5 Dariya News

ਭਾਰਤ ਦੇ ਰਾਸ਼ਟਰਪਤੀ ਨੇ ਮਹਿਲਾ ਉੱਦਮੀਆਂ ਲਈ ਗੁਜਰਾਤ ਯੂਨੀਵਰਸਿਟੀ ਦੇ ਇੱਕ ਸਟਾਰਟ-ਅੱਪ ਪਲੈਟਫਾਰਮ ‘ਹਰਸਟਾਰਟ’ ਦੀ ਸ਼ੁਰੂਆਤ ਕੀਤੀ

ਸਿੱਖਿਆ ਤੇ ਆਦਿਵਾਸੀ ਵਿਕਾਸ ਨਾਲ ਸਬੰਧਿਤ ਗੁਜਰਾਤ ਸਰਕਾਰ ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਵੀ ਕੀਤਾ

5 Dariya News

ਅਹਿਮਦਾਬਾਦ 04-Oct-2022

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ ਅਹਿਮਦਾਬਾਦ ਵਿੱਚ ਗੁਜਰਾਤ ਯੂਨੀਵਰਸਿਟੀ ਦੇ ਇੱਕ ਸਟਾਰਟ-ਅੱਪ ਪਲੈਟਫਾਰਮ HERSART ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਗੁਜਰਾਤ ਯੂਨੀਵਰਸਿਟੀ ਤੋਂ ਸਿੱਖਿਆ ਅਤੇ ਕਬਾਇਲੀ ਵਿਕਾਸ ਨਾਲ ਸਬੰਧਿਤ ਗੁਜਰਾਤ ਸਰਕਾਰ ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਤੇ ਨੀਂਹ ਪੱਥਰ ਰੱਖਿਆ।

ਇਸ ਮੌਕੇ ਬੋਲਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਇਹ ਗੁਜਰਾਤ ਯੂਨੀਵਰਸਿਟੀ ਲਈ ਬੇਹੱਦ ਮਾਣ ਵਾਲੀ ਗੱਲ ਹੈ ਕਿ ਨਾ ਸਿਰਫ਼ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਸਗੋਂ ਭਾਰਤ ਦੇ ਪੁਲਾੜ ਪ੍ਰੋਗਰਾਮ ਦੇ ਪਿਤਾਮਾ ਡਾ. ਵਿਕਰਮ ਸਾਰਾਭਾਈ, ਇਸਰੋ ਦੇ ਸਾਬਕਾ ਚੇਅਰਮੈਨ ਡਾ: ਕੇ. ਕਸਤੂਰੀਰੰਗਨ ਅਤੇ ਕੇਂਦਰੀ ਗ੍ਰਹਿ ਮੰਤਰੀ, ਸ਼੍ਰੀ ਅਮਿਤ ਸ਼ਾਹ ਇਸ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਡਾਕਟਰ ਵਿਕਰਮ ਸਾਰਾਭਾਈ ਵਰਗੇ ਸਾਬਕਾ ਵਿਦਿਆਰਥੀ ਵਾਲੀ ਸੰਸਥਾ ਦਾ ਵਿਗਿਆਨ, ਖੋਜ ਅਤੇ ਨਵੀਨਤਾ ਵਿੱਚ ਮੋਹਰੀ ਹੋਣਾ ਸੁਭਾਵਕ ਹੈ। ਉਨ੍ਹਾਂ ਕਿਹਾ ਕਿ ਗੁਜਰਾਤ ਯੂਨੀਵਰਸਿਟੀ ਦੇ ਕੈਂਪਸ ਵਿੱਚ 450 ਤੋਂ ਵੱਧ ਸਟਾਰਟ-ਅੱਪ ਕੰਮ ਕਰ ਰਹੇ ਹਨ, ਇਸ ਤੋਂ ਇਲਾਵਾ ਇਸ ਯੂਨੀਵਰਸਿਟੀ ਵੱਲੋਂ 125 ਤੋਂ ਵੱਧ ਔਰਤਾਂ ਦੀ ਅਗਵਾਈ ਵਾਲੇ ਸਟਾਰਟ-ਅੱਪ ਸਰਗਰਮੀ ਨਾਲ ਸਹਿਯੋਗ ਕਰ ਰਹੇ ਹਨ। 

ਇਸ ਦੇ ਨਾਲ ਹੀ, ਲਗਭਗ 15,000 ਮਹਿਲਾ ਉੱਦਮੀ ਇਸ ਪਹਿਲ ਨਾਲ ਆਨਲਾਈਨ ਜਾਂ ਆਫਲਾਈਨ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਜਿਹੀ ਸਟਾਰਟ-ਅੱਪਸ ਅਨੁਕੂਲ ਯੂਨੀਵਰਸਿਟੀ ਵਿੱਚ ਮਹਿਲਾ ਉੱਦਮੀਆਂ ਨੂੰ ਸਮਰਪਿਤ ਇੱਕ ਸਟਾਰਟ-ਅੱਪ ਪਲੈਟਫਾਰਮ ਦਾ ਉਦਘਾਟਨ ਕਰਦਿਆਂ ਬੇਹੱਦ ਖ਼ੁਸ਼ੀ ਹੋ ਰਹੀ ਹੈ।ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਇਹ ਪਲੈਟਫਾਰਮ ਨਾ ਸਿਰਫ਼ ਮਹਿਲਾ ਉੱਦਮੀਆਂ ਦੇ ਨਵੀਨਤਾ ਅਤੇ ਸਟਾਰਟ-ਅੱਪ ਯਤਨਾਂ ਨੂੰ ਹੁਲਾਰਾ ਦੇਵੇਗਾ ਬਲਕਿ ਮਹਿਲਾ ਉੱਦਮੀਆਂ ਨੂੰ ਵੱਖ-ਵੱਖ ਸਰਕਾਰੀ ਅਤੇ ਨਿੱਜੀ ਉੱਦਮੀਆਂ ਨਾਲ ਜੋੜਨ ਲਈ ਵੀ ਇੱਕ ਪ੍ਰਭਾਵਸ਼ਾਲੀ ਪਲੈਟਫਾਰਮ ਸਾਬਤ ਹੋਵੇਗਾ।

ਰਾਸ਼ਟਰਪਤੀ ਨੇ ਕਿਹਾ ਕਿ ਉਹ ਗੁਜਰਾਤ ਵਿੱਚ ਸਿੱਖਿਆ, ਖਾਸ ਕਰਕੇ ਲੜਕੀਆਂ ਅਤੇ ਆਦਿਵਾਸੀ ਸਿੱਖਿਆ ਨਾਲ ਸਬੰਧਿਤ ਪ੍ਰੋਜੈਕਟਾਂ ਜਿਵੇਂ ਸੈਨਿਕ ਸਕੂਲ, ਗਰਲਸ ਲਿਟਰੇਸੀ ਰਿਹਾਇਸ਼ੀ ਸਕੂਲ ਅਤੇ ਏਕਲਵਯ ਮਾਡਲ ਰਿਹਾਇਸ਼ੀ ਸਕੂਲ ਦਾ ਉਦਘਾਟਨ ਕਰਕੇ ਖੁਸ਼ ਹਨ। ਕਿਉਂਕਿ ਵਿਗਿਆਨ, ਰਿਸਰਚ ਅਤੇ ਇਨੋਵੇਸ਼ਨ ਵਿੱਚ ਭਾਰਤ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰਨ ਦਾ ਨੀਂਹ ਪੱਥਰ ਸਕੂਲੀ ਸਿੱਖਿਆ ਰਾਹੀਂ ਬਣਾਇਆ ਜਾਵੇਗਾ।

ਰਾਸ਼ਟਰਪਤੀ ਨੇ ਕਿਹਾ ਕਿ ਗੁਜਰਾਤ ਨੇ ਹੋਰ ਖੇਤਰਾਂ ਦੇ ਨਾਲ-ਨਾਲ ਸਿੱਖਿਆ ਦੇ ਖੇਤਰ ਵਿੱਚ ਵੀ ਜ਼ਿਕਰਯੋਗ ਤਰੱਕੀ ਕੀਤੀ ਹੈ। ਰਾਜ ਵਿੱਚ ਪਿਛਲੇ ਦੋ ਦਹਾਕਿਆਂ ਵਿੱਚ ਸਕੂਲ ਛੱਡਣ ਦੀ ਦਰ 22 ਫੀਸਦੀ ਤੋਂ ਘਟ ਕੇ 1.37 ਫੀਸਦੀ ਰਹਿ ਗਈ ਹੈ। ਅਧਿਆਪਕ-ਵਿਦਿਆਰਥੀ ਅਨੁਪਾਤ 40 ਤੋਂ ਵਧ ਕੇ 26 ਹੋ ਗਿਆ ਹੈ। ਅੱਜ 'ਵਿਦਿਆ ਸਮੀਕਸ਼ਾ ਕੇਂਦਰ' ਰਾਹੀਂ ਲਗਭਗ 55,000 ਸਕੂਲਾਂ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਰੀਅਲ-ਟਾਈਮ ਨਿਗਰਾਨੀ ਕੀਤੀ ਜਾ ਰਹੀ ਹੈ, ਜਿਸ ਦੇ ਨਤੀਜੇ ਵਜੋਂ ਵਿਦਿਆਰਥੀਆਂ ਦੇ ਸਿੱਖਣ ਦੇ ਨਤੀਜਿਆਂ ਵਿੱਚ ਵਾਧਾ ਹੋਇਆ ਹੈ। 

ਉਨ੍ਹਾਂ ਕਿਹਾ ਕਿ ‘ਮਿਸ਼ਨ ਸਕੂਲ ਆਫ ਐਕਸੀਲੈਂਸ’ ਤਹਿਤ ਅਗਲੇ ਪੰਜ ਸਾਲਾਂ ਦੌਰਾਨ ਸੂਬੇ ਦੇ ਲਗਭਗ 20,000 ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਦਾ ਟੀਚਾ ਮਿੱਥਿਆ ਗਿਆ ਹੈ।ਰਾਸ਼ਟਰਪਤੀ ਨੇ ਕਿਹਾ ਕਿ ਗੁਜਰਾਤ ਨੇ ਉੱਚ ਸਿੱਖਿਆ ਦੇ ਖੇਤਰ ਵਿੱਚ ਵੀ ਜ਼ਿਕਰਯੋਗ ਤਰੱਕੀ ਕੀਤੀ ਹੈ। ਜਦੋਂ ਕਿ 2001-02 ਵਿੱਚ ਰਾਜ ਵਿੱਚ ਕਾਲਜਾਂ ਦੀ ਗਿਣਤੀ 775 ਸੀ, 2020-21 ਵਿੱਚ ਇਹ ਗਿਣਤੀ ਵੱਧ ਕੇ 3,100 ਹੋ ਗਈ। 

ਇਸ ਰਾਜ ਵਿੱਚ ਉੱਚ ਸਿੱਖਿਆ ਦੇ ਮੁਲਾਂਕਣ ਲਈ ਭਾਰਤ ਦਾ ਪਹਿਲਾ ਸਿੱਖਿਆ ਗੁਣਵੱਤਾ ਅਤੇ ਨਿਗਰਾਨੀ ਸੈੱਲ, 'ਡਿਗਨਿਟੀ ਸੈੱਲ' ਸਥਾਪਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ‘ਵਨ ਬੰਧੂ-ਕਲਿਆਣ ਯੋਜਨਾ’ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਨਾਲ ਆਦਿਵਾਸੀ ਸਮਾਜ ਦੀ ਸਾਖਰਤਾ ਦਰ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ। ਇਸ ਸਕੀਮ ਨੇ ਕਬਾਇਲੀ ਵਿਦਿਆਰਥੀਆਂ ਵਿੱਚ ਸਕੂਲ ਛੱਡਣ ਦੀ ਦਰ ਵਿੱਚ ਵੀ ਅਹਿਮ ਸੁਧਾਰ ਕੀਤਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਗੁਜਰਾਤ ਪਿਛਲੇ ਦੋ ਦਹਾਕਿਆਂ 'ਚ ਵਿਕਾਸ ਦੇ ਕਈ ਮਾਪਦੰਡਾਂ 'ਤੇ ਮੋਹਰੀ ਸੂਬਾ ਰਿਹਾ ਹੈ। ਇਸ ਨੇ ਉਦਯੋਗ, ਇਨੋਵੇਸ਼ਨ ਅਤੇ ਬੁਨਿਆਦੀ ਢਾਂਚੇ ਦੇ ਸਮੁੱਚੇ ਵਿਕਾਸ ਵਿੱਚ ਕਈ ਮਾਪਦੰਡ ਪੇਸ਼ ਕੀਤੇ ਹਨ।ਰਾਸ਼ਟਰਪਤੀ ਨੇ ਕਿਹਾ ਕਿ ਹਰੇਕ ਰਾਜ ਦਾ ਵਿਕਾਸ ਦਾ ਆਪਣਾ ਮਾਡਲ ਹੁੰਦਾ ਹੈ ਜੋ ਕਿ ਰਾਜ ਦੇ ਸਰੋਤਾਂ ਅਤੇ ਲੋੜਾਂ ਅਨੁਸਾਰ ਤੈਅ ਹੁੰਦਾ ਹੈ। 

ਪਰ ਜਿਸ ਤਰ੍ਹਾਂ ਗੁਜਰਾਤ ਨੇ ਸਰਬਪੱਖੀ ਵਿਕਾਸ ਕੀਤਾ ਹੈ, ਉਸ ਨੇ ਹੋਰਨਾਂ ਸੂਬਿਆਂ ਨੂੰ ਵੀ ਸਰਬਪੱਖੀ ਵਿਕਾਸ ਦਾ ਰਾਹ ਦਿਖਾਇਆ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਜੇ ਸਾਰੇ ਸੂਬੇ ਇੱਕ ਦੂਜੇ ਤੋਂ ਸਿੱਖ ਕੇ ਅਤੇ ਉਨ੍ਹਾਂ ਦੇ ਸਫਲ ਮਾਡਲ ਨੂੰ ਅਪਣਾ ਕੇ ਅੱਗੇ ਵਧਣ ਤਾਂ ਭਾਰਤ ‘ਅੰਮ੍ਰਿਤ-ਕਾਲ’ ਦੌਰਾਨ ਇੱਕ ਵਿਕਸਿਤ ਦੇਸ਼ ਵਜੋਂ ਆਪਣਾ ਸਥਾਨ ਪੱਕਾ ਕਰ ਲਵੇਗਾ।