5 Dariya News

ਭਾਜਪਾ ਨੇ 'ਆਪ' ਦੇ ਜੇਤੂ ਉਮੀਵਾਰਾਂ ਨੂੰ ਖਰੀਦਣ ਦੀ ਕੋਸ਼ਿਸ ਕਰਕੇ ਆਪਣੀ ਘਟੀਆ ਰਾਜਨੀਤੀ ਦਾ ਤਾਜਾ ਸਬੂਤ ਦਿੱਤਾ : ਰਾਘਵ ਚੱਢਾ

'ਆਪ' ਵਲੋਂ ਭਾਜਪਾ ਦੀ ਇਸ ਘਟੀਆ ਰਾਜਨੀਤੀ ਨੂੰ ਲੈਕੇ ਆਪਣੇ ਕੌਂਸਲਰਾਂ ਦੇ ਮੋਬਾਈਲ ਫੋਨ ਰਿਕਾਰਡਿੰਗ ਮੋਡ 'ਤੇ ਪਾਏ ਅਤੇ ਘਰਾਂ ਦੇ ਬਾਹਰ ਲਗਾਏ ਸੀਸੀਟੀਵੀ ਕੈਮਰੇ

5 Dariya News

ਚੰਡੀਗੜ 28-Dec-2021

ਆਮ ਆਦਮੀ ਪਾਰਟੀ (ਆਪ) ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਅਤੇ ਦੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ ਨੇ ਅੱਜ ਮੰਗਲਵਾਰ ਨੂੰ ਇਥੇ ਪਾਰਟੀ ਹੈੱਡਕੁਆਰਟਰ ਵਿਖੇ ਕੀਤੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਖੁਲਾਸਾ ਕੀਤਾ ਕਿ ਚੰਡੀਗੜ ਨਗਰ ਨਿਗਮ ਚੋਣਾਂ ਨੂੰ ਲੈਕੇ ਲੰਘੇ ਦਿਨ ਐਲਾਨੇ ਗਏ ਨਤੀਜਿਆਂ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਜੇਤੂ ਰਹੇ ਉਮੀਦਵਾਰਾਂ ਨੂੰ ਭਾਜਪਾ ਵਲੋਂ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਾਘਵ ਚੱਢਾ ਨੇ ਕਿਹਾ 'ਆਪ' ਨੇ ਭਾਜਪਾ ਦੀ ਇਸ ਘਟੀਆ ਰਾਜਨੀਤੀ ਨੂੰ ਜਨਤਕ ਕਰਨ ਦੇ ਮੰਤਵ ਨਾਲ ਆਪਣੇ ਕੌਂਸਰਲਾਂ ਨੂੰ ਆਪਣੇ ਮੋਬਾਈਲ ਫ਼ੋਨ ਰਿਕਾਰਡਿੰਗ ਮੋਡ 'ਤੇ ਪਾਉਣ ਦੀ ਹਿਦਾਇਤ ਦੇ ਦਿੱਤੀ ਹੈ ਅਤੇ ਉਹਨਾਂ ਦੇ ਘਰਾਂ ਦੇ ਬਾਹਰ ਸੀਸੀਟੀਵੀ ਕੈਮਰੇ ਵੀ ਲਗਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਹੁਣ ਭਾਜਪਾ ਨੇ ਇਸ ਤਰਾਂ ਦੀ ਕੋਈ ਵੀ ਹਰਕਤ ਕੀਤੀ ਤਾਂ ਉਹ 'ਆਪ' ਆਪਣੇ ਕੌਂਸਲਰਾਂ ਦੀ ਮੋਬਾਈਲ ਫ਼ੋਨ ਅਤੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਨੂੰ ਜਨਤਕ ਕਰਕੇ ਭਾਜਪਾ ਦੀ ਇਸ 'ਗੰਦੀ' ਰਾਜਨੀਤੀ ਨੂੰ ਲੋਕਾਂ ਸਾਹਮਣੇ ਉਜਾਗਰ ਕੀਤਾ ਜਾਵੇਗਾ।ਰਾਘਵ ਚੱਢਾ ਨੇ ਇਸ ਗੱਲ 'ਤੇ ਅਫ਼ਸੋਸ ਜ਼ਾਹਿਰ ਕਰਦੇ ਹੋਏ ਕਿਹਾ ਕਿ 'ਹੋਰਸ ਟਰੇਡਿੰਗ' ਦੀ  ਇਹ ਕਰਤੂਤ ਪੰਜਾਬ ਭਾਜਪਾ ਦੇ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਸਮੇਤ ਚੰਡੀਗੜ ਭਾਜਪਾ ਦੇ ਸੀਨੀਅਰ ਲੀਡਰਾਂ ਦੀ ਅਗੁਵਾਈ ਹੇਠ ਕੀਤੀ ਗਈ। ਉਹਨਾਂ ਦੱਸਿਆ ਕਿ ਲੰਘੀ ਦੇਰ ਰਾਤ ਉਹਨਾਂ ਦੀ ਪਾਰਟੀ ਦੇ ਤਿੰਨ ਕੌਂਸਲਰਾਂ ਨਾਲ ਭਾਜਪਾ ਦੇ ਸੀਨੀਅਰ ਲੀਡਰਾਂ ਨੇ ਸੰਪਰਕ ਕਰਕੇ ਉਹਨਾਂ ਨੂੰ ਪੈਸੇ ਦਾ ਲਾਲਚ ਦਿੱਤਾ ਗਿਆ। ਉਹਨਾਂ ਕਿਹਾ ਕਿ ਨਿਗਮ ਚੋਣਾਂ ਵਿੱਚ ਕਰਾਰੀ ਹਰ ਮਿਲਣ ਤੋਂ ਬਾਅਦ ਭਾਜਪਾ ਦੇ ਇੱਕ ਹੋਰ ਅਸਲੀ ਚਿਹਰਾ ਸਾਹਮਣੇ ਆ ਗਿਆ ਹੈ। ਰਾਘਵ ਚੱਢਾ ਨੇ ਦੱਸਿਆ ਕਿ ਭਾਜਪਾ ਵਲੋਂ ਉਹਨਾਂ ਦੇ ਦੋ ਕੌਂਸਲਰਾਂ ਨੂੰ ਪੰਜਾਹ-ਪੰਜਾਹ ਲੱਖ ਅਤੇ ਇੱਕ ਕੌਂਸਲਰ ਨੂੰ 75 ਲੱਖ ਰੁਪਏ ਦੇਕੇ ਖਰੀਦਣ ਦਾ ਯਤਨ ਕੀਤਾ ਗਿਆ। 

ਰਾਘਵ ਚੱਢਾ ਨੇ ਕਿਹਾ ਕਿ ਭਾਜਪਾ ਵਲੋਂ ਇਥੇ ਚੰਡੀਗੜ ਵਿੱਚ ਸ਼ੁਰੂ ਕੀਤੇ ਗਏ ਇਸ 'ਆਪ੍ਰੇਸ਼ਨ ਕਮਲ' ਨੂੰ ਲੈਕੇ 'ਆਪ' ਦੇ ਕੌਂਸਲਰ ਕਿਸੀ ਵੀ ਤਰਾਂ ਦੇ ਲਾਲਚ ਵਿੱਚ ਆਉਣ ਵਾਲੇ ਨਹੀਂ ਹਨ। ਉਹਨਾਂ ਕਿਹਾ ਕਿ 'ਆਪ' ਦੇ ਕੌਂਸਲਰ ਉਸ ਮਿੱਟੀ ਦੇ ਨਹੀਂ ਬਣੇ ਜੋ ਭਾਪਜਾ ਦੇ ਇਸ ਤਰਾਂ ਦੇ ਲਾਲਚ ਜਾਂ ਕਿਸੀ ਹੋਰ ਹਥਕੰਡੇ ਵਿੱਚ ਆ ਜਾਣਗੇ।ਰਾਘਵ ਚੱਢਾ ਦੇ ਕਿਹਾ ਚੰਡੀਗੜ ਨਗਰ ਨਿਗਮ ਵਿੱਚ ਹੁਣ ਤੱਕ ਕਾਂਗਰਸ ਨੇ 12 ਅਤੇ ਭਾਜਪਾ ਨੇ 13 ਸਾਲ ਹਕੂਮਤ ਕੀਤੀ ਹੈ। ਇਸ ਦੌਰਾਨ ਦੋਵੇਂ ਪਾਰਟੀਆਂ ਵਲੋਂ ਕੀਤੀ ਗਈ ਕਥਿਤ ਭ੍ਰਿਸ਼ਟਾਚਾਰ ਦੀ ਰਾਜਨੀਤੀ ਤੋਂ ਬਾਅਦ ਹੁਣ ਚੰਡੀਗੜ ਵਾਸੀਆਂ ਨੇ ਇੱਕ ਬਦਲ ਦੇ ਰੂਪ ਵਿੱਚ ਆਮ ਆਦਮੀ ਪਾਰਟੀ ਨੂੰ ਇਹਨਾਂ ਨਿਗਮ ਚੋਣਾਂ ਵਿੱਚ ਸਮਰਥਨ ਦਿੱਤਾ ਹੈ। ਸ਼ਹਿਰ ਵਾਸੀਆਂ ਨੇ ਅਰਵਿੰਦ ਕੇਰਜੀਵਾਲ ਦੇ ਵਿਕਾਸ ਅਤੇ ਇਮਾਨਦਾਰ ਸ਼ਾਸਨ ਦੇ ਮਾਡਲ ਨੂੰ ਪੂਰਾ ਸਮਰਥਨ ਦੇਕੇ ਨਿਗਮ ਚੋਣਾਂ ਵਿੱਚ 'ਆਪ' ਦੇ ਰਿਕਾਰਡ 14 ਉਮੀਦਵਾਰ ਨੂੰ ਜੇਤੂ ਬਣਾਇਆ ਹੈ। 'ਆਪ' ਦੀ ਇਸ ਸਫ਼ਲਤਾ ਤੋਂ ਬਾਅਦ ਭਾਜਪਾ ਵਲੋਂ ਚੰਡੀਗੜ ਦੇ ਨਾਗਰਿਕਾਂ ਵਲੋਂ ਚੁਣੇ ਗਏ ਨੁਮਾਇੰਦਿਆਂ ਨੂੰ ਇਸ ਘਟੀਆਂ ਹਰਕਤ ਨਾਲ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਹਨਾਂ ਦੱਸਿਆ ਕਿ 'ਆਪ' ਦੇ ਕੌਂਸਲਰਾਂ ਨੂੰ ਪੈਸੇ ਦੇ ਲਾਲਚ ਦੇ ਨਾਲ ਨਾਲ ਭਾਜਪਾ ਦੀ ਕੌਮੀ ਲੀਡਰਸ਼ਿਪ ਨਾਲ ਮੁਲਾਕਾਤ ਕਰਵਾਉਣ ਸਮੇਤ ਹੋਰ ਵੀ ਕਈ ਤਰਾਂ ਦੇ ਲਾਲਚ ਦਿੱਤੇ ਗਏ।ਰਾਘਵ ਚੱਢਾ ਨੇ ਦੱਸਿਆ ਕਿ ਭਾਜਪਾ ਵਲੋਂ ਗੋਆ, ਅਰੁਣਾਚਲ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਾਂਗ ਇਥੇ ਚੰਡੀਗੜ ਵਿੱਚ ਵੀ ਇਹ 'ਆਪ੍ਰੇਸ਼ਨ ਕਮਲ' ਚਲਾ ਕੇ ਕੌਂਸਲਰਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਕਿ  ਭਾਜਪਾ ਦੇ ਲਾਲਚ ਵਿੱਚ ਕਾਂਗਰਸ ਵਾਲੇ ਆ ਸਕਦੇ ਹਨ 'ਆਪ' ਵਾਲੇ ਨਹੀਂ। ਕਿਉਂਕਿ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਦਾ ਪਰਿਵਾਰ ਹੈ ਅਤੇ ਆਮ ਆਦਮੀ ਪਾਰਟੀ ਦਾ ਹਰ ਵਰਕਰ ਪਾਰਟੀ ਦਾ ਸੱਚਾ ਸਿਪਾਹੀ ਹੈ। ਉਹਨਾਂ ਕਿਹਾ ਕਿ 'ਆਪ' ਭਾਜਪਾ ਦੀ ਇਸ ਗੰਦੀ ਰਾਜਨੀਤੀ ਨੂੰ ਬਰਦਾਸ਼ਤ ਨਹੀਂ ਕਰੇਗੀ ਅਤੇ ਲੋੜ ਪੈਣ 'ਤੇ ਕਾਨੂੰਨੀ ਕਾਰਵਾਈ ਵੀ ਕਰ ਸਕਦੀ ਹੈ।

ਰਾਘਵ ਚੱਢਾ ਨੇ ਦੱਸਿਆ ਕਿ ਚੰਡੀਗੜ ਨਿਗਮ ਚੋਣਾਂ ਵਿੱਚ 'ਆਪ' ਦੇ ਜੇਤੂ ਉਮੀਦਵਾਰਾਂ ਨੂੰ ਹੱਲਾ ਸ਼ੇਰੀ ਦੇਣ ਅਤੇ ਇਹਨਾਂ ਚੋਣਾਂ ਵਿੱਚ ਹਾਰਨ ਵਾਲੇ ਉਮਮੀਦਵਾਰ ਦੀ ਹੌਂਸਲਾਫ਼ਜ਼ਾਈ ਲਈ 'ਆਪ' ਸਰਪ੍ਰਸਤ ਅਰਵਿੰਦ ਕੇਰਜੀਵਾਲ ਇਸੀ ਮਹੀਨੇ ਚੰਡੀਗੜ ਆ ਰਹੇ ਹਨ। ਉਹਨਾਂ ਕਿਹਾ ਕਿ ਇਸ ਦੌਰਾਨ ਉਹਨਾਂ ਵਲੋਂ ਮੀਟਿੰਗ ਕਰਕੇ ਅਗਲੀ ਰੂਪਰੇਖਾ ਤਿਆਰ ਕੀਤੀ ਜਾਵੇਗੀ।ਰਾਘਵ ਚੱਢਾ ਨੇ ਕਿਹਾ ਕਿ ਚੰਡੀਗੜ ਦੀ ਤਰਾਂ ਪੰਜਾਬ ਦੇ ਲੋਕ ਵੀ ਉਥੋਂ ਦੀਆਂ ਰਿਵਾਇਤੀ ਪਾਰਟੀਆਂ ਦੀਆਂ ਕਥਿਤ ਲੋਕ ਵਿਰੋਧੀ ਨੀਤੀਆਂ ਅਤੇ ਭ੍ਰਿਸ਼ਟਾਚਾਰ ਵਿੱਚ ਡੁੱਬੇ ਸ਼ਾਸਨ ਤੋਂ ਟੰਗਗ ਆ ਚੁਕੇ ਹਨ। ਉਹਨਾਂ ਕਿਹਾ ਪੰਜਾਬ ਵਿੱਚ 26 ਸਾਲ ਕਾਂਗਰਸ ਅਤੇ 24 ਸਾਲ ਅਕਾਲੀ-ਭਾਜਪਾ ਨੇ ਰਾਜ ਕੀਤਾ ਹੈ। ਉਹਨਾਂ ਕਿਹਾ ਕਿ ਹੁਣ ਪੰਜਾਬ ਦੇ ਲੋਕ ਇਹਨਾਂ ਰਿਵਾਇਤੀ ਪਾਰਟੀਆਂ ਤੋਂ ਤੰਗ ਆ ਚੁਕੇ ਹਨ ਅਤੇ ਆਮ ਆਦਮੀ ਪਾਰਟੀ ਨੂੰ ਉਹ ਇਹਨਾਂ ਦੇ ਬਦਲ ਦੇ ਰੂਪ ਵਿੱਚ ਦੇਖ  ਰਹੇ ਹਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਇੱਕ ਅਜਿਹੀ ਪਾਰਟੀ ਹੈ ਜਿਸਦਾ ਦਿਲ ਪੰਜਾਬ ਦੀ ਖੁਸ਼ਹਾਲੀ ਲਈ ਧੜਕਦਾ ਹੈ। ਰਾਘਵ ਚੱਢਾ ਨੇ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਖਤਮ ਹੋ ਜਾਵੇਗੀ। ਉਹਨਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਤੱਕ ਕਾਂਗਰਸ ਦੇ ਕੇਵਲ ਦੋ ਜਾਂ ਚਾਰ ਵਿਧਾਇਕ ਹੀ ਰਹਿ ਜਾਣਗੇ ਬਾਕੀ ਦੇ ਆਪਣੀ ਪਾਰਟੀ ਛੱਡ ਕੇ ਦੂਜੀਆਂ ਪਾਰਟੀਆਂ ਦਾ ਲੜ ਫੜ ਲੈਣਗੇ। ਉਹਨਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਕਾਂਗਰਸ ਨੂੰ ਨਾ ਪਾਉਣ। ਉਹਨਾਂ ਕਿਹਾ ਕਿ ਇਸ ਨਾਲ ਉਹ ਆਪਣੇ ਕੀਮਤੀ ਵੋਟ ਖਰਾਬ ਹੀ ਕਰਨਗੇ,ਕਿਉਂਕਿ ਪੰਜਾਬ ਵਿਚੋਂ ਕਾਂਗਰਸ ਦਾ ਵਜੂਦ ਖਤਮ ਹੋਣ ਦੇ ਕੰਢੇ 'ਤੇ ਹੈ।ਇਸ ਮੌਕੇ ਆਮ ਆਦਮੀ ਪਾਰਟੀ ਚੰਡੀਗੜ ਦੇ ਕੋ-ਇੰਚਾਰਜ ਪ੍ਰਦੀਪ ਛਾਬੜਾ, ਪ੍ਰਧਾਨ ਪ੍ਰੇਮ ਗਰਗ, ਚੰਡੀਗੜ ਨਿਗਮ ਚੋਣਾਂ ਲਈ ਇੰਚਾਰਜ ਚੰਦਰਮੁਖੀ ਸ਼ਰਮਾਂ ਸਮੇਤਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਬੁਲਾਰੇ ਨੀਲ ਗਰਗ ਵੀ ਮੌਜੂਦ ਸਨ।