5 Dariya News

ਪੰਜਾਬ ਸਰਕਾਰ ਵੱਲੋਂ ਬੱਚਿਆਂ ਵਿੱਚ ਨਮੂਨੀਆ ਦੀ ਰੋਕਥਾਮ ਅਤੇ ਇਲਾਜ ਲਈ 'ਸਾਂਸ' ਮੁਹਿੰਮ ਸ਼ੁਰੂ

5 Dariya News

ਚੰਡੀਗੜ੍ਹ 26-May-2021

ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਬੱਚਿਆਂ ਵਿਚ ਨਮੂਨੀਆ ਦੇ ਸਮੇਂ ਸਿਰ ਜਾਂਚ ਅਤੇ ਇਲਾਜ ਲਈ 'ਸਾਂਸ' ਮੁਹਿੰਮ ਦੀ ਸ਼ੁਰੂਆਤ ਕੀਤੀ।ਸ. ਸਿੱਧੂ ਨੇ ਕਿਹਾ ਕਿ ਘੱਟ, ਦਰਮਿਆਨੇ ਅਤੇ ਗੰਭੀਰ ਨਮੂਨੀਆ ਕਾਰਨ ਕੋਵਿਡ ਪੀੜਤ ਬੱਚੇ ਦੀ ਸਹਿ-ਰੋਗ ਵਾਲੀ ਸਥਿਤੀ ਬਣ ਸਕਦੀ ਹੈ ਜਿਸ ਨਾਲ ਉਹ ਦਮ ਤੋੜ ਸਕਦਾ ਹੈ। ਦੇਸ਼ ਵਿੱਚ ਬੱਚਿਆਂ ਦੀ ਮੌਤ ਦਰ ਦਾ ਸਭ ਤੋਂ ਵੱਡਾ ਕਾਰਨ ਨਮੂਨੀਆ ਹੈ ਅਤੇ ਬੱਚਿਆਂ ਦੀਆਂ ਲਗਭਗ 15 ਫ਼ੀਸਦੀ ਮੌਤਾਂ ਨਮੂਨੀਆ ਕਾਰਨ ਹੀ ਹੁੰਦੀਆਂ ਹਨ।ਸਿਹਤ ਮੰਤਰੀ ਨੇ ਕਿਹਾ ਕਿ ਨਮੂਨੀਆ ਕਾਰਨ ਹੋ ਰਹੀਆਂ ਮੌਤਾਂ ਰੋਕੀਆਂ ਜਾ ਸਕਦੀਆਂ ਹਨ ਜੇ ਅਸੀਂ ਸਮੇਂ ਸਿਰ ਨਮੂਨੀਆ ਦੀ "ਜਾਂਚ" ਅਤੇ "ਇਲਾਜ" ਕਰਵਾ ਲੈਂਦੇ ਹਾਂ। ਹਾਲਾਂਕਿ ਪੰਜਾਬ ਵਿਚ ਬੱਚਿਆਂ ਦੀ ਮੌਤ ਦਰ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਘੱਟ ਹੈ, ਪਰ ਪੰਜਾਬ ਸਰਕਾਰ ਨਮੂਨੀਆਂ ਨਾਲ ਹੋਣ ਵਾਲੇ ਬੱਚਿਆਂ ਦੀ ਮੌਤ ਨੂੰ ਕਾਬੂ ਕਰਨ ਅਤੇ ਇਸ ਤੋਂ ਵੀ ਵਧੀਆ ਸਿਹਤ ਨਤੀਜਿਆਂ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।ਬੱਚਿਆਂ ਨੂੰ ਨਮੂਨੀਆ ਤੋਂ ਬਚਾਉਣ ਲਈ ਮਾਂ ਦਾ ਦੁੱਧ, ਪੂਰਕ ਖੁਰਾਕ, ਵਿਟਾਮਿਨ ਏ ਸਪਲੀਮੈਂਟ, ਟੀਕੇ ਦੀ ਕਵਰੇਜ, ਹੱਥ ਧੋਣਾ ਅਤੇ ਘਰਾਂ ਵਿੱਚ ਹਵਾ ਪ੍ਰਦੂਸ਼ਣ ਘਟਾਉਣਾ ਰੋਕਥਾਮ ਅਤੇ ਸਮੇਂ ਸਿਰ ਇਲਾਜ ਦੀ ਜ਼ਰੂਰਤ ਹੁੰਦੀ ਹੈ।ਸ. ਸਿੱਧੂ ਨੇ ਕਿਹਾ ਕਿ ਨਮੂਨੀਆ ਦਾ ਪਤਾ ਲਗਾਉਣ ਅਤੇ ਇਲਾਜ ਕਰਨ ਲਈ ਸਿਹਤ ਵਿਭਾਗ ਨੇ ਇੱਕ ਮਲਟੀ-ਸਟੇਟ ਪਾਇਲਟ ਅਧਿਐਨ, ਯੂਐਸਏਆਈਡੀ-ਵ੍ਰਿਧੀ ਪ੍ਰੋਜੈਕਟ ਵਿੱਚ ਹਿੱਸਾ ਲਿਆ। ਇਸ ਪਾਇਲਟ ਅਧਿਐਨ ਵਿੱਚ, ਸਿਹਤ ਤੇ ਤੰਦਰੁਸਤੀ ਕੇਂਦਰਾਂ ਵਿਖੇ ਕਮਿਊਨਿਟੀ ਸਿਹਤ ਅਫ਼ਸਰ (ਸੀਐਚਓ) ਨੂੰ ਮਲਟੀ-ਮਾਡਲ ਪਲਸ ਆਕਸੀਮੀਟਰ ਪ੍ਰਦਾਨ ਕਰਕੇ ਸਿਖਲਾਈ ਦਿੱਤੀ ਗਈ ਸੀ। ਪੰਜਾਬ ਵਿਚ ਇਹ ਅਭਿਆਨ ਅਪ੍ਰੈਲ 2019 ਨੂੰ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਕੀਤਾ ਗਿਆ ਸੀ।ਜਿਲ੍ਹਾ ਫ਼ਿਰੋਜ਼ਪੁਰ ਵਿਚ ਕੁੱਲ 502 ਬੱਚਿਆਂ (ਬੁਖਾਰ ਅਤੇ ਖੰਘ ਵਾਲੇ) ਨੂੰ ਮਲਟੀ-ਮਾਡਲ ਪਲਸ ਆਕਸੀਮੀਟਰ ਦੀ ਸਹਾਇਤਾ ਨਾਲ ਜਾਂਚਿਆ ਗਿਆ ਅਤੇ ਇਨ੍ਹਾਂ ਵਿਚੋਂ 27 ਫ਼ੀਸਦੀ ਬੱਚਿਆਂ ਨੂੰ ਨਮੂਨੀਆ ਲਈ ਪਾਜ਼ੇਟਿਵ ਪਾਇਆ ਗਿਆ, ਜਿਨ੍ਹਾਂ ਵਿਚੋਂ 6 ਗੰਭੀਰ ਨਮੂਨੀਆ ਦੇ ਮਰੀਜ਼ ਸਨ। ਆਈਐਮਐਨਸੀਆਈ ਟ੍ਰੇਨਿੰਗ ਅਤੇ ਮਲਟੀਮਾਡਲ ਡਿਵਾਈਸ ਦੀ ਮਦਦ ਨਾਲ 96 ਫ਼ੀਸਦੀ ਸਕ੍ਰੀਨ ਕੀਤੇ ਬੱਚਿਆਂ ਦੀ ਸਹੀ ਜਾਂਚ ਕੀਤੀ ਗਈ ਅਤੇ 95 ਫ਼ੀਸਦੀ ਨੇ ਸਹੀ ਇਲਾਜ ਵੀ ਪ੍ਰਾਪਤ ਕੀਤਾ।ਸ. ਸਿੱਧੂ ਨੇ ਕਿਹਾ ਕਿ 'ਸਾਂਸ' ਪ੍ਰੋਗਰਾਮ ਦੀ ਸ਼ੁਰੂਆਤ ਨਾਲ ਸੂਬੇ ਨੂੰ ਨਮੂਨੀਆ ਜਾਂਚ, ਖੋਜ ਅਤੇ ਇਲਾਜ ਮੁਹੱਈਆ ਕਰਵਾਉਣ ਲਈ ਮਦਦਗਾਰ ਸਾਬਤ ਹੋਵੇਗਾ। ਇਹ ਪ੍ਰੋਗਰਾਮ ਪੰਜਾਬ ਨੂੰ ਨਮੂਨੀਆ ਕਾਰਨ ਬੱਚਿਆਂ ਦੀ ਮੌਤ ਦਰ ਨੂੰ ਘਟਾਉਣ ਵਿੱਚ ਸਹਾਇਤਾ ਕਰੇਗਾ।ਇਸ ਮੌਕੇ ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ, ਸ੍ਰੀ ਹੁਸਨ ਲਾਲ, ਡਾਇਰੈਕਟਰ ਪਰਿਵਾਰ ਭਲਾਈ ਡਾ: ਅੰਦੇਸ਼ ਕੰਗ, ਸਿਹਤ ਮੰਤਰੀ ਦੇ ਓਐਸਡੀ ਡਾ. ਬਲਵਿੰਦਰ ਸਿੰਘ, ਨੋਡਲ ਅਫ਼ਸਰ ਐਮਸੀਐਚ ਡਾ. ਇੰਦਰਦੀਪ ਕੌਰ, ਖੇਤਰੀ ਸਲਾਹਕਾਰ ਆਈਪੀਈ ਗਲੋਬਲ ਡਾ. ਨਿਧੀ ਚੌਧਰੀ, ਰਾਜ ਤਕਨੀਕੀ ਸਲਾਹਕਾਰ ਯੂ.ਐੱਸ.ਏ.ਆਈ.ਡੀ.ਐੱਸ. , ਆਈਪੀਈ ਗਲੋਬਲ ਡਾ. ਸ਼ੈਲੇਂਦਰ ਸਿੰਘ ਤੋਮਰ, ਸਟੇਟ ਮਾਸ ਮੀਡੀਆ ਅਫ਼ਸਰ ਗੁਰਮੀਤ ਸਿੰਘ ਰਾਣਾ ਅਤੇ ਮਾਸ ਮੀਡੀਆ ਅਫ਼ਸਰ ਹਰਚਰਨ ਸਿੰਘ ਬਰਾੜ ਵੀ ਹਾਜ਼ਰ ਸਨ।