5 Dariya News

ਤਰਨਤਾਰਨ ਜਿਲ੍ਹਾ ਖੇਡਾਂ ਦੇ ਖੇਤਰ ਵਿਚ ਦੇਸ਼ ਦਾ ਨਾਮ ਰੌਸ਼ਨ ਕਰਨ ਦੇ ਸਮਰੱਥ : ਮੋਨੀਸ਼ ਕੁਮਾਰ

ਚੋਹਲਾ ਸਾਹਿਬ ਪਹੁੰਚ ਕੇ ਵੇਖੀਆਂ ‘ਖੇਡਾਂ ਵਤਨ ਪੰਜਾਬ ਦੀਆਂ’

5 Dariya News

ਤਰਨਤਾਰਨ 06-Sep-2022

‘ਖੇਡਾਂ ਵਤਨ ਪੰਜਾਬ ਦੀਆਂ’ ਵੇਖਣ ਲਈ ਚੋਹਲਾ ਸਾਹਿਬ ਸਟੇਡੀਅਮ ਪਹੁੰਚੇ ਡਿਪਟੀ ਕਮਿਸ਼ਨਰ ਮੋਨੀਸ਼ ਕੁਮਾਰ ਨੇ ਬੱਚਿਆਂ ਨਾਲ ਗੱਲਬਾਤ ਕਰਦੇ ਉਨਾਂ ਨੂੰ ਖੇਡਾਂ ਦੇ ਖੇਤਰ ਵਿਚ ਅੱਗੇ ਵੱਧਣ ਦੀ ਹੱਲਾਸ਼ੇਰੀ ਦਿੰਦੇ ਕਿਹਾ ਕਿ ਤਰਨਤਾਰਨ ਜਿਲ੍ਹੇ ਨੇ ਜਿੱਥੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਮੋਹਰੀ ਭੂਮਿਕਾ ਨਿਭਾਈ ਹੈ, ਉਥੇ ਵੱਡੇ ਖਿਡਾਰੀ ਵੀ ਪੈਦਾ ਕੀਤੇ ਹਨ। ਉਨਾਂ ਕਿਹਾ ਕਿ ਤੁਸੀਂ ਵੀ ਆਪਣੇ ਜਿਲ੍ਹੇ ਦੇ ਇੰਨਾ ਖਿਡਾਰੀਆਂ ਵਾਂਗ ਦੇਸ਼ ਦਾ ਮਾਣ ਵਧਾ ਸਕਦੇ ਹੋ, ਬਸ਼ਰਤੇ ਕਿ ਤੁਸੀਂ ਇਸ ਲਈ ਮਿਹਨਤ ਕਰੋ। 

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਤੁਹਾਡੇ ਜਿਲ੍ਹੇ ਦੇ ਅਥਲੀਟ ਪ੍ਰਵੀਨ ਕੁਮਾਰ,  ਮਨਦੀਪ ਕੌਰ ਚੀਮਾ, ਪਦਮਸ਼੍ਰੀ ਪਹਿਲਵਾਨ ਕਰਤਾਰ ਸਿੰਘ, ਹਾਕੀ ਖਿਡਾਰੀ ਅਕਾਸ਼ਦੀਪ ਸਿੰਘ ਵਰਗੇ ਵੱਡੇ ਸਟਾਰ ਪੈਦਾ ਕੀਤੇ ਹਨ ਅਤੇ ਤੁਸੀਂ ਇੰਨਾ ਤੋਂ ਪ੍ਰੇਰਨਾ ਲੈ ਕੇ ਖੇਡਾਂ ਵਿਚ ਮੱਲਾਂ ਮਾਰੋ। ਡਿਪਟੀ ਕਮਿਸ਼ਨਰ ਨੇ ਬੱਚਿਆਂ ਦੇ ਮੈਚ ਬੜੀ ਦਿਸਚਸਪੀ ਨਾਲ ਵੇਖੇ ਅਤੇ ਨਾਲ ਹੀ ਜਿਲ੍ਹਾ ਖੇਡ ਅਧਿਕਾਰੀ ਸ. ਇੰਦਰਵੀਰ ਸਿੰਘ ਨੂੰ ਹਦਾਇਤ ਕੀਤੀ ਕਿ ਮੈਂ ਇੰਨਾ ਖੇਡਾਂ ਵਿਚ ਕੋਈ ਮਹਿਮਾਨ ਬਣਕੇ ਨਹੀਂ, ਬਲਕਿ ਦਰਸ਼ਕ ਬਣਕੇ ਆਉਂਦਾ ਹਾਂ, ਸੋ ਮੈਨੂੰ ਹੋਈ ਦੇਰੀ ਕਾਰਨ ਕੋਈ ਮੈਚ ਲੇਟ ਨਾ ਕੀਤਾ ਜਾਵੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਦੀਆਂ ਕਰਵਾਉਣ ਦਾ ਜੋ ਉਪਰਾਲਾ ਕੀਤਾ ਗਿਆ ਹੈ, ਉਹ ਬੱਚਿਆਂ ਨੂੰ ਖੇਡਾਂ ਦੀ ਚੇਟਕ ਲਗਾਉਣ ਦਾ ਹੈ, ਤਾਂ ਜੋ ਬੱਚੇ ਮੋਬਾਈਲ ਦੀ ਗੇਮਾਂ ਜਾਂ ਕੰਪਿਊਟਰ ਦੀ ਸਕਰੀਨ ਵਿਚੋਂ ਨਿਕਲ ਕੇ ਮੈਦਾਨ ਵਿਚ ਆਉਣ। ਉਨਾਂ ਕਿਹਾ ਕਿ ਖੇਡਾਂ ਬੱਚਿਆਂ ਦਾ ਸਰੀਰਕ ਤੇ ਮਾਨਸਿਕ ਵਿਕਾਸ ਕਰਦੀਆਂ ਹਨ, ਬੱਚੇ ਵਿਚ ਹਾਰ ਨੂੰ ਬਰਦਾਸ਼ਤ ਕਰਨ ਅਤੇ ਜਿੱਤ ਨੂੰ ਸਬਰ-ਸੰਤੋਖ ਨਾਲ ਮਨਾਉਣ ਦੀ ਜਾਚ ਸਿਖਾਉਂਦੀਆਂ ਹਨ, ਸੋ ਸਾਰੇ ਮਾਪੇ ਵੀ ਬੱਚਿਆਂ ਨੂੰ ਖੇਡ ਮੈਦਾਨ ਵਿਚ ਆਉਣ ਲਈ ਜ਼ਰੂਰ ਉਤਸ਼ਾਹਿਤ ਕਰਨ। 

ਉਨਾਂ ਦੱਸਿਆ ਕਿ ਅੱਜ ਜੋ ਜਿਲ੍ਹੇ ਵਿਚ 3000 ਤੋਂ ਵੱਧ ਖ਼ਿਡਾਰੀ ਮੈਦਾਨਾਂ ਵਿਚ ਉਤਰੇ ਹਨ, ਤਾਂ ਇਸ ਵਿਚੋਂ ਕਈ ਨਾਮੀ ਖਿਡਾਰੀ ਪੈਦਾ ਹੋਣਗੇ। ਉਨਾਂ ਕਿਹਾ ਕਿ ਸਰਕਾਰ ਬੱਚਿਆਂ ਲਈ ਹਰ ਤਰਾਂ ਦੀ ਸਹੂਲਤ ਦੇ ਸਕਦੀ ਹੈ, ਪਰ ਇਸ ਲਈ ਬੱਚਿਆਂ ਵਿਚ ਇੱਛਾ ਸ਼ਕਤੀ ਹੋਣੀ ਬਹੁਤ ਜ਼ਰੂਰੀ ਹੈ। ਇਸ ਮੌਕੇ ਜਿਲ੍ਹਾ ਖੇਡ ਅਧਿਕਾਰੀ ਸ੍ਰੀ ਇੰਦਰਵੀਰ ਸਿੰਘ, ਕੋਚ ਸਰੂਪ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।