5 Dariya News

ਬਿਜਲੀ ਮਹਾਂਉਤਸਵ “ਉਜਵਲ ਭਾਰਤ, ਉਜਵਲ ਭਵਿੱਖ” ਤਹਿਤ ਮੁਲਾਂਪੁਰ ਗਰੀਬਦਾਸ ਵਿਖੇ ਕਰਵਾਇਆ ਸਮਾਗਮ

ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁਢਲੇ 4 ਮਹਿਨਿਆਂ ਦੌਰਾਨ ਬਿਜਲੀ ਦੇ ਉਤਪਾਦਨ ਅਤੇ ਸਪਲਾਈ ਸਮੱਰਥਾ ਵਿੱਚ ਰਿਕਾਰਡ ਤੋੜ ਵਾਧਾ ਹੋਇਆ : ਹਰਭਜਨ ਸਿੰਘ ਈ.ਟੀ.ਓ.

5 Dariya News

ਐਸ.ਏ.ਐਸ ਨਗਰ 28-Jul-2022

ਉਜਵਲ ਭਾਰਤ ਉਜਵਲ ਭਵਿੱਖ ਊਰਜਾ 2047 ਦੇ ਤਹਿਤ ਊਰਜਾ ਵਿਭਾਗ ਭਾਰਤ ਸਰਕਾਰ, ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (ਪੇਡਾ) ਅਤੇ ਪੰਜਾਬ ਸਰਕਾਰ ਦੀਆ ਹਦਾਇਤਾ ਅਨੁਸਾਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ, ਪੰਜਾਬ ਰਾਜ ਪਾਵਰ ਟਰਾਂਸਮਿਸ਼ਨ ਲਿਮਟਿਡ ਅਤੇ ਜਿਲ੍ਹਾ ਪ੍ਰਸ਼ਾਸ਼ਨ ਮੋਹਾਲੀ ਦੇ ਸਹਿਯੋਗ ਨਾਲ ਅੱਜ ਗੁਰੂ ਗੋਬਿੰਦ ਸਿੰਘ ਵਿਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਰਤਵਾੜਾ ਸਾਹਿਬ, ਮੁੱਲਾਂਪੁਰ ਗਰੀਬਦਾਸ ਵਿਖੇ ਸਮਾਗਮ ਕਰਵਾਇਆ ਗਿਆ।

ਜਿਸ ਵਿੱਚ ਸ. ਹਰਭਜਨ ਸਿੰਘ , ਈ.ਟੀ.ਓ., ਬਿਜਲੀ ਅਤੇ ਲੋਕ ਨਿਰਮਾਣ ਵਿਭਾਗ ਮੰਤਰੀ, ਪੰਜਾਬ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਮਿਸ ਅਨਮੋਲ ਗਗਨ ਮਾਨ, ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ, ਇੰਵੈਸਟਮੈਂਟ ਪ੍ਰਮੋਸ਼ਨ, ਕਿਰਤ ਅਤੇ ਸ਼ਿਕਾਇਤ ਨਿਵਾਰਨ ਵਿਭਾਗ ਮੰਤਰੀ, ਪੰਜਾਬ ਵੱਲੋਂ  ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ ਗਿਆ ।

ਆਪਣੇ ਸੰਬੋਧਨ ਦੌਰਾਨ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ ਅੱਜ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਅਜ਼ਾਦੀ ਦੇ 75 ਸਾਲ ਪੂਰੇ ਹੋਣ ਮਗਰੋਂ ਦੇਸ਼ ਦੇ ਬਿਜਲੀ ਖੇਤਰ ਵਿੱਚ ਲਾਮਿਸਾਲ ਤਰੱਕੀ ਹੋਈ ਹੈ। ਉਨ੍ਹਾਂ ਦੱਸਿਆ ਕਿ ਅੱਜ ਦਾ ਇਹ ਪ੍ਰੋਗਰਾਮ ਜੋ ਕਿ ਪੂਰੇ ਪੰਜਾਬ ਵਿੱਚ ਮਨਾਇਆ ਜਾ ਰਿਹਾ ਦਾ ਮੰਤਵ ਬਿਜਲੀ ਖੇਤਰ ਵਿੱਚ ਸਾਡੀਆਂ ਪ੍ਰਾਪਤੀਆਂ ਨੂੰ ਲੋਕਾਂ ਅੱਗੇ ਰੱਖਣਾ ਹੈ। 

ਇਸ ਦੇ ਨਾਲ ਹੀ ਸਾਡੀ ਰੋਜ਼ਮਰਾਂ ਦੀ ਜ਼ਿੰਦਗੀ ਵਿੱਚ ਕਿ ਮਹੱਤਤਾ ਹੈ ਉਸ ਬਾਰੇ ਵੀ ਜਾਣਕਾਰੀ ਲੋਕਾਂ ਨਾਲ ਸਾਂਝੀ ਕਰਨਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਪਹਿਲੇ 4 ਮਹਿਨਿਆਂ ਵਿੱਚ ਹੀ ਬਿਜਲੀ ਦੇ ਉਤਪਾਦਨ ਅਤੇ ਸਪਲਾਈ ਵਿੱਚ ਰਿਕਾਰਡ ਤੋੜ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ 29 ਜੂਨ 2022 ਨੂੰ ਸਰਕਾਰ ਨੇ ਸਭ ਤੋਂ ਵੱਧ 14208 ਮੈਗਾਵਾਟ ਬਿਜਲੀ ਦੀ ਸਪਲਾਈ ਕੀਤੀ ਜਦਕਿ ਝੋਨੇ ਦੇ ਸੀਜਨ ਦੌਰਾਨ ਕਿਸਾਨਾਂ ਨੂੰ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਕੀਤੀ ਗਈ । 

ਉਨ੍ਹਾਂ ਦੱਸਿਆ ਕਿ ਪੰਜਾਬ ਦੀ ਆਪਣੀ ਬਿਜਲੀ ਉਤਪਾਦਨ ਸਮੱਰਥਾ 6500 ਮੈਗਾਵਾਟ ਹੈ ਜਦਕਿ ਬਾਕੀ ਬਿਜਲੀ ਟਰਾਂਸਮੀਸ਼ਨ ਦੇ ਲਈ ਬਾਕੀ ਥਾਵਾਂ ਤੋਂ ਲੈਣੀ ਪੈਂਦੀ ਹੈ। ਉਨ੍ਹਾਂ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਰਕਾਰ ਨੇ ਕੁਝ ਹੀ ਮਹਿਨਿਆਂ ਵਿੱਚ ਟਰਾਂਸਮੀਸ਼ਨ ਦੀ ਸਮੱਰਥਾ ਵਿੱਚ ਚੋਖਾ ਵਾਧਾ ਕਰਦੇ ਹੋਏ ਇਸ ਨੂੰ 8500 ਮੈਗਾਵਾਟ ਤੱਕ ਲੈ ਜਾਣ ਦਾ ਟੀਚਾ ਹਾਸਿਲ ਕੀਤਾ ਹੈ। ਜਿਸ ਨਾਲ ਕੁੱਲ ਟਰਾਂਸਮੀਸ਼ਨ ਸਮਰੱਥਾ 15000 ਮੈਗਾਵਾਟ ਤੱਕ ਪਹੁੰਚ ਗਈ ਹੈ। 

ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਆਪਣੇ ਚੋਣ ਵਾਅਦੇ ਨੂੰ 3 ਮਹੀਨੇ ਅੰਦਰ ਹੀ ਪੂਰਾ ਕਰਦੇ ਹੋਏ ਘਰੇਲੂ ਵਰਤੋਂ ਲਈ ਹਰ ਲਾਭਪਾਤਰੀ ਨੂੰ 600 ਯੂਨਿਟ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬਿਜਲੀ ਖੇਤਰ ਵਿੱਚ ਨਵੀਂ ਤਕਨੀਕ ਲਿਆਂਦੀ ਜਾ ਰਹੀ ਹੈ ਜਿਸ ਦੇ ਮੋਨੋਪੋਲ ਅਤੇ ਐਚ.ਟੀ.ਐਲ.ਐਸ. ਕੰਡਕਟਰ ਦਾ ਉਪਯੋਗ ਕੀਤਾ ਜਾਵੇਗਾ। ਇਸ ਦੇ ਨਾਲ ਹੀ ਪੰਜਾਬ ਵਿੱਚ ਸੂਰਜੀ ਊਰਜਾ ਅਤੇ ਬੈਟਰੀ ਸੋਟੇਰਜ਼ ਲਗਾਉਣ ਦੀ ਤਜ਼ਵੀਜ਼ ਵੀ ਹੈ ਤਾਂ ਜੋ ਨਿਵਾਉਣਯੋਗ ਊਰਜਾ ਉਪਲਬਧ ਹੋ ਸਕੇ।

ਇਸ ਤੋਂ ਪਹਿਲਾ ਸਮਾਗਮ ਦੇ ਵਿਸ਼ੇਸ਼ ਮਹਿਮਾਨ ਕੈਬਨਿਟ ਮੰਤਰੀ ਮਿਸ ਅਨਮੋਲ ਗਗਨ ਮਾਨ ਵੱਲੋਂ ਇਸ ਸਮਾਗਮ ਨੂੰ ਖਰੜ ਹਲਕੇ ਵਿੱਚ ਆਯੋਜਿਤ ਕੀਤੇ ਜਾਣ ਲਈ ਬਿਜਲੀ ਮੰਤਰੀ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ  ਕਿਹਾ ਕਿ ਬਿਜਲੀ ਸਾਡੇ ਜੀਵਨ ਦਾ ਅਧਾਰ ਹੈ ਅਤੇ ਕਿਸੇ ਵੀ ਦੇਸ਼ ਦੀ ਤਰੱਕੀ ਇਸ ਗਲ ਤੋਂ ਮਾਪੀ ਜਾਂਦੀ ਹੈ ਕਿ ਉਸ ਮੁਲਕ ਵਿੱਚ ਪ੍ਰਤੀ ਵਿਅਕਤੀ ਕਿੰਨੀ ਬਿਜਲੀ ਇਸਤੇਮਾਲ ਕੀਤੀ ਜਾਂਦੀ ਹੈ। 

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 600 ਯੂਨਿਟ ਘਰੇਲੂ ਖਪਤ ਲਈ ਬਿਜਲੀ ਮੁਆਫ ਕਰਨ ਨਾਲ ਪੰਜਾਬ ਦੇ 75 ਤੋਂ 80 ਫੀਸਦੀ ਪਰਿਵਾਰਾਂ ਦਾ ਬਿਜਲੀ ਬਿਲ ਜ਼ੀਰੋ ਆਵੇਗਾ। ਇਸ ਮੌਕੇ ਉਨ੍ਹਾਂ ਬਿਜਲੀ ਮੰਤਰੀ ਸਾਹਮਣੇ ਹਲਕੇ ਦੀਆਂ ਬਿਜਲੀ ਸਬੰਧੀ ਸਮੱਸਿਆਵਾਂ ਵੀ ਰੱਖੀਆਂ ਜਿਨ੍ਹਾਂ ਦਾ ਫੌਰੀ ਤੌਰ ਤੇ ਹਲ ਕਰਨ ਦਾ ਭਰੋਸਾ ਵੀ ਦਿੱਤਾ।

ਇਸ ਤੋਂ ਪਹਿਲਾਂ ਪ੍ਰੋਗਰਾਮ ਦੌਰਾਨ ਵਨ ਨੇਸ਼ਨ ਵਨ ਗਰਿੱਡ, ਨਵਿਆਉਣਯੋਗ ਊਰਜਾ, ਯੂਨੀਵਰਸਲ ਹਾਊਸਹੋਲਡ ਇਲੈਕਟ੍ਰੀਫਿਕੇਸ਼ਨ, ਗ੍ਰਾਮੀਣ ਬਿਜਲੀਕਰਨ, ਖਪਤਕਾਰ ਅਧਿਕਾਰਾਂ ਅਤੇ ਵੰਡ ਪ੍ਰਣਾਲੀ 'ਤੇ ਲਘੂ ਫਿਲਮਾਂ ਵੀ ਦਿਖਾਈਆਂ ਗਈਆਂ। ਸਮਾਗਮ ਦੌਰਾਨ ਵੱਖ ਵੱਖ ਵਿਸ਼ਿਆਂ ਨਾਲ ਸਬੰਧਤ ਸਕੂਲ ਦੇ ਬੱਚਿਆਂ ਨੇ ਨੁੱਕੜ ਨਾਟਕ,ਸਕਿੱਟ ਭੰਗੜਾ ਆਦਿ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।

ਇਸ ਮੌਕੇ ਸ੍ਰੀ ਅਮਿਤ ਤਲਵਾੜ ਡਿਪਟੀ ਕਮਿਸ਼ਨਰ, ਸ੍ਰੀ ਰਵਿੰਦਰ ਸਿੰਘ ਐਸ.ਡੀ.ਐਮ ਖਰੜ, ਡੀ.ਪੀ.ਐਸ. ਗਰੇਵਾਲ , ਸੰਦੀਪ ਗੁਪਤਾ, ਅਸ਼ਵਨੀ ਕੁਮਾਰ ਸਾਰੇ ਇੰਜੀਨੀਅਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ, ਐਕਸੀਅਨ ਤਰਨਜੀਤ ਸਿੰਘ  ਪੇਂਡਾ ਅਧਿਕਾਰੀ ਸ੍ਰੀ ਪਰਮਜੀਤ ਸਿੰਘ,ਸ੍ਰੀ ਸ਼ਰਦ ਸ਼ਰਮਾ, ਪ੍ਰੋਜੈਕਟ ਇੰਜੀਨੀਅਰ ਪੇਡਾ, ਵਾਈਸ ਚੇਅਰਮੈਨ ਰਤਵਾੜਾ ਸਾਹਿਬ ਟਰਸਟ ਸੰਤ ਬਾਬਾ ਹਰਪਾਲ ਸਿੰਘ, ਬਿਜਲੀ ਵਿਭਾਗ ਦੇ ਵੱਖ-ਵੱਖ ਅਧਿਕਾਰੀ, ਹਲਕਾ ਵਾਸੀ ਅਤੇ ਸਕੂਲੀ ਬੱਚੇ ਹਾਜ਼ਰ ਸਨ ।