5 Dariya News

ਮਾਹਿਲਪੁਰ ’ਚ ਹੋਈ 6.50 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ 24 ਘੰਟਿਆਂ ’ਚ ਹੱਲ, 4 ਕਾਬੂ

ਮਨੀ ਚੇਂਜਰ ਵਾਲੀ ਦੁਕਾਨ ਦਾ ਕਰਿੰਦਾ ਹੀ ਨਿਕਲਿਆ ਸਾਜਿਸ਼ਕਰਤਾ : ਐਸ.ਪੀ. ਰਵਿੰਦਰ ਪਾਲ ਸਿੰਘ ਸੰਧੂ

5 Dariya News

ਹੁਸ਼ਿਆਰਪੁਰ 15-Jul-2021

ਬੀਤੇ ਮੰਗਲਵਾਰ ਸ਼ਾਮ ਨੂੰ ਮਾਹਿਲਪੁਰ ਖੇਤਰ ’ਚ ਹੋਈ 6.50 ਲੱਖ ਰੁਪਏ ਦੀ ਲੁੱਟ ਦੀ ਘਟਨਾ ਜ਼ਿਲ੍ਹਾ ਪੁਲਿਸ ਨੇ ਮਹਿਜ਼ 24 ਘੰਟਿਆਂ ਵਿਚ ਹੱਲ ਕਰਦਿਆਂ 4 ਮੁਲਜ਼ਮਾਂ ਨੂੰ ਕਾਬੂ ਕਰਕੇ ਲੁੱਟ ਦੀ ਸਾਰੀ ਰਕਮ ਬਰਾਮਦ ਕਰ ਲਈ ਹੈ।ਸਥਾਨਕ ਪੁਲਿਸ ਲਾਈਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ.ਪੀ. (ਡੀ) ਰਵਿੰਦਰ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਵਲੋਂ ਏ.ਐਸ.ਪੀ. ਗੜ੍ਹਸ਼ੰਕਰ ਤੁਸ਼ਾਰ ਗੁਪਤਾ, ਸੀ.ਆਈ.ਏ. ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ, ਐਸ.ਐਚ.ਓ. ਥਾਣਾ ਗੜ੍ਹਸ਼ੰਕਰ ਸਤਵਿੰਦਰ ਸਿੰਘ ਦੀ ਟੀਮ ਬਣਾ ਕੇ ਤੁਰੰਤ ਹਰ ਪੱਖ ਤੋਂ ਤਫਤੀਸ਼ ਸ਼ੁਰੂ ਕਰਵਾਈ ਜਿਸ ਦੌਰਾਨ ਪੁਲਿਸ ਨੂੰ ਵਾਰਦਾਤ ਹੱਲ ਕਰਨ ਵਿਚ ਕਾਮਯਾਬੀ ਮਿਲੀ। ਉਨ੍ਹਾਂ ਦੱਸਿਆ ਕਿ 13 ਜੁਲਾਈ ਨੂੰ ਰਾਜੇਸ਼ ਕੁਮਾਰ ਵਾਸੀ ਮਾਹਿਲਪੁਰ ਨੇ ਜਾਣਕਾਰੀ ਦਿੱਤੀ ਕਿ ਉਸ ਦੀ ਦੁਕਾਨ ’ਤੇ ਕੰਮ ਕਰਨ ਵਾਲੇ ਬਲਜਿੰਦਰ ਸਿੰਘ ਅਤੇ ਬਲਵਿੰਦਰ ਸਿੰਘ, ਜੋ ਕਿ ਕੈਪੀਟਲ ਬੈਂਕ ਮਾਹਿਲਪੁਰ ਤੋਂ ਸਾਢੇ 6 ਲੱਖ ਰੁਪਏ ਕਢਵਾ ਕੇ ਉਸ ਨੂੰ ਦੇਣ ਜਾ ਰਹੇ ਸਨ, ਤੋਂ ਕਰੀਬ ਸਾਢੇ 4 ਵਜੇ ਮਿਲਨ ਪੈਲੇਸ ਨਜ਼ਦੀਕ ਤਿੰਨ ਨਾਮਲੂਮ ਵਿਅਕਤੀ ਅੱਖਾਂ ਵਿੱਚ ਮਿਰਚਾਂ ਪਾ ਕੇ ਰਕਮ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਥਾਣਾ ਮਾਹਿਲਪੁਰ ਵਿਚ ਮਾਮਲਾ ਦਰਜ ਕਰਨ ਉਪਰੰਤ ਪੁਲਿਸ ਵਲੋਂ ਡੂੰਘਾਈ ਨਾਲ ਜਾਂਚ ਦੌਰਾਨ ਲੁੱਟ ਖੋਹ ਵਿਚ ਸ਼ਾਮਲ ਦੁਕਾਨ ਮਾਲਕ ਦੇ ਕਰਿੰਦੇ ਬਲਜਿੰਦਰ ਸਿੰਘ ਸਮੇਤ ਸਾਹਿਲ ਵਾਸੀ ਕੋਟਫਤੂਹੀ, ਰੋਹਿਤ ਵਾਸੀ ਬੁਗਰਾਂ ਅਤੇ ਪ੍ਰਭਜੋਤ ਸਿੰਘ ਵਾਸੀ ਬਿੰਜੋ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਤੋਂ ਲੁੱਟੀ ਹੋਈ ਰਕਮ ਅਤੇ ਵਾਰਦਾਤ ਵਿਚ ਵਰਤਿਆ ਮੋਟਰ ਸਾਈਕਲ ਬਰਾਮਦ ਕੀਤਾ ਗਿਆ।ਐਸ.ਪੀ. (ਡੀ) ਨੇ ਦੱਸਿਆ ਕਿ ਰਾਜੇਸ਼ ਕੁਮਾਰ ਅੱਡਾ ਕੋਟ ਫਤੂਹੀ ਵਿਖੇ ਵੈਸਟਰਨ ਯੂਨੀਅਨ ਦਾ ਕੰਮ ਵੀ ਕਰਦਾ ਹੈ ਅਤੇ ਉਹ ਅਕਸਰ ਆਪਣੇ ਕਰਿੰਦੇ ਬਲਜਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਨੂੰ ਬੈਂਕ ਤੋਂ ਪੈਸੇ ਕਢਵਾ ਕੇ ਘਰ ਭੇਜ ਦਿੰਦਾ ਸੀ। ਉਨ੍ਹਾਂ ਦੱਸਿਆ ਕਿ ਬਲਜਿੰਦਰ ਸਿੰਘ ਦੇ ਮਨ ਵਿਚ ਲਾਲਚ ਆਉਣ ਨਾਲ ਉਸ ਨੇ ਆਪਣੇ ਦੋਸਤਾਂ ਸਾਹਿਲ, ਰੋਹਿਤ ਅਤੇ ਪ੍ਰਭਜੋਤ ਨਾਲ ਮਿਲ ਕੇ ਐਤਵਾਰ ਨੂੰ ਘਟਨਾ ਨੂੰ ਅੰਜ਼ਾਮ ਨੂੰ ਵਿਊਂਤਬੰਦੀ ਕਰਦਿਆਂ ਘਟਨਾ ਵਾਲੀ ਮਿਥੀ ਥਾਂ ਵੀ ਰਾਤ ਨੂੰ ਦਿਖਾ ਦਿੱਤੀ ਸੀ। ਉਨ੍ਹਾਂ ਦੱਸਿਆ ਕਿ 13 ਜੁਲਾਈ ਨੂੰ ਪੈਸੇ ਕਢਵਾ ਕੇ ਜਾਂਦੇ ਸਮੇਂ ਪਹਿਲਾਂ ਹੀ ਗਿਣੀ ਮਿਥੀ ਸਾਜ਼ਿਸ ਤਹਿਤ ਬਲਜਿੰਦਰ ਸਿੰਘ ਦੇ ਸਹਿ ਦੋਸ਼ੀਆਂ ਨੇ ਵਾਰਦਾਤ ਨੂੰ ਅੱਖਾਂ ਵਿਚ ਮਿਰਚਾਂ ਪਾਉਣ ਦਾ ਡਰਾਮਾ ਕਰਕੇ ਅੰਜ਼ਾਮ ਦਿੱਤਾ ਅਤੇ ਫਰਾਰ ਹੋ ਗਏ। ਬਲਜਿੰਦਰ ਸਿੰਘ ਵਲੋਂ ਦਿੱਤੀ ਸਲਾਹ ਮੁਤਾਬਕ ਲੁੱਟ ਦੀ ਰਕਮ ਪ੍ਰਭਜੋਤ ਸਿੰਘ ਨੇ ਆਪਣੀ ਹਵੇਲੀ ਦੇ ਤੂੜੀ ਵਾਲੇ ਕਮਰੇ ਵਿਚ ਤੂੜੀ ਹੇਠਾਂ ਲੁਕੋ ਦਿੱਤੀ ਸੀ ਜੋ ਬਰਾਮਦ ਕਰ ਲਈ ਗਈ ਹੈ।