5 Dariya News

ਰਿਮੋਟ ਸੈਂਸਿੰਗ ਅਤੇ ਜਿਓਸਪੇਸ਼ੀਅਲ ਤਕਨਾਲੋਜੀ ਨੂੰ ਉਤਸ਼ਾਹਤ ਕਰਨ ਦੇ ਉਦੇਸ਼ ਨਾਲ ਚੰਡੀਗੜ੍ਹ ਯੂਨੀਵਰਸਿਟੀ ਨੇ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਲੁਧਿਆਣਾ ਨਾਲ ਕੀਤੀ ਭਾਈਵਾਲੀ

ਭੂ-ਸੂਚਨਾ ਵਿਗਿਆਨ ਅਤੇ ਜੀਓਮੈਟਿਕ ਇੰਜੀਨੀਅਰਿੰਗ ਵਿਸ਼ਿਆਂ ਸਬੰਧੀ ਸਾਂਝੇ ਮਾਸਟਰਜ਼ ਪ੍ਰੋਗਰਾਮ ਦੀ ਕੀਤੀ ਜਾਵੇਗੀ ਪੇਸ਼ਕਸ਼

5 Dariya News

ਘੜੂੰਆਂ 23-Jul-2022

ਭੂ-ਸੂਚਨਾ ਵਿਗਿਆਨ ਅਤੇ ਜੀਓਮੈਟਿਕ ਇੰਜੀਨੀਅਰਿੰਗ ਸਬੰਧੀ ਨਵੇਂ ਕੋਰਸਾਂ ਦੀ ਸ਼ੁਰੂਆਤ ਲਈ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵੱਲੋਂ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਲੁਧਿਆਣਾ ਨਾਲ ਖੋਜ ਅਤੇ ਅਕਾਦਮਿਕ ਕਰਾਰ ਸਥਾਪਿਤ ਕੀਤਾ ਗਿਆ। ਦੋਵਾਂ ਸੰਸਥਾਵਾਂ ਵਿਚਾਲੇ ਹੋਈ ਭਾਈਵਾਲੀ ਦੇ ਅੰਤਰਗਤ ਚੰਡੀਗੜ੍ਹ ਯੂਨੀਵਰਸਿਟੀ ਦੇ ਸਿਵਲ ਇੰਜੀਨੀਅਰਿੰਗ ਵਿਭਾਗ 'ਚ 'ਸੈਂਟਰ ਆਫ਼ ਐਕਸੀਲੈਂਸ ਫਾਰ ਜੀਓਇਨਫੋਰਮੈਟਿਕਸ ਐਂਡ ਰਿਮੋਟ ਸੈਂਸਿੰਗ' ਦਾ ਉਦਘਾਟਨ ਕੀਤਾ ਗਿਆ। 

ਇਸ ਸਬੰਧੀ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਆਨੰਦ ਅਗਰਵਾਲ ਅਤੇ ਪੀ.ਆਰ.ਐਸ.ਸੀ ਲੁਧਿਆਣਾ ਦਾ ਡਾਇਰੈਕਟਰ ਡਾ. ਬ੍ਰਿਜੇਂਦਰ ਪਟੇਰੀਆ ਵੱਲੋਂ ਸਮਝੌਤਾ ਪੱਤਰ 'ਤੇ ਦਸਤਖ਼ਤ ਕੀਤੇ ਗਏ। ਖੋਜ ਅਤੇ ਅਕਾਦਮਿਕ ਸਹਿਯੋਗ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਇਹ ਕਰਾਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰੇਗਾ, ਜੋ ਸੈਟੇਲਾਈਟ ਡੇਟਾ ਅਤੇ ਹੋਰ ਸੈਂਸਰਾਂ ਦੀ ਵਰਤੋਂ ਰਾਹੀਂ ਯੋਜਨਾਵਾਂ ਨੂੰ ਢੁੱਕਵੇਂ ਤਰੀਕੇ ਨਾਲ ਲਾਗੂ ਅਤੇ ਨਿਗਰਾਨੀ ਕਰਨ ਲਈ ਮੁੱਖ ਭੂਮਿਕਾਵਾਂ ਨਿਭਾ ਰਹੀਆਂ ਹਨ।

ਇਸ ਸਬੰਧੀ ਗੱਲਬਾਤ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਆਨੰਦ ਅਗਰਵਾਲ ਨੇ ਦੱਸਿਆ ਕਿ ਭਾਈਵਾਲੀ ਦੇ ਅੰਤਰਗਤ ਰਿਮੋਟ ਸੈਂਸਿੰਗ ਅਤੇ ਜੀਓਸਪੇਸ਼ੀਅਲ ਤਕਨਾਲੋਜੀ ਦੇ ਖੇਤਰ 'ਚ ਖੋਜ ਕਾਰਜਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਜੋਕੇ ਤਕਨਾਲੋਜੀ ਦੇ ਦੌਰ 'ਚ ਭੂ-ਸੂਚਨਾ ਵਿਗਿਆਨ ਅਤੇ ਰਿਮੋਟ ਸੈਂਸਿੰਗ ਦੇ ਖੇਤਰਾਂ ਵਿੱਚ ਖੋਜ ਅਤੇ ਵਿਕਾਸ 'ਚ ਸਹਿਯੋਗ ਕਰਨਾ ਅਤਿਅੰਤ ਮਹੱਤਵਪੂਰਨ ਹੈ, ਜੋ ਕਿ ਸਰੋਤਾਂ ਦੀ ਬਿਹਤਰ ਵਰਤੋਂ ਲਈ ਸਮਾਜਿਕ ਪੱਧਰ 'ਤੇ ਸਾਰਥਿਕ ਸਿੱਧ ਹੋਣਗੀਆਂ। 

ਉਨ੍ਹਾਂ ਦੱਸਿਆ ਕਿ ਸਮਝੌਤੇ ਦੇ ਅੰਤਰਗਤ ਉਚ ਪੱਧਰੀ ਖੋਜ ਨੂੰ ਉਤਸ਼ਾਹਿਤ ਕਰਨ ਲਈ ਚੰਡੀਗੜ੍ਹ ਯੂਨੀਵਰਸਿਟੀ ਦੇ ਸਿਵਲ ਇੰਜੀਨੀਅਰਿੰਗ ਵਿਭਾਗ 'ਚ 'ਸੈਂਟਰ ਆਫ਼ ਐਕਸੀਲੈਂਸ ਫਾਰ ਜੀਓਇਨਫੋਰਮੈਟਿਕਸ ਐਂਡ ਰਿਮੋਟ ਸੈਂਸਿੰਗ' ਸਥਾਪਿਤ ਵੀ ਕੀਤਾ ਗਿਆ ਹੈ। 

ਡਾ. ਅਗਰਵਾਲ ਨੇ ਦੱਸਿਆ ਕਿ ਪੀ.ਆਰ.ਐਸ.ਸੀ ਅਤੇ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਰਿਮੋਟ ਸੈਂਸਿੰਗ ਅਤੇ ਭੂ-ਸੂਚਨਾ ਵਿਗਿਆਨ ਸੰਬੰਧੀ ਵਿਸ਼ਿਆਂ 'ਤੇ ਸਾਂਝੇ ਮਾਸਟਰ ਇੰਨ ਇੰਜੀਨੀਅਰਿੰਗ (ਐਮ.ਈ) ਪ੍ਰੋਗਰਾਮ ਦੀ ਸੰਭਾਵਿਤ ਤਰੀਕਿਆਂ ਨਾਲ ਪੇਸ਼ਕਸ਼ ਕੀਤੀ ਜਾਵੇਗੀ। ਜਿਸ ਦਾ ਉਦੇਸ਼ ਐਮ.ਈ ਖੋਜਾਰਥੀਆਂ ਲਈ ਉਦਯੋਗਿਕ ਗਠਜੋੜ ਸਥਾਪਿਤ ਕਰਕੇ ਨੌਕਰੀਆਂ ਦੇ ਢੁੱਕਵੇਂ ਮੌਕੇ ਪ੍ਰਦਾਨ ਕਰਵਾਉਣਾ ਹੈ। ਉਨ੍ਹਾਂ ਦੱਸਿਆ ਕਿ ਇਹ ਸਮਝੌਤਾ ਦੋਵਾਂ ਸੰਸਥਾਵਾਂ ਦੇ ਖੋਜਾਰਥੀਆਂ ਨੂੰ ਸਾਂਝੇ ਖੋਜ ਪ੍ਰਾਜੈਕਟਾਂ 'ਤੇ ਕੰਮ ਕਰਨ, ਖੋਜ ਸਮੱਗਰੀ ਦਾ ਆਦਾਨ-ਪ੍ਰਦਾਨ ਕਰਨ, ਅੰਤਰਰਾਸ਼ਟਰੀ ਅਤੇ ਭਾਰਤੀ ਵਿਗਿਆਨਕ ਰਸਾਲਿਆਂ ਵਿੱਚ ਖੋਜ ਪੱਤਰ ਪ੍ਰਕਾਸ਼ਿਤ ਕਰਵਾਉਣ ਅਤੇ ਕਿਤਾਬਾਂ ਪ੍ਰਕਾਸ਼ਿਤ ਕਰਨ 'ਚ ਸਹਾਇਤਾ ਮੁਹੱਈਆ ਕਰਵਾਏਗਾ। ਇਸੇ ਤਰ੍ਹਾਂ ਖੋਜ ਖੇਤਰਾਂ 'ਚ ਹੋਰ ਗੁਣਵੱਤਾਪੂਰਨ ਸੁਧਾਰਾਂ ਲਈ ਫੈਕਲਟੀ ਦਾ ਆਦਾਨ-ਪ੍ਰਦਾਨ ਵੀ ਕੀਤਾ ਜਾਵੇਗਾ।

ਇਸ ਤੋਂ ਇਲਾਵਾ ਸਮਝੌਤੇ ਤਹਿਤ ਸੈਮੀਨਾਰਾਂ, ਵਰਕਸ਼ਾਪਾਂ, ਗੋਸ਼ਟੀਆਂ, ਪ੍ਰਦਰਸ਼ਨੀਆਂ ਅਤੇ ਖੋਜ ਪ੍ਰਕਾਸ਼ਨਾਵਾਂ ਆਦਿ ਦੇ ਮਾਧਿਅਮ ਰਾਹੀਂ ਖੋਜ ਅਤੇ ਵਿਕਾਸ ਦੇ ਖੇਤਰ 'ਚ ਵਿਦਿਆਰਥੀਆਂ ਨੂੰ ਗੁਣਵੱਤਾਪੂਰਨ ਸਿਖਲਾਈ ਮੁਹੱਈਆ ਕਰਵਾਈ ਜਾਵੇਗੀ।ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਅਧਿਆਪਕਾਂ ਦੇ ਹੁਨਰ-ਨਿਰਮਾਣ ਨੂੰ ਵਿਕਸਤ ਕਰਨ ਦੇ ਉਦੇਸ਼ ਨਾਲ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਕੁਦਰਤੀ ਸਰੋਤਾਂ ਦੀ ਢੁੱਕਵੀਂ ਵਰਤੋਂ ਨਾਲ ਜਿਓਸਪੇਸ਼ੀਅਲ ਤਕਨੀਕਾਂ ਸੂਬੇ ਦੀਆਂ ਵਾਤਾਵਰਣਕ ਚੁਣੌਤੀਆਂ ਦੇ ਢੁੱਕਵੇਂ ਹੱਲ ਲੱਭਣ ਸਮੇਤ ਦੇਸ਼ ਦੇ ਵਾਤਾਵਰਣ ਸੰਭਾਲ ਲਈ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ।

ਪੀ.ਆਰ.ਐਸ.ਸੀ ਦੇ ਡਾਇਰੈਕਟਰ ਡਾ. ਨੇ ਕਿਹਾ ਕਿ ਦੋਵਾਂ ਸੰਸਥਾਵਾਂ 'ਚ ਹੋਈ ਭਾਈਵਾਲੀ ਮੁੱਖ ਤੌਰ 'ਤੇ ਸਾਡੇ ਕਿਸਾਨਾਂ ਦੀ ਸਹਾਇਤਾ ਲਈ ਭੂ-ਵਿਗਿਆਨ ਬੁਨਿਆਦੀ ਢਾਂਚੇ ਦੀ ਵਰਤੋਂ ਕਰਕੇ ਸਮਾਜ ਦੀ ਸੇਵਾ ਕਰਨ ਲਈ ਸਰੋਤਾਂ ਦੀ ਬਿਹਤਰ ਵਰਤੋਂ ਨੂੰ ਮਜ਼ਬੂਤ ਬਣਾਏਗਾ। ਇਹ ਖਾਸ ਤੌਰ 'ਤੇ ਆਫ਼ਤ ਪ੍ਰਬੰਧਨ, ਪਾਣੀ ਅਤੇ ਭੂਮੀ ਸਰੋਤ ਪ੍ਰਬੰਧਨ ਸਮੇਤ ਜ਼ਮੀਨ ਖਿਸਕਣ ਵਾਲੇ ਖੇਤਰਾਂ ਦੀ ਪਛਾਣ ਕਰਨ ਲਈ ਲਾਭਦਾਇਕ ਸਿੱਧ ਹੋਵੇਗਾ।