡਿਪਟੀ ਕਮਿਸ਼ਨਰ ਵੱਲੋਂ ਹਾਫ ਮੈਰਾਥਨ ਦੇ ਜੇਤੂਆਂ ਨੂੰ ਸਨਮਾਨਿਤ ਵੀ ਕੀਤਾ ਗਿਆ। 21.1 ਕਿਲੋਮੀਟਰ ਪੁਰਸ਼ ਵਿੱਚ ਸਾਹਿਲ ਗਿੱਲ ਤੇ ਮਹਿਲਾਵਾਂ ਵਿੱਚੋਂ ਏਕਤਾ ਨੇ ਜਿੱਤ ਹਾਸਲ ਕੀਤੀ। ਇਸੇ ਤਰ੍ਹਾਂ 10 ਕਿਲੋਮੀਟਰ ਵਰਗ ਵਿੱਚ ਪੁਰਸ਼ਾਂ ’ਚੋਂ ਤਰੁਣ ਕੁਮਾਰ ਤੇ ਮਹਿਲਾਵਾਂ ਵਿੱਚੋਂ ਗੁਰਪ੍ਰੀਤ ਕੌਰ ਅਤੇ 5 ਕਿਲੋਮੀਟਰ ਵਰਗ ਪੁਰਸ਼ਾਂ ਵਿੱਚ ਤੁਸ਼ਾਰ ਦਹੀਆ ਅਤੇ ਮਹਿਲਾਵਾਂ ਵਿੱਚ ਅੰਜੂ ਯਾਦਵ ਜੇਤੂ ਰਹੇ।  

ਜ਼ਿਕਰਯੋਗ ਹੈ ਕਿ ਵਿਧਾਇਕ ਇੰਦਰਜੀਤ ਕੌਰ ਨੇ ਜਿਥੇ ਪਰਿਵਾਰ ਸਮੇਤ 5 ਕਿਲੋਮੀਟਰ ਦੌੜ ਵਿੱਚ ਹਿੱਸਾ ਲਿਆ ਉਥੇ ਵਧੀਕ ਡਿਪਟੀ ਕਮਿਸ਼ਨਰ (ਜ) ਮੇਜਰ ਅਮਿਤ ਸਰੀਨ, ਐਸ.ਡੀ.ਐਮ. ਜੈ ਇੰਦਰ ਸਿੰਘ ਤੇ ਬਲਬੀਰ ਰਾਜ ਸਿੰਘ, ਏ.ਡੀ.ਸੀ.ਪੀ. ਆਦਿਤਿਆ, ਸਹਾਇਕ ਕਮਿਸ਼ਨਰ (ਯੂ.ਟੀ.) ਪੰਕਜ ਬਾਂਸਲ, ਜ਼ਿਲ੍ਹਾ ਖੇਡ ਅਫ਼ਸਰ ਲਵਜੀਤ ਸਿੰਘ ਸਮੇਤ ਹੋਰਨਾਂ ਅਧਿਕਾਰੀਆਂ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਇੰਡੀਆ ਖਾਲਸਾ ਏਡ ਦੇ ਸੀ.ਈ.ਓ ਅਮਰਪ੍ਰੀਤ ਸਿੰਘ, ਕੈਪੀਟਲ ਸਮਾਲ ਫਾਇਨਾਂਸ ਬੈਂਕ ਦੇ ਐਮ.ਡੀ. ਸਰਵਜੀਤ ਸਿੰਘ ਸਮਰਾ ਆਦਿ ਮੌਜੂਦ ਸਨ।