5 Dariya News

ਸੁਖਬੀਰ ਸਿੰਘ ਬਾਦਲ ਨੇ ਵੈਕਸੀਨ ਤੇ ਫਤਿਹ ਕਿੱਟ ਘੁਟਾਲੇ ਦੀ ਪ੍ਰਧਾਨਗੀ ਕਰਨ ’ਤੇ ਬਲਬੀਰ ਸਿੱਧੂ ਦੀ ਬਰਖ਼ਾਸਤਗੀ ਮੰਗੀ

ਐਲਾਨ ਕੀਤਾ ਕਿ ਜੇਕਰ 15 ਜੂਨ ਤੱਕ ਬਲਬੀਰ ਸਿੱਧੂ ਨੁੰ ਬਰਖ਼ਾਸਤ ਨਾ ਕੀਤਾ ਤਾਂ ਫਿਰ ਪਾਰਟੀ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰੇਗੀ

5 Dariya News

ਐਸ.ਏ.ਐਸ ਨਗਰ 07-Jun-2021

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਵੈਕਸੀਨ ਅਤੇ ਫਤਿਹ ਕਿੱਟ ਘੁਟਾਲੇ ਦੀ ਪ੍ਰਧਾਨਗੀ ਕਰਨ ਲਈ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਬਰਖ਼ਾਸਤ ਕੀਤੇ ਜਾਣ ਦੀ ਮੰਗ ਕੀਤੀ ਤੇ ਜ਼ੋਰ ਦੇ ਕੇ ਕਿਹਾ ਕਿ ਜੇਕਰ 15 ਜੂਨ ਤੱਕ ਉਹਨਾਂ ਨੂੰ ਬਰਖ਼ਾਸਤ ਨਾ ਕੀਤਾ ਗਿਆ ਤਾਂ ਫਿਰ ਅਕਾਲੀ ਦਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦਾ ਘਿਰਾਓ ਕਰੇਗਾ।ਅਕਾਲੀ ਦਲ ਦੇ ਪ੍ਰਧਾਨ ਇਥੇ ਸਿਹਤ ਮੰਤਰੀ ਦੀ ਰਿਹਾਇਸ਼  ਨੇੜੇ ਦੋ ਘੰਟੇ ਦਾ ਸੰਕੇਤਕ ਧਰਨਾ ਦੇ ਰਹੇ ਸਨ। ਕੋਰੋਨਾ ਹਾਲਾਤਾਂ ਕਾਰਨ ਇਸ ਧਰਨੇ ਵਿਚ ਵਿਧਾਇਕਾਂ, ਸਾਬਕਾ ਵਿਧਾਇਕਾਂ, ਹਲਕਾ ਇੰਚਾਰਜ ਤੇ ਜ਼ਿਲ੍ਹਾ ਪ੍ਰਧਾਨਾਂ ਸਮੇਤ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਹੀ ਸ਼ਮੂਲੀਅਤ ਕੀਤੀ।ਧਰਨੇ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਸੀਂ ਵੈਕਸੀਨ ਘੁਟਾਲੇ ਲਈ ਪੰਜਾਬ ਦੇ ਲੋਕਾਂ ਵਾਸਤੇ ਨਿਆਂ ਹਾਸਲ ਕਰਨ ਵਾਸਤੇ ਲੜਦੇ ਰਹਾਂਗੇ ਕਿਉਂਕਿ ਕਾਂਗਰਸ ਸਰਕਾਰ ਨੇ ਆਮ ਲੋਕਾਂ ਨੂੰ ਮੁਫਤ ਵੈਕਸੀਨ ਦੇਣ ਦੀ ਥਾਂ ’ਤੇ ਮੋਟੇ ਮੁਨਾਫੇ ਕਮਾ ਕੇ ਇਹ ਪ੍ਰਾਈਵੇਟ ਹਸਪਤਾਲਾਂ ਨੂੰ ਵੇਚ ਦਿੱਤੀਆਂ ਅਤੇ ਉਹਨਾਂ ਨੁੰ ਵੀ ਲੋਕਾਂ ਨੂੰ ਲੁੱਟਣ ਦੀ ਆਗਿਆ ਦਿੱਤੀ। ਉਹਨਾਂ ਕਿਹਾ ਕਿ ਇਹ ਲੋਕਾਂ ਦੀ ਜਾਨ ਨਾਲ ਖੇਡਣ ਬਰਾਬਰ ਹੈ ਤੇ ਨਿੰਦਣਯੋਗ ਹੈ। ਉਹਨਾਂ ਕਿਹਾ ਕਿ ਬਲਬੀਰਸਿੱਧੂ ਇਸ ਭ੍ਰਿਸ਼ਟ ਕੰਮ ਲਈ ਸਿੱਧੇਤੌਰ ’ਤੇ ਜ਼ਿੰਮੇਵਾਰ ਹਨ ਅਤੇ ਜੇਕਰ ਉਹਨਾਂ ਨੂੰ ਬਰਖ਼ਾਸਤ ਨਾ ਕੀਤਾ ਗਿਆ ਤਾਂ ਫਿਰ ਅਸੀਂ ਰਾਜਪਾਲ ਦੇ ਨਾਲ ਅਦਾਲਤਾਂ ਤੱਕ ਵੀ ਪਹੁੰਚ ਕਰਾਂਗੇ।ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਬਲਬੀਰ ਸਿੱਧੂ ਇਕ ਤੋਂ ਬਾਅਦ ਇਕ ਘੁਟਾਲਾ ਕਰ ਰਹੇ ਹਨ। ਉਹਨਾਂ ਨੇ ਇਸ ਮੌਕੇ ਕਾਂਗਰਸ ਸਰਕਾਰ ਦੇ ਫਤਿਹ ਕਿੱਟ ਘੁਟਾਲੇ ਤੋਂ ਵੀ ਪਰਦਾ ਚੁੱਕਿਆ ਤੇ ਦੱਸਿਆ ਕਿ ਇਸ ਘੁਟਾਲੇ ਵਿਚ ਕੋਰੋਨਾ ਮਹਾਮਾਰੀ ਦੌਰਾਨ ਲੋਕਾਂ ਨੂੰ ਸਪਲਾਈ ਕੀਤੀ ਜਾਣ ਵਾਲੀ ਫਤਿਹ ਕਿੱਟ ਦੀ ਕੀਮਤ ਦਾ ਘੁਟਾਲਾ ਕੀਤਾ ਗਿਆ ਤੇ ਇਸ ਵਾਸਤੇ ਵਾਰ ਵਾਰ  ਟੈਂਡਰ ਲਗਾਇਆ ਗਿਆ ਭਾਵੇਂ ਪਹਿਲਾ ਟੈਂਡਰ ਛੇ ਮਹੀਨਿਆਂ ਲਈ ਵੈਧ ਹੁੰਦਾ ਹੈ।ਵੇਰਵੇ ਸਾਂਝੇ ਕਰਦਿਆਂ ਸਰਦਾਰ ਬਾਦਲ ਨੇ ਦੱਸਿਆ ਕਿ ਅਸਲ ਟੈਂਡਰ ਸੰਗਤ ਮੈਡੀਕਲ ਸਟੋਰ ਨੇ 837 ਰੁਪਏ ਪ੍ਰਤੀ ਕਿੱਟ ਦਾ ਭਾਅ ਦੇ ਕੇ ਲਿਆ ਸੀ ਪਰ ਬਿਨਾਂ ਕਾਰਨ ਦੱਸਿਆਂ ਟੈਂਡਰ 3 ਅਪ੍ਰੈਲ ਨੂੰ 940 ਰੁਪਏ ਪ੍ਰਤੀ ਕਿੱਟ ਦੇ ਹਿਸਾਬ ਨਾਲ ਦੂਜੇ ਮੈਡੀਕਲ ਸਟੋਰ ਨੂੰ ਦੇ ਦਿੱਤਾ ਗਿਆ।  ਉਹਨਾਂ ਦੱਸਿਆ ਕਿ ਭਾਵੇਂ ਕਿ 3.5 ਲੱਖ ਕਿੱਟਾਂ ਦੀ ਸਪਲਾਈ ਲਈ ਇਹ ਟੈਂਡਰ ਵੈਧ ਸੀ ਪਰ ਸਰਕਾਰ ਨੇ 20 ਅਪ੍ਰੈਲ ਨੂੰ ਮੁੜ  ਟੈਂਡਰ ਮੰਗ ਲਏ ਤੇ ਉਹੀ ਫਤਿਹ ਕਿੱਟ 1226 ਰੁਪਏ ਪ੍ਰਤੀ ਕਿੱਟ ਦੇ ਹਿਸਾਬ ਨਾਲ ਗਰੈਂਡਵੇਅ ਇਨਕਾਰਪੋਰੇਸ਼ਨ ਨੂੰ ਦੇ ਦਿੱਤਾ। ਉਹਨਾਂ ਦੱਸਿਆ ਕਿ ਬਲਬੀਰ ਸਿੱਧੂ ੲਥੇ ਹੀ ਨਹੀਂ ਰੁਕੇ ਬਲਕਿ ਇਕ ਵਾਰ ਫਿਰ ਤੋਂ ਗਰੈਂਡਵੇਅ ਨੁੰ 1338 ਰੁਪਏ ਪ੍ਰਤੀ ਫਤਿਹ ਕਿੱਟ ਦੇ ਹਿਸਾਬ ਨਾਲ ਸਪਲਾਈ ਦਾ ਆਰਡਰ ਦੇ ਦਿੱਤਾ ਗਿਆ। ਉਹਨਾਂ ਕਿਹਾ ਕਿ ਇਹ ਸੁੱਕਾ ਸੌਦਾ ਹੈ ਜੋ ਭ੍ਰਿਸ਼ਟਾਚਾਰ ਦੀ ਮਿਸਾਲ ਹੈ।

 ਉਹਨਾਂ ਕਿਹਾ ਕਿ ਇਹ ਵੀ ਵੇਖਣ ਵਾਲੀ ਗੱਲ ਹੈ ਕਿ ਗਰੈਂਡਵੇਅ ਯੋਗਤਾ ਪੂਰੀ ਨਹੀਂ ਕਰਦੀ ਕਿਉਂਕਿ ਉਸ ਕੋਲ ਮੈਡੀਕਲ ਲਾਇਸੰਸ ਨਹੀਂ ਹੈ ਪਰ ਫਿਰ ਉਸਨੂੰ ਸਰਕਾਰ ਨੂੰ ਕਿੱਟਾਂ ਸਪਲਾਈ ਕਰਨ ਵਾਸਤੇ ਚੁਣਿਆ ਗਿਆ। ਉਹਨਾਂ ਕਿਹਾ ਕਿ  ਅਸੀਂ ਇਸ ਘੁਟਾਲੇ ਦੀ ਨਿਰਪੱਖ ਜਾਂਚ ਤੇ ਦੋਸ਼ੀਆਂ ਨੁੰ ਮਿਸਾਲੀ ਸਜ਼ਾ ਦਿੱਤੇ ਜਾਣ ਦੀ ਮੰਗ ਕਰਦੇ ਹਾਂ।ਅਕਾਲੀ ਦਲ ਦੇ ਪ੍ਰਧਾਨ ਨੇ ਇਸ ਮੌਕੇ ਮੁੱਖਮੰਤਰੀ ਨੂੰ  ਵੀ ਕਰੜੇ ਹੱਥੀਂ ਲਿਆ ਤੇ ਕਿਹਾ ਕਿ ਇਕ ਫੌਜੀ ਜੰਗ ਦੇ ਮੈਦਾਨ ਵਿਚ ਹਮੇਸ਼ਾ ਮੂਹਰੇ ਹੋ ਕੇ ਲੜਦਾ ਹੈ ਤੇ ਆਪਣੀ ਜਾਨ ਦੀ ਪਰਵਾਹ ਨਹੀਂ ਕਰਦਾ ਤੇ ਕੈਪਟਨ ਅਮਰਿੰਦਰ ਸਿੰਘ ਵਾਂਗ ਘਰ ਲੁਕ ਕੇ ਨਹੀਂ ਬਹਿੰਦਾ।ਉਹਨਾਂ ਕਿਹਾ ਕਿ ਪੰਜਾਬੀ ਇਸ ਗੱਲ ਤੋਂ ਹੈਰਾਨ ਨ ਕਿ ਮੁੱਖ ਮੰਤਰੀ ਦਵਾਈਆਂ ਦੀ ਖਰੀਦ ਲਈ ਇਕ ਵੀ ਪੈਸਾ ਖਰਚਣ ਲਈ ਤਿਆਰ ਨਹੀਂ ਹ ਨ ਪਰ ਉਹਨਾਂ ਨੇ ਆਪਣੀ ਪਬਲੀਸਿਟੀ ਵਾਸਤੇ 150 ਕਰੋੜ ਰੁਪਏ ਖਰਚ ਕਰ ਦਿੱਤੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵਿਚ 15000 ਲੋਕਾਂ ਦੀ ਕੋਰੋਨਾ ਮਹਾਮਾਰੀ ਨਾਲ ਮੌਤ ਹੋਣ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ ਤੇ ਕਿਹਾ ਕਿ ਇਹ ਮੌਤ ਦਰ ਦੇਸ਼ ਵਿਚ ਸਭ ਤੋਂ ਜ਼ਿਆਦਾ ਹੈ ਕਿਉਂਕਿ ਕਾਂਗਰਸ ਸਰਕਾਰ ਨੇ ਦਵਾਈਆਂ, ਆਕਸੀਜ਼ਨ ਤੇ ਸਿਹਤ ਸੰਭਾਲ  ਸਹੂਲਤਾਂ ਪ੍ਰਦਾਨ ਕਰਨ ਤੋਂ ਨਾਂਹ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਸਰਕਾਰ ਉਹਨਾਂ ਪ੍ਰਾਈਵੇਟ ਹਸਪਤਾਲਾਂ ਨੁੰ ਨਕੇਲ ਪਾਉਣ ਵਿਚ ਨਾਕਾਮ ਰਹੀ ਹੈ ਜਿਹਨਾਂ ਨੇ ਮਰੀਜ਼ਾਂ ਤੋਂ ਹਸਪਤਾਲ ਬੈਡ ਲਈ ਰੋਜ਼ਾਨਾ 25 ਹਜ਼ਾਰ ਰੁਪਏ ਤੱਕ ਵਸੂਲ ਕੇ ਉਹਨਾਂ ਨੂੰ ਲੁੱਟਿਆ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਸੂਬੇ ਦੇ ਸਾਰੇ ਬਲਾਕਾਂ ਵਿਚ ਕੋਰੋਨਾ ਕੇਅਰ ਸੈਂਅਰ ਖੋਲ੍ਹਣ ਅਤੇ 1000 ਕਰੋੜ ਰੁਪਏ ਨਾਲ ਵੈਕਸੀਨ ਖਰੀਦ ਕੇ ਅਗਲੇ ਛੇ ਮਹੀਨਿਆਂ ਵਿਚ ਸਾਰਿਆਂ ਨੁੰ ਲਗਾਉਣ  ਦੀਆਂ ਕੀਤੀਆਂ ਅਪੀਲਾਂ ’ਤੇ ਗੌਰ ਹੀ ਨਹੀਂ ਕਰ ਰਹੇ।ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਨੇ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਈ ਹੈ ਤੇ ਲੋਕਾਂ ਨੂੰ ਆਕਸੀਜ਼ਨ ਸੇਵਾ ਦੇ ਨਾਲ ਨਾਲ ਲੰਗਰ ਸੇਵਾ ਪ੍ਰਦਾਨ ਕੀਤੀ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਮੌਕੇ ਖਰੀ ਉਤਰੀ ਹੈ ਤੇ ਕਈ ਥਾਵਾਂ ’ਤੇ ਕੋਰੋਨਾ ਕੇਅਰ ਸੈਂਟਰ ਖੋਲ੍ਹੇ ਹਨ। ਇਸ ਰੈਲੀ ਵਿਚ ਹੋਰਨਾਂ ਤੋਂ ਇਲਾਵਾ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਜਨਮੇਜਾ ਸਿੰਘ ਸੇਖੋਂ, ਸ਼ਰਨਜੀਤ ਸਿੰਘ ਢਿੱਲੋਂ, ਡਾ ਦਲਜੀਤ ਸਿੰਘ ਚੀਮਾ, ਹੀਰਾ ਸਿੰਘ ਗਾਬੜੀਆ, ਸੁਰਜੀਤ ਸਿੰਘ ਰੱਖੜਾ, ਬਲਦੇਵ ਸਿੰਘ ਮਾਨ, ਗੋਬਿੰਦ ਸਿੰਘ ਲੌਂਗੋਵਾਲ, ਗੁਰਬਚਨ ਸਿੰਘ ਬੱਬੇਹਾਲੀ, ਸੋਹਣ ਸਿੰਘ ਠੰਢਲ, ਪਵਨ ਟੀਨੁੰ, ਐਨ ਕੇ ਸ਼ਰਮਾ, ਡਾ. ਸੁਖਵਿੰਦਰ ਸੁੱਖੀ, ਬਲਦੇਵ ਖਹਿਰਾ, ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਯੂਥ ਅਕਾਲੀ ਦਲ ਦੇ ਪ੍ਰਧਾਨ  ਪਰਮਬੰਸ ਸਿੰਘ ਰੋਮਾਣਾ, ਪਰਮਜੀਤ ਸਿੰਘ ਕੌਰ ਲਾਂਡਰਾ, ਚਰਨਜੀਤ ਸਿੰਘ ਬਰਾੜ, ਗੁਰਪ੍ਰੀਤ ਸਿੰਘ ਰਾਜੂਖੰਨਾ, ਕੰਵਰਜੀਤ ਸਿੰਘ ਰੂਬੀ, ਚਰਨਜੀਤ ਸਿੰਘ ਕਾਲੇਵਾਲ, ਗੁਰਇਕਬਾਲ ਸਿੰਘ ਮਾਹਲ ਕਾਦੀਆਂ, ਇਕਬਾਲ ਸਿੰਘ ਚੰਨੀ ਖੰਨਾ, ਯਾਦਵਿੰਦਰ ਸਿੰਘ ਯਾਦੂ, ਰਾਜਿੰਦਰ ਸਿੰਘ ਜੀਤ  ਖੰਨਾ,  ਮਨਪ੍ਰੀਤ ਕੌਰ ਡੌਲੀ, ਕੁਲਦੀਪ ਕੌਰ ਕੰਗ, ਗੁਰਇਕਬਾਲ ਸਿੰਘ ਮਾਹਲ ਤੇ ਐਡਵੋਕੇਟ ਹਰਮਨਪ੍ਰੀਤ ਸਿੰਘ ਪ੍ਰਿੰਸ ਵੀ ਹਾਜ਼ਰ ਸਨ।