5 Dariya News

ਜਿਲ੍ਹੇ ਵਿਚ ਬਣਾਈ ਜਾਵੇਗੀ ਸਰਬ ਧਰਮ ਕਮੇਟੀ : ਮੋਨੀਸ਼ ਕੁਮਾਰ

ਡਿਪਟੀ ਕਮਿਸ਼ਨਰ ਮੋਨੀਸ਼ ਕੁਮਾਰ ਨੇ ਸਾਰੇ ਧਰਮਾਂ ਦੇ ਪ੍ਰਤੀਨਿਧੀਆਂ ਨਾਲ ਕੀਤੀ ਮੀਟਿੰਗ

5 Dariya News

ਤਰਨਤਾਰਨ 01-Sep-2022

ਕੱਲ ਪੱਟੀ ਵਿਖੇ ਹੋਈ ਮੰਦਭਾਗੀ ਘਟਨਾ ਨੂੰ ਲੈ ਕੇ ਡਿਪਟੀ ਕਮਿਸ਼ਨਰ ਮੋਨੀਸ਼ ਕੁਮਾਰ ਅਤੇ ਜਿਲ੍ਹਾ ਪੁਲਿਸ ਮੁਖੀ ਸ. ਰਣਜੀਤ ਸਿੰਘ ਢਿਲੋਂ ਨੇ ਅੱਜ ਸਾਰੇ ਧਰਮਾਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਕਰਕੇ ਮੌਜੂਦਾ ਸਥਿਤੀ ਉਤੇ ਵਿਚਾਰ-ਚਰਚਾ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਚਰਚ ਵਿਚ ਹੋਈ ਘਟਨਾ ਮੌਕੇ ਇਸਾਈ ਭਾਈਚਾਰੇ ਵੱਲੋਂ ਦਿੱਤੇ ਸਹਿਯੋਗ ਦਾ ਵਿਸ਼ੇਸ਼ ਜ਼ਿਕਰ ਕਰਦੇ ਕਿਹਾ ਕਿ ਇਸਾਈ ਧਰਮ ਦੇ ਮੁਖੀਆਂ ਨੇ ਬੜੇ ਸਬਰ ਤੇ ਸੰਜਮ ਤੋਂ ਕੰਮ ਲੈਂਦੇ ਹੋਏ ਜਿਸ ਤਰਾਂ ਆਪਣੇ ਲੋਕਾਂ ਨੂੰ ਸਾਂਤੀ ਬਣਾਈ ਰੱਖਣ ਦਾ ਸੰਦੇਸ਼ ਦਿੱਤਾ, ਉਸ ਨਾਲ ਇਸ ਮਾਮਲੇ ਵਿਚ ਸ਼ਰਾਰਤੀ ਅਨਸਰਾਂ ਦੇ ਮਨਸੂਬੇ ਕਾਮਯਾਬ ਨਹੀਂ ਹੋ ਸਕੇ। 

ਉਨਾਂ ਕਿਹਾ  ਕਿ ਖੁਸ਼ੀ ਤੇ ਤਸੱਲੀ ਵਾਲੀ ਗੱਲ ਇਹ ਵੀ ਰਹੀ ਕਿ ਸਾਰੇ ਧਰਮਾਂ ਦੇ ਲੋਕਾਂ ਨੇ ਇਸ ਘਟਨਾ ਦੀ ਸਖਤ ਸਬਦਾਂ ਵਿਚ ਨਿੰਦਾ ਕੀਤੀ, ਜਿਸ ਨਾਲ ਪੰਜਾਬੀਆਂ ਦੀ ਸਾਰੇ ਧਰਮਾਂ ਪ੍ਰਤੀ ਹਾਂ-ਪੱਖੀ ਪਹੁੰਚ ਅਤੇ ਖੁੱਲ ਦਿਲੀ ਦਾ ਪ੍ਰਗਟਾਵਾ ਹੋਇਆ। ਉਨਾਂ ਕਿਹਾ ਕਿ ਇਹ ਕਾਰਾ ਕਿਸੇ ਇਕ ਧਰਮ ਨਾਲ ਜੁੜੇ ਲੋਕਾਂ ਦਾ ਨਹੀਂ, ਬਲਕਿ ਇਹ ਸ਼ਰਾਰਤੀ ਅਨਸਰਾਂ ਵੱਲੋਂ ਪੰਜਾਬ ਦੇ ਭਾਈਚਾਰੇ ਵਿਚ ਤਰੇੜ ਪਾਉਣ ਲਈ ਕੀਤਾ ਗਿਆ ਸੀ, ਜਿਸ ਨੂੰ ਤੁਸੀਂ ਕਾਮਯਾਬ ਨਹੀਂ ਹੋਣ ਦਿੱਤਾ। ਉਨਾਂ ਇਸ ਮੌਕੇ ਧਾਰਮਿਕ ਪ੍ਰਤੀਨਿਧੀ ਵੱਲੋਂ ਦਿੱਤੇ ਸੁਝਾਅ ਉਤੇ ਅਮਲ ਕਰਦੇ ਜਿਲ੍ਹੇ ਵਿਚ ਸਰਬ ਧਰਮ ਕਮੇਟੀ ਬਨਾਉਣ ਲਈ ਸਾਰੇ ਧਰਮਾਂ ਨੂੰ ਦੋ-ਦੋ ਪ੍ਰਤੀਨਿਧੀ ਦੇਣ ਦੀ ਗੱਲ ਵੀ ਕੀਤੀ।

 ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਜੇ ਵੀ ਕੁੱਝ ਸ਼ਰਾਰਤੀ ਅਨਸਰ ਸੋਸ਼ਲ ਮੀਡੀਆ ਜ਼ਰੀਏ ਗਲਤ ਪ੍ਰਚਾਰ ਕਰ ਰਹੇ ਹਨ, ਜਿੰਨਾ ਤੋਂ ਸੁਚੇਤ ਰਹਿਣ ਦੀ ਲੋੜ ਹੈ। ਜਿਲ੍ਹਾ ਪੁਲਿਸ ਮੁਖੀ ਸ. ਰਣਜੀਤ ਸਿੰਘ ਢਿਲੋਂ, ਜੋ ਕਿ ਅੱਜ ਲਗਭਗ 4-5 ਘੰਟੇ ਪੱਟੀ ਇਲਾਕੇ ਵਿਚ ਤਫਤੀਸ਼ ਵਿਚ ਰੁੱਝੇ ਰਹੇ , ਨੇ ਦੱਸਿਆ ਕਿ ਕੇਸ ਛੇਤੀ ਹੱਲ ਕਰ ਲਿਆ ਜਾਵੇਗਾ। ਉਨਾਂ ਕਿਹਾ ਕਿ ਇਥੇ ਹੋਈ ਘਟਨਾ ਵਿਚ ਕੈਮਰਿਆਂ ਨੇ ਬਹੁਤ ਮਦਦ ਕੀਤੀ ਹੈ, ਸੋ ਸਾਰੀਆਂ ਧਾਰਮਿਕ ਸਥਾਨਾਂ ਉਤੇ ਕੈਮਰੇ ਜ਼ਰੂਰ ਲਗਾਏ ਜਾਣ। ਇਸ ਤੋਂ ਇਲਾਵਾ ਇਕ-ਦੋ ਆਦਮੀ ਰਾਹ ਦੇ ਪਹਿਰੇ ਉਤੇ ਵੀ ਰਹਿਣ, ਜਿਸ ਨਾਲ ਸ਼ਰਾਰਤੀ ਅਨਸਰਾਂ ਦੇ ਮਨਸੂਬੇ ਕਾਮਯਾਬ ਨਹੀਂ ਹੋਣਗੇ। 

ਇਸ ਮੌਕੇ ਬਾਬਾ ਬੁੱਢਾ ਸਾਹਿਬ ਦੇ ਮੁੱਖ ਗੰ੍ਰਥੀ ਭਾਈ ਨਿਸ਼ਾਨ ਸਿੰਘ ਨੇ ਪੱਟੀ ਘਟਨਾ ਦੀ ਨਿੰਦਾ ਕਰਦੇ ਕਿਹਾ ਕਿ ਕੁਕਰਮਾਂ ਨੂੰ ਖਤਮ ਕਰਨਾ ਹੀ ਧਰਮ ਹੈ, ਪਰ ਇੰਨਾ ਸ਼ਰਾਰਤੀ ਅਨਸਰਾਂ ਨੇ ਘਟੀਆ ਦਰਜੇ ਦੀ ਹਰਕਤ ਕਰਕੇ ਸਮਾਜ ਵਿਚ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਜੋ ਕਿ ਕਿਸੇ ਵੀ ਧਾਰਮਿਕ ਬੰਦੇ ਦਾ ਕੰਮ ਨਹੀਂ ਹੋ ਸਕਦੀ। ਪਾਸਟਰ ਸ੍ਰੀ ਸੋਖਾ ਮਸੀਹ ਨੇ ਦੱਸਿਆ ਕਿ ਅਸੀਂ ਅੱਜ ਸਾਰੇ ਪਾਸਟਰਾਂ ਨੂੰ ਇਕਤਰ ਕਰਕੇ ਸਾਂਤੀ ਬਣਾਈ ਰੱਖਣ ਤੇ ਕਿਸੇ ਵੀ ਧਰਮ ਖਿਲਾਫ ਕੋਈ ਟਿੱਪਣੀ ਨਾ ਕਰਨ ਦੀ ਹਦਾਇਤ ਕੀਤੀ ਹੈ। ਉਨਾਂ ਕਿਹਾ ਕਿ ਬਾਈਬਲ ਸਾਂਤੀ ਦਾ ਉਪਦੇਸ਼ ਦਿੰਦੀ ਹੈ ਅਤੇ ਅਸੀਂ ਇਸ ਉਪਦੇਸ਼ ਉਤੇ ਕਾਇਮ ਰਹਾਂਗੇ। 

ਸਨਾਤਨ ਧਰਮ ਸਭਾ ਤਰਨਤਾਰਨ ਵੱਲੋਂ ਜਸਵਿੰਦਰ ਗਿਲਹੋਤਰਾ, ਜੈਨ ਸਭਾ ਪੱਟੀ ਵੱਲੋਂ ਰਾਜਨ ਜੈਨ ਅਤੇ ਜਾਮਾ ਮਸਜਿਦ ਤਰਨਤਾਰਨ ਦੇ ਮੁਖੀ ਨੇ ਵੀ ਘਟਨਾ ਦੀ ਸਖਤ ਸਬਦਾਂ ਵਿਚ ਨਿੰਦਾ ਕਰਦੇ ਜਿਲਾ ਪ੍ਰਸ਼ਾਸਨ ਨੂੰ ਹਰ ਤਰਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਗਵਿੰਦਰਜੀਤ ਸਿੰਘ ਗਰੇਵਾਲ, ਐਸ ਡੀ ਐਮ ਰਾਜੇਸ਼ ਸ਼ਰਮਾ ਤੇ ਰਜਨੀਸ਼ ਅਰੋੜਾ, ਐਡਵੋਕੇਟ ਗੁਰਮਿੰਦਰ ਸਿੰਘ ਵਾਲੀਆ, ਸ. ਨਛੱਤਰ ਸਿੰਘ ਰਾੜੀਆ, ਮੈਨੇਜਰ ਸ੍ਰੀ ਦਰਬਾਰ ਸਾਹਿਬ ਧਰਵਿੰਦਰ ਸਿੰਘ, ਮੈਨੇਜਰ ਬਾਬਾ ਬੁੱਢਾ ਸਾਹਿਬ ਗੁਰਦੁਆਰਾ ਹਰਜਿੰਦਰ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।