5 Dariya News

ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਕੋਹੜ ਪੀੜਤਾਂ ਨੂੰ ਵੰਡਿਆ ਜ਼ਰੂਰੀ ਸਮਾਨ

ਹਰ ਕਿਸੇ ਨੂੰ ਰੁਝੇਵਿਆਂ ’ਚੋਂ ਸਮਾਂ ਕੱਢ ਕੇ ਕੋਹੜ ਪੀੜਤਾਂ ਨਾਲ ਘੁਲਣਾ-ਮਿਲਣਾ ਚਾਹੀਦੈ : ਡਾ. ਆਦਰਸ਼ਪਾਲ

5 Dariya News

ਮੋਹਾਲੀ/ਡੇਰਾਬਸੀ 28-Jul-2022

ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਅੱਜ ਡੇਰਾਬਸੀ ਲਾਗੇ ਮੁਬਾਰਕਪਰ ਵਿਖੇ ਕੁਸ਼ਟ ਆਸ਼ਰਮ ਦਾ ਦੌਰਾ ਕੀਤਾ ਅਤੇ ਕੋਹੜ ਰੋਗੀਆਂ ਦਾ ਹਾਲ ਜਾਣਿਆ। ਇਸ ਮੌਕੇ ਉਨ੍ਹਾਂ ਕੋਹੜ ਰੋਗੀਆਂ ਨੂੰ ਜ਼ਰੂਰੀ ਵਰਤੋਂ ਦੀਆਂ ਚੀਜ਼ਾਂ ਵੰਡੀਆਂ। ਅਪਾਹਜ ਰੋਗੀਆਂ ਨੂੰ 2 ਟਰਾਈ ਸਾਈਕਲ, 1 ਵ੍ਹੀਲ ਚੇਅਰ ਅਤੇ 4 ਏ.ਡੀ.ਐਲ. (ਅਸਿਸਟਿਵ ਡੇਅਲੀ ਲਿਵਿੰਗ) ਕਿੱਟਾਂ ਦਿਤੀਆਂ ਗਈਆਂ।

ਸਿਵਲ ਸਰਜਨ ਨੇ ਮਰੀਜ਼ਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੋਹੜ ਆਸ਼ਰਮ ਵਿਚ ਆਉਣ ਦਾ ਮਕਸਦ ਇਹੋ ਹੈ ਕਿ ਉਨ੍ਹਾਂ ਨੂੰ ਅਹਿਸਾਸ ਕਰਾਇਆ ਜਾਵੇ ਕਿ ਉਹ ਵੀ ਸਮਾਜ ਦਾ ਅਹਿਮ ਅੰਗ ਹੈ ਅਤੇ ਉਹ ਕਿਸੇ ਵੀ ਤਰ੍ਹਾਂ ਅਲੱਗ-ਥਲੱਗ ਅਤੇ ਇਕੱਲੇ ਮਹਿਸੂਸ ਨਾ ਕਰਨ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਸਰੀਰਕ ਤੇ ਮਾਨਸਿਕ ਲੋੜਾਂ ਨੂੰ ਵੀ ਨੇੜੇ ਹੋ ਕੇ ਜਾਣਨ ਦਾ ਮੌਕਾ ਮਿਲਦਾ ਹੈ। 

ਉਨ੍ਹਾਂ ਕਿਹਾ ਕਿ ਹਰ ਕਿਸੇ ਨੂੰ ਅਪਣੇ ਰੁਝੇਵਿਆਂ ਵਿਚੋਂ ਸਮਾਂ ਕੱਢ ਕੇ ਅਜਿਹੇ ਲੋਕਾਂ ਦੀਆਂ ਤਕਲੀਫ਼ਾਂ ਜਾਣਨੀਆਂ ਚਾਹੀਦੀਆਂ ਹਨ ਅਤੇ ਉਨ੍ਹਾਂ ਨਾਲ ਘੁਲਣਾ-ਮਿਲਣਾ ਚਾਹੀਦਾ ਹੈ ਕਿਉਂਕਿ ਇਹ ਲੋਕ ਵੀ ਸਮਾਜ ਕੋਲੋਂ ਪਿਆਰ, ਹਮਦਰਦੀ ਅਤੇ ਛੋਹ ਦੀ ਉਮੀਦ ਕਰਦੇ ਹਨ।ਡਾ. ਆਦਰਸ਼ਪਾਲ ਕੌਰ ਨੇ ਰੋਗੀਆਂ ਨੂੰ ਕਿਹਾ ਕਿ ਉਹ ਅਪਣੀ ਸਿਹਤ ਦਾ ਪੂਰਾ ਖ਼ਿਆਲ ਰੱਖਣ ਅਤੇ ਡਾਕਟਰਾਂ ਦੇ ਕਹਿਣ ਮੁਤਾਬਕ ਦਵਾਈ ਲੈਣ ਅਤੇ ਲੋੜੀਂਦਾ ਪ੍ਰਹੇਜ਼ ਕਰਨ। 

ਉਨ੍ਹਾਂ ਕਿਹਾ ਕਿ ਜਿਨ੍ਹਾਂ ਰੋਗੀਆਂ ਦਾ ਇਲਾਜ ਚੱਲ ਰਿਹਾ ਹੈ, ਉਹ ਡਾਕਟਰਾਂ ਦੀ ਨਿਗਰਾਨੀ ਹੇਠ ਅਪਣਾ ਇਲਾਜ ਮੁਕੰਮਲ ਕਰਨ। ਉਨ੍ਹਾਂ ਰੋਗੀਆਂ ਨੂੰ ਜ਼ਰੂਰੀ ਸਾਵਧਾਨੀਆਂ ਵਰਤਣ ਲਈ ਕਿਹਾ ਜਿਵੇਂ ਹੱਥ ਗਰਮ ਭਾਂਡਿਆਂ ਜਾਂ ਹੋਰ ਗਰਮ ਚੀਜ਼ਾਂ ਤੋਂ ਦੂਰ ਰਖਣੇ ਚਾਹੀਦੇ ਹਨ, ਪੈਰਾਂ ਵਿਚ ਜੁੱਤੀ ਪਾਉਣੀ ਚਾਹੀਦੀ ਹੈ, ਪੌਸ਼ਟਿਕ ਖ਼ੁਰਾਕ ਖਾਣੀ ਚਾਹੀਦੀ ਹੈ। ਇਸ ਮੌਕੇ ਡੇਰਾਬੱਸੀ ਹਸਪਤਾਲ ਦੇ ਐਸ.ਐਮ.ਓ. ਡਾ. ਧਰਮਿੰਦਰ ਸਿੰਘ, ਜ਼ਿਲ੍ਹਾ ਲੈਪਰੋਸੀ ਅਫ਼ਸਰ ਡਾ. ਜਸਕੰਵਲ ਕੌਰ, ਹੈਲਥ ਇੰਸਪੈਕਟਰ ਭੁਪਿੰਦਰ ਸਿੰਘ, ਐਨ.ਐਮ.ਐਸ. ਗੁਰਜਿੰਦਰ ਸਿੰਘ ਆਦਿ ਹਾਜ਼ਰ ਸਨ।