5 Dariya News

ਬਲਾਕ ਪੱਧਰ ਅਤੇ ਜਿਲ੍ਹਾ ਪੱਧਰ ਟੂਰਨਾਂਮੈਟਾ ਦੀਆਂ ਤਿਆਰੀਆਂ ਦੀ ਹੋਈ ਸੁਰੂਆਤ

5 Dariya News

ਤਰਨਤਾਰਨ 18-Aug-2022

ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਅੰਦਰ ਪੰਜਾਬ ਖੇਡ ਮੇਲੇ ਕਰਵਾਏ ਜਾ ਰਹੇ ਹਨ। ਜਿਸ  ਦਾ ਉਦੇਸ਼ ਪੰਜਾਬ ਦੇ ਹਰ ਇੱਕ ਵਸਨੀਕ ਨੂੰ ਖੇਡਾਂ ਨਾਲ ਜੋੜਨਾ ਹੈ। ਜਿਸ ਅਧੀਨ ਜਿਲ੍ਹਾ ਤਰਨਤਾਰਨ ਅੰਦਰ ਵੀ ਬਲਾਕ ਪੱਧਰੀ ਖੇਡ ਮੁਕਾਬਲੇ ਕਰਵਾਏ ਜਾਣਗੇ ਤੇ ਫਿਰ ਜਿਲ੍ਹਾ ਪੱਧਰੀ ਅਤੇ ਰਾਜ ਪੱਧਰੀ ਖੇਡ ਮੁਕਾਬਲੇ ਕਰਵਾਏ ਜਾਣੇ ਹਨ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਮੋਨੀਸ਼ ਕੁਮਾਰ ਨੇ ਪੰਜਾਬ ਖੇਡ ਮੇਲੇ 2022 ਅਧੀਨ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨਤਾਰਨ ਵਿਖੇ ਮੀਟਿੰਗ ਦੌਰਾਨ ਕੀਤਾ। 

ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਨੀਸ਼ ਕੁਮਾਰ ਨੇ ਦੱਸਿਆ ਕਿ ਪੰਜਾਬ ਖੇਡ ਮੇਲਾ 2022 ਕਰਵਾਉਣ ਲਈ ਸਾਰੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਮੇਲੇ ਦਾ ਉਦਘਾਟਨੀ ਸਮਾਗਮ 29 ਅਗਸਤ, 2022 ਨੂੰ ਜਲੰਧਰ ਵਿਖੇ ਕੀਤਾ ਜਾਵੇਗਾ। ਖਿਡਾਰੀਆਂ ਦੀ ਰਜਿਸਟਰੇਸ਼ਨ ਲਈ ਪ੍ਰਕਿਰਿਆ 11 ਅਗਸਤ ਤੋਂ ਸ਼ੁਰੂ ਕਰ ਦਿੱਤੀ ਗਈ ਹੈ, ਜੋ ਕਿ 25 ਅਗਸਤ ਤੱਕ ਚੱਲੇਗੀ। ਆਫ ਲਾਈਨ ਫਾਰਮ ਜਿਲ੍ਹਾ ਖੇਡ ਦਫਤਰ ਤਰਨਤਾਰਨ, ਸਕੂਲਾਂ ਅਤੇ ਸੁਵਿਧਾ ਸੈਂਟਰ ਵਿੱਚੋਂ ਵੀ ਲਏ ਜਾ ਸਕਦੇ ਹਨ। 

ਉਹਨਾ ਦੱਸਿਆ ਕਿ ਬਲਾਕ ਪੱਧਰੀ ਟੂਰਨਾਮੈਂਟ 1 ਸਤੰਬਰ ਤੋਂ 10 ਸਤੰਬਰ 2022 ਤੱਕ ਅਤੇ ਜਿਲ੍ਹਾ ਪੱਧਰੀ ਟੂਰਨਾਮੈਂਟ 12 ਸਤੰਬਰ ਤੋਂ 22 ਸਤੰਬਰ ਤੱਕ ਕਰਵਾਏ ਜਾਣਗੇ। ਉਹਨਾਂ ਦੱਸਿਆ ਕਿ ਪੰਜਾਬ ਖੇਡ ਮੇਲੇ ਦਾ ਰਾਜ ਪੱਧਰੀ ਟੂਰਨਾਮੈਂਟ 10 ਅਕਤੂਬਰ ਤੋਂ 21 ਅਕਤੂਬਰ ਤੱਕ ਕਰਵਾਏ ਜਾਣਗੇ। ਇਹਨਾਂ ਖੇਡ ਮੇਲਿਆਂ ਵਿੱਚ ਕਿਸੇ ਵੀ ਉਮਰ ਦਾ ਖਿਡਾਰੀ ਜਾਂ ਆਮ ਜਨਤਾ ਵਿੱਚੋਂ ਕੋਈ ਵੀ ਵਰਗ ਅੰਡਰ-14,17,21 ਜਾਂ ਇਸ ਤੋਂ ਉੱਪਰ 21 ਤੋਂ 40 ਸਾਲ ਵਰਗ , 41 ਤੋਂ 50 ਸਾਲ ਵਰਗ ਅਤੇ  50 ਸਾਲ ਤੋਂ ਵੱਧ ਵਾਲੀਬਾਲ, ਬੈੱਡਮਿੰਟਨ ਅਤੇ ਐਥਲੈਟਿਕਸ ਖੇਡਾਂ ਵਿੱਚ ਭਾਗ ਲੈ ਸਕਦੇ ਹਨ। 

ਖਿਡਾਰੀ ਆਪਣੇ ਨਾਲ ਆਪਣਾ ਆਧਾਰ ਕਾਰਡ ਨਾਲ ਲੈ ਕੇ ਆਉਣਗੇ। ਇਹਨਾਂ ਮੁਕਾਬਲਿਆਂ ਲਈ ਉਮਰ 1 ਜਨਵਰੀ 2022 ਦੇ ਆਧਾਰ ਤੇ ਲਈ ਜਾਵੇਗੀ ਅਤੇ ਖਿਡਾਰੀਆਂ ਨੂੰ ਖੇਡ ਵੈਨਿਊ ਤੇ ਆਪਣੇ ਤੌਰ ਤੇ ਪਹੁੰਚਣਾ ਹੋਵੇਗਾ।  ਮਾਣਯੋਗ ਡਿਪਟੀ ਕਮਿਸ਼ਨਰ ਜੀ ਵੱਲੋਂ ਜਿਲ੍ਹਾ ਤਰਨਤਾਰਨ ਅੰਦਰ ਖੇਡ ਮੇਲਿਆਂ ਨੂੰ ਕਰਵਾਉਣ ਲਈ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਅਤੇ ਹਦਾਇਤ ਕੀਤੀ ਗਈ ਕਿ ਸਾਰੇ ਅਧਿਕਾਰੀ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਨਿਭਾਉਗੇ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ(ਜ) ਸ੍ਰ: ਜਗਵਿੰਦਰਜੀਤ ਸਿੰਘ ਗਰੇਵਾਲ,  ਵਧੀਕ ਡਿਪਟੀ ਕਮਿਸ਼ਨਰ(ਵਿ) ਸ੍ਰ; ਰਵਿੰਦਰਪਾਲ ਸਿੰਘ ਸੰਧੂ, ਐਸ.ਡੀ.ਐਮ. ਸ੍ਰੀ ਰਜਨੀਸ਼ ਅਰੋੜਾ ਜਿਲ੍ਹਾ ਸਿੱਖਿਆ ਅਫਸਰ (ਸੈਕੰ) ਸ੍ਰ: ਹਰਭਗਵੰਤ ਸਿੰਘ, ਜਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਸ੍ਰ: ਜਗਵਿੰਦਰ ਸਿੰਘ ਲਹਿਰੀ, ਜਿਲ੍ਹਾ ਖੇਡ ਅਫਸਰ ਸ੍ਰ: ਇੰਦਰਵੀਰ ਸਿੰਘ, ਡੀ.ਐਮ ਸ੍ਰੀ ਮਨਿੰਦਰ ਸਿੰਘ, ਅਤੇ ਹੋਰ ਅਧਿਕਾਰੀ ਸ਼ਾਮਿਲ ਸਨ।