5 Dariya News

ਪ੍ਰਮੁੱਖ ਸਕੱਤਰ ਸਿਹਤ ਨੇ 12-14 ਸਾਲ ਉਮਰ ਵਰਗ ਲਈ ਕੋਵਿਡ ਟੀਕਾਕਰਨ ਮੁਹਿੰਮ ਦਾ ਕੀਤਾ ਉਦਘਾਟਨ

5 Dariya News

ਚੰਡੀਗੜ੍ਹ 16-Mar-2022

ਪੰਜਾਬ ਰਾਜ ਵਿੱਚ ਅੱਜ  12-14 ਸਾਲ ਉਮਰ ਵਰਗ ਲਈ ਕੋਵਿਡ ਟੀਕਾਕਰਨ ਮੁਹਿੰਮ ਦਾ ਰਸਮੀ ਉਦਘਾਟਨ ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਸ੍ਰੀ ਰਾਜ ਕਮਲ ਚੌਧਰੀ ਨੇ ਸਿਵਲ ਹਸਪਤਾਲ ਮੁਹਾਲੀ ਵਿਖੇ ਆਯੋਜਿਤ ਰਾਜ ਪੱਧਰੀ ਸਮਾਗਮ ਵਿੱਚ ਕੀਤਾ।ਇਸ ਮੌਕੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ: ਜੀ.ਬੀ. ਸਿੰਘ, ਡਾਇਰੈਕਟਰ ਸਿਹਤ ਸੇਵਾਵਾਂ (ਪ.ਭ.) ਡਾ.ਓ.ਪੀ.ਗੋਜਰਾ, ਰਾਜ ਟੀਕਾਕਰਨ ਅਫਸਰ ਡਾ.ਬਲਵਿੰਦਰ ਕੌਰ, ਸਿਵਲ ਸਰਜਨ ਮੁਹਾਲੀ ਡਾ.ਆਦਰਸਪਾਲ ਕੌਰ, ਡਾ.ਵਿਕਰਮ ਗੁਪਤਾ (ਡਬਲਯੂ.ਐਚ.ਓ.), ਜਿਲਾ ਟੀਕਾਕਰਨ ਅਫਸਰ ਡਾ: ਗਿਰੀਸ ਡੋਗਰਾ, ਐਸ.ਐਮ.ਓ. ਡਾ. ਵਿਜੇ ਭਗਤ, ਡਾ. ਐੱਚ.ਐੱਸ. ਚੀਮਾ,ਐਸ.ਪੀ.ਐਮ. ਯੂ.ਐਸ.ਏਡ. ਡਾ. ਅਭਿਸ਼ੇਕ ਵੀ ਹਾਜਰ ਸਨ।ਉਦਘਾਟਨੀ ਸਮਾਗਮ ਵਿੱਚ ਬੋਲਦਿਆਂ ਸ੍ਰੀ ਰਾਜ ਕਮਲ ਚੌਧਰੀ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਇੱਕ ਮਾਹਰ ਗਰੁੱਪ ਦੀ ਸਿਫਾਰਸ ‘ਤੇ ਕੋਵਿਡ ਟੀਕਾਕਰਨ ਪ੍ਰੋਗਰਾਮ ਨੂੰ 12-14 ਉਮਰ ਵਰਗ ਦੀ ਆਬਾਦੀ ਲਈ ਵਧਾਇਆ ਜਾ ਰਿਹਾ ਹੈ। 

ਇਸ ਉਮਰ ਸਮੂਹ ਦੇ ਲਾਭਪਾਤਰੀਆਂ ਲਈ ਸਿਰਫ ਕੋਰਬੇਵੈਕਸ ਵੈਕਸੀਨ ਦੀ ਵਰਤੋਂ ਕੀਤੀ ਜਾਵੇਗੀ ਅਤੇ ਇਹ ਇਸ ਉਮਰ ਸਮੂਹ ਲਈ ਪ੍ਰਵਾਨਿਤ ਸਵਦੇਸੀ ਟੀਕਾ ਹੈ। ਇਸ ਟੀਕੇ ਦੀਆਂ ਦੋ ਖੁਰਾਕਾਂ 28 ਦਿਨਾਂ ਦੇ ਅੰਤਰਾਲ ‘ਤੇ ਦਿੱਤੀਆਂ ਜਾਣੀਆਂ ਹਨ। ਪੰਜਾਬ ਵਿੱਚ ਇਸ ਉਮਰ ਵਰਗ ਦੀ 8.65 ਲੱਖ ਆਬਾਦੀ ਦਾ ਟੀਕਾਕਰਨ ਕਰਨ ਦਾ ਟੀਚਾ ਹੈ। ਇਸ ਵਿਸੇਸ ਉਮਰ ਸਮੂਹ ਲਈ ਵਿਸ਼ੇਸ਼ ਟੀਕਾਕਰਨ ਸੈਸਨ ਲਗਾਏ ਜਾਣਗੇ।ਇਸ ਤੋਂ ਇਲਾਵਾ, ਸਾਵਧਾਨੀ ਦੀ ਖੁਰਾਕ/ ਬੂਸਟਰ ਖੁਰਾਕ ਹੁਣ 60 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਸਾਰੇ ਹੀ ਵਿਅਕਤੀਆਂ ਨੂੰ ਦਿੱਤੀ ਜਾ ਸਕਦੀ ਹੈ। ਇਸ ਖੁਰਾਕ ਦਾ ਕ੍ਰਮ ਦੂਜੀ ਖੁਰਾਕ ਦੀ ਮਿਤੀ ਤੋਂ 9 ਮਹੀਨਿਆਂ ਦੇ ਪੂਰੇ ਹੋਣ ‘ਤੇ ਅਧਾਰਤ ਹੋਵੇਗਾ। ਸਾਵਧਾਨੀ ਦੀ ਖੁਰਾਕ ਲਈ ਸਿਰਫ ਪਹਿਲਾਂ ਲਈ ਗਈ ਵੈਕਸੀਨ ਦੀ ਹੀ ਵਰਤੋਂ ਕੀਤੀ ਜਾਣੀ ਹੈ।ਉਨਾਂ ਇਹ ਵੀ ਦੱਸਿਆ ਕਿ ਪੰਜਾਬ ਰਾਜ ਨੇ ਯੋਗ ਆਬਾਦੀ ਦੇ 96% (18 ਸਾਲ ਅਤੇ ਇਸ ਤੋਂ ਵੱਧ) ਨੂੰ ਕੋਵਿਡ ਵੈਕਸੀਨ ਦੀ ਘੱਟੋ-ਘੱਟ ਇੱਕ ਖੁਰਾਕ ਨਾਲ ਕਵਰ ਕੀਤਾ ਹੈ ਅਤੇ 72% ਤੋਂ ਵੱਧ ਆਬਾਦੀ ਦਾ ਪੂਰਣ ਟੀਕਾਕਰਨ ਕੀਤਾ ਜਾ ਚੁੱਕਾ ਹੈ। ਉਨਾਂ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਚੌਥੀ ਲਹਿਰ ਦੀ ਕਿਸੇ ਵੀ ਸੰਭਾਵਨਾ ਤੋਂ ਬਚਣ ਲਈ ਕੋਵਿਡ ਦੇ ਢੁਕਵੇਂ ਵਿਵਹਾਰ ਦੀ ਪਾਲਣਾ ਜਰੂਰ ਕਰਨ।