5 Dariya News

ਵਿਧਾਇਕ ਸ਼ੀਤਲ ਅੰਗੂਰਾਲ ਅਤੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਬਸਤੀ ਗੁਜ਼ਾਂ ਵਿਖੇ ਲਗਾਏ ਅਸੈਸਮੈਂਟ ਕੈਂਪ ਦਾ ਲਿਆ ਜਾਇਜ਼ਾ

ਡਿਪਟੀ ਕਮਿਸ਼ਨਰ ਵੱਲੋਂ ਲੋੜਵੰਦ ਦਿਵਿਆਂਗਜਨਾਂ ਨੂੰ 2 ਸਤੰਬਰ ਤੱਕ ਲਗਾਏ ਜਾ ਰਹੇ ਕੈਂਪਾਂ ਦਾ ਲਾਭ ਲੈਣ ਦੀ ਅਪੀਲ

5 Dariya News

ਜਲੰਧਰ 25-Aug-2022

ਜ਼ਿਲ੍ਹਾ ਪ੍ਰਸ਼ਾਸਨ ਅਤੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਅਲਿਮਕੋ (ਆਰਟੀਫਿਸ਼ਲ ਲਿੰਬਜ਼ ਮੈਨੂਫੈਕਚਰਿੰਗ ਕਾਰਪੋਰੇਸ਼ਨ) ਦੇ ਸਹਿਯੋਗ ਨਾਲ ਵੀਰਵਾਰ ਨੂੰ ਗੁਰੂ ਰਵਿਦਾਸ ਮੰਦਿਰ, ਬਸਤੀ ਗੁਜ਼ਾਂ ਵਿਖੇ ਅਸੈਸਮੈਂਟ ਕੈਂਪ ਲਗਾਇਆ ਗਿਆ, ਜਿਸ ਵਿੱਚ 158 ਬਨਾਵਟੀ ਅੰਗ ਅਤੇ ਹੋਰ ਸਹਾਇਕ ਸਮੱਗਰੀ ਮੁਹੱਈਆ ਕਰਵਾਉਣ ਲਈ ਦਿਵਿਆਂਗ ਵਿਅਕਤੀਆਂ ਦੀ ਅਸੈਸਮੈਂਟ ਕੀਤੀ ਗਈ।

ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੂਰਾਲ ਅਤੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ  ਕੈਂਪ ਵਿੱਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਉਥੇ ਮੌਜੂਦ ਦਿਵਿਆਂਗਜਨਾਂ ਨਾਲ ਗੱਲਬਾਤ ਵੀ ਕੀਤੀ।  ਸਰੀਰਿਕ ਤੌਰ ’ਤੇ ਦਿਵਿਆਂਗ ਵਿਅਕਤੀਆਂ ਦੀ ਸਹਾਇਤਾ ਲਈ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕਰਦਿਆਂ ਵਿਧਾਇਕ ਸ਼ੀਤਲ ਅੰਗੂਰਾਲ ਨੇ ਕਿਹਾ ਕਿ ਪ੍ਰਸ਼ਾਸਨ ਅਤੇ ਵਿਭਾਗ ਵੱਲੋਂ ਅਲਿਮਕੋ ਦੇ ਸਹਿਯੋਗ ਨਾਲ ਕੀਤਾ ਗਿਆ ਇਹ ਉੱਦਮ ਦਿਵਿਆਂਗ ਵਿਅਕਤੀਆਂ ਦੀ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਵਿੱਚ ਸਹਾਈ ਸਾਬਿਤ ਹੋਵੇਗਾ। 

ਦਿਵਿਆਂਗਾਂ ਪ੍ਰਤੀ ਸਕਾਰਾਤਮਕ ਸੋਚ ਅਪਨਾਉਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਦਿਵਿਆਂਗਜਨ ਆਪਣੀ ਜ਼ਿੰਦਗੀ ਵਿੱਚ ਬਹੁਤ ਕੁਝ ਕਰ ਸਕਦੇ ਹਨ, ਬੱਸ ਜ਼ਰੂਰਤ ਹੈ ਉਨ੍ਹਾਂ ਨੂੰ ਸਹਿਯੋਗ ਤੇ ਹੌਸਲਾ ਅਫਜ਼ਾਈ ਦੇਣ ਦੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦਿਵਿਆਂਗ ਵਿਅਕਤੀਆਂ ਦੇ ਨਾਲ ਖੜ੍ਹੀ ਹੈ ਅਤੇ ਉਨ੍ਹਾਂ ਦੀ ਭਲਾਈ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਬਲਾਕ ਪੱਧਰੀ ਕੈਂਪ ਵਿੱਚ 96 ਲਾਭਪਾਤਰੀਆਂ ਦੀ ਅਸੈਸਮੈਂਟ ਕੀਤੀ ਗਈ ਹੈ, ਜਿਨ੍ਹਾਂ ਨੂੰ 158 ਸਹਾਇਕ ਉਪਕਰਣ ਮੁਹੱਈਆ ਕਰਵਾਏ ਜਾਣਗੇ। ਇਨ੍ਹਾਂ ਵਿੱਚ 44 ਟਰਾਈਸਾਈਕਲ, 4 ਐਮ.ਐਸ.ਆਈ.ਈ.ਡੀ ਕਿੱਟਾਂ, 20 ਵੀਲ ਚੇਅਰ, 21 ਵਾਕਿੰਗ ਸਟਿੱਕਸ, 17 ਸੁਣਨ ਵਾਲੀਆਂ ਮਸ਼ੀਨਾਂ (ਹੀਅਰਿੰਗ ਏਡ), 18 ਫੌੜੀਆਂ, 5 ਸੀ.ਪੀ. ਚੇਅਰ ਅਤੇ 29 ਹੋਰ ਸਹਾਇਕ ਉਪਕਰਣ ਸ਼ਾਮਲ ਹਨ । 

ਉਨ੍ਹਾਂ ਦੱਸਿਆ ਕਿ ਇਹ ਸਹਾਇਕ ਉਪਕਰਣ ਦਿਵਿਆਂਗ ਵਿਅਕਤੀਆਂ ਨੂੰ ਜਲਦ ਮੁਹੱਈਆ ਕਰਵਾਏ ਜਾਣਗੇ।ਲੋੜਵੰਦ ਦਿਵਿਆਂਗ ਵਿਅਕਤੀਆਂ ਨੂੰ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ 2 ਸਤੰਬਰ ਤੱਕ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚ ਇਹ ਅਸੈਸਮੈਂਟ ਕੈਂਪ ਲਗਾਏ ਜਾ ਰਹੇ ਹਨ ਅਤੇ ਅਗਲਾ ਕੈਂਪ ਕੱਲ ਸ਼ੁੱਕਰਵਾਰ ਨੂੰ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਨੂਰਮਹਿਲ ਵਿਖੇ ਲਗਾਇਆ ਜਾ ਰਿਹਾ ਹੈ। 

ਉਨ੍ਹਾਂ ਕਿਹਾ ਕਿ ਦਿਵਿਆਂਗ ਵਿਅਕਤੀ ਕੈਂਪਾਂ ਵਿੱਚ ਲੋੜੀਂਦੇ ਦਸਤਾਵੇਜ਼ ਨਾਲ ਲੈ ਕੇ ਆਉਣ, ਜਿਨ੍ਹਾਂ ਵਿੱਚ ਆਧਾਰ ਕਾਰਡ ਦੀ ਕਾਪੀ, ਇਕ ਪਾਸਪੋਰਟ ਸਾਈਜ਼ ਫੋਟੋ, ਦਿਵਿਆਂਗਜਨ/ਡਿਸਏਬਿਲਟੀ ਸਰਟੀਫਿਕੇਟ ਅਤੇ ਸਰਪੰਚ/ਐਮ.ਸੀ./ਤਹਿਸੀਲਦਾਰ/ਪਟਵਾਰੀ ਆਦਿ ਤੋਂ ਤਸਦੀਕਸ਼ੁਦਾ ਆਮਦਨ ਸਰਟੀਫਿਕੇਟ ਸ਼ਾਮਲ ਹਨ।ਉਨ੍ਹਾਂ ਦੱਸਿਆ ਕਿ ਸਕੀਮ ਦਾ ਲਾਭ ਲੈਣ ਲਈ ਬਿਨੈਕਾਰ ਦੀ ਆਮਦਨ ਸਾਰੇ ਵਸੀਲਿਆਂ ਤੋਂ 22500 ਪ੍ਰਤੀ ਮਹੀਨਾ ਤੋਂ ਵੱਧ ਨਹੀਂ ਹੋਣੀ ਚਾਹੀਦੀ।

ਇਸ ਮੌਕੇ ਐਸ.ਡੀ.ਐਮ. ਬਲਬੀਰ ਰਾਜ ਸਿੰਘ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਰਾਜਕਿਰਨ ਕੌਰ, ਸੀ.ਡੀ.ਪੀ.ਓ ਜਲੰਧਰ ਸ਼ਹਿਰੀ ਨੀਲਮ ਸ਼ੂਰ, ਸੁਪਰਡੰਟ ਸੋਹਰਾਬ ਸਿੰਘ, ਐਨ.ਜੀ.ਓ ਦਿਸ਼ਾਦੀਪ ਦੇ ਮੁਖੀ ਲਾਇਨ ਐਸ.ਐਮ. ਸਿੰਘ, ਜਨਰਲ ਸਕੱਤਰ ਕੈਪਟਨ ਜਸਵਿੰਦਰ ਸਿੰਘ, ਕਰਮਵੀਰ ਸਿੰਘ, ਸੀ.ਡੀ.ਪੀ.ਓ. ਜਲੰਧਰ ਸ਼ਹਿਰੀ ਤੇ ਰੈਡ ਕਰਾਸ ਸੁਸਾਇਟੀ ਦੇ ਅਹੁਦੇਦਾਰ, ਸੁਪਰਵਾਈਜ਼ਰ ਤੇ ਆਂਗਣਵਾੜੀ ਵਰਕਰ ਮੌਜੂਦ ਸਨ।