5 Dariya News

ਫੋਰਟਿਸ ਹਸਪਤਾਲ ਵਿਖੇ ਅੱਜ ਤੋਂ ਫੇਰ ਟੀਕਾਕਰਨ ਸ਼ੁਰੂ

7 ਹਜ਼ਾਰ ਕੋਵਿਸ਼ੀਲਡ ਖੁਰਾਕਾਂ ਦੀ ਪਹਿਲੀ ਖੇਪ ਹਸਪਤਾਲ ਪੁੱਜੀ

5 Dariya News

ਲੁਧਿਆਣਾ 24-May-2021

ਜ਼ਿਲ੍ਹਾ ਲੁਧਿਆਣਾ ਦੇ ਵਸਨੀਕਾਂ ਲਈ ਇਹ ਖੁਸ਼ਖਬਰੀ ਹੈ ਕਿ ਸ਼ਹਿਰ ਦੇ ਫੋਰਟਿਸ ਹਸਪਤਾਲ ਵਿੱਚ ਕੋਵਿਡ-19 ਟੀਕਾਕਰਣ ਅੱਜ ਤੋਂ ਫੇਰ ਸ਼ੁਰੂ ਹੋ ਗਿਆ ਹੈ। ਸੀਰਮ ਇੰਸਟੀਚਿਊਟ ਆਫ ਇੰਡੀਆ ਤੋਂ ਸਿੱਧੇ ਤੌਰ 'ਤੇ 7 ਹਜ਼ਾਰ ਕੋਵਿਸ਼ੀਲਡ ਖੁਰਾਕਾਂ ਦੀ ਪਹਿਲੀ ਖੇਪ ਫੋਰਟਿਸ ਹਸਪਤਾਲ ਵਿਖੇ ਪਹੁੰਚ ਚੁੱਕੀ ਹੈ ਜਦੋਂਕਿ 1.12 ਲੱਖ ਖੁਰਾਕਾਂ ਦੀ ਦੂਸਰੀ ਖੇਪ 28 ਮਈ, 2021 ਨੂੰ 6 ਨਿੱਜੀ ਹਸਪਤਾਲਾਂ ਵਿਚ ਪਹੁੰਚ ਜਾਵੇਗੀ।ਫੋਰਟਿਸ ਹਸਪਤਾਲ ਵਿਖੇ ਟੀਕਾਕਰਨ ਮੁਹਿੰਮ ਦਾ ਉਦਘਾਟਨ ਕਰਦਿਆਂ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੰਦੀਪ ਕੁਮਾਰ ਨੇ ਅੱਜ ਵਸਨੀਕਾਂ ਨੂੰ ਵੱਡੀ ਗਿਣਤੀ ਵਿੱਚ ਟੀਕੇ ਲਗਾਉਣ ਦੀ ਅਪੀਲ ਕੀਤੀ ਤਾਂ ਜੋ ਅਸੀਂ ਕੋਵਿਡ-19 ਮਹਾਂਮਾਰੀ ਦਾ ਪੂਰੀ ਤਰ੍ਹਾਂ ਖਾਤਮਾ ਕਰ ਸਕੀਏ।ਉਨ੍ਹਾਂ ਦੱਸਿਆ ਕਿ 28 ਮਈ, 2021 ਨੂੰ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ 50,000 ਖੁਰਾਕ, ਐਸ.ਪੀ.ਐਸ. ਹਸਪਤਾਲ ਵਿੱਚ 25,000, ਫੋਰਟਿਸ ਹਸਪਤਾਲ ਵਿੱਚ 10,000, ਮੋਹਨ ਦੇਈ ਓਸਵਾਲ ਹਸਪਤਾਲ ਵਿੱਚ 10,000, ਦੀਪ ਹਸਪਤਾਲ ਵਿੱਚ 15,000 ਅਤੇ ਵਰਮਾ ਮਲਟੀਸਪੈਸ਼ਲਿਟੀ ਹਸਪਤਾਲ ਵਿੱਚ 2,000 ਖੁਰਾਕਾਂ ਪਹੁੰਚ ਜਾਣਗੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਨਿੱਜੀ ਹਸਪਤਾਲਾਂ ਵਿੱਚ ਵਸਨੀਕ ਨਾਮਾਤਰ ਖਰਚਾ ਅਦਾ ਕਰਕੇ ਆਪਣੀ ਵੈਕਸੀਨੇਸ਼ਨ ਕਰਵਾ ਸਕਦੇ ਹਨ, ਜਦੋਂਕਿ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਇਹ ਟੀਕਾਕਰਨ ਬਿਲਕੁਲ ਮੁਫਤ ਹੈ।

ਉਨ੍ਹਾਂ ਦੱਸਿਆ ਕਿ ਫੋਰਟਿਸ ਹਸਪਤਾਲ ਵਿਖੇ ਹਰੇਕ ਟੀਕੇ ਦੀ ਕੀਮਤ 850 ਰੁਪਏ ਹੈ, ਜਦੋਂ ਕਿ ਇਹ ਦੂਜੇ ਹਸਪਤਾਲਾਂ ਵਿਚ ਵੱਖਰੀ ਹੋ ਸਕਦੀ ਹੈ।ਉਨ੍ਹਾਂ ਦੱਸਿਆ ਕਿ ਇਨ੍ਹਾਂ ਨਿੱਜੀ ਹਸਪਤਾਲਾਂ ਨੇ ਸੀਰਮ ਇੰਸਟੀਚਿਊਟ ਆਫ ਇੰਡੀਆ ਨਾਲ ਸਿੱਧੇ ਤੌਰ 'ਤੇ ਸੰਪਰਕ ਕਰਕੇ ਇਸ ਵੈਕਸੀਨ ਨੂੰ ਮੰਗਵਾਇਆ ਹੈ। ਉਨ੍ਹਾਂ ਸਮੂਹ ਨਿੱਜੀ ਹਸਪਤਾਲਾਂ ਨੂੰ ਅਪੀਲ ਕੀਤੀ ਕਿ ਉਹ ਵੀ ਵੈਕਸੀਨ ਦਾ ਪ੍ਰਬੰਧ ਕਰਨ ਅਤੇ ਜੇ ਕੋਈ ਹਸਪਤਾਲ ਵੈਕਸੀਨ ਬੁੱਕ ਕਰਵਾਉਣੀ ਚਾਹੁੰਦਾ ਹੈ ਤਾਂ ਉਹ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਲੁਧਿਆਣਾ ਸ੍ਰੀ ਸੰਦੀਪ ਕੁਮਾਰ ਨਾਲ ਸੰਪਰਕ ਕਰ ਸਕਦੇ ਹਨ।ਉਨ੍ਹਾਂ ਇੱਥੋ ਤੱਕ ਦੱਸਿਆ ਕਿ ਸ਼ਹਿਰ ਦੇ ਉਦਯੋਗ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਲੁਧਿਆਣਾ ਰਾਹੀਂ ਸੀਰਮ ਇੰਸਟੀਚਿਊਟ ਆਫ ਇੰਡੀਆ ਤੋਂ 1 ਕਰੋੜ ਰੁਪਏ ਤੋਂ ਵੱਧ ਕੀਮਤ ਦੀ ਕੋਵਿਡ ਵੈਕਸੀਨ ਬੁੱਕ ਕਰਵਾਈ ਹੈ। ਉਨ੍ਹਾਂ ਦੱਸਿਆ ਕਿ ਇਹ ਵੈਕਸੀਨ ਵੀ ਜਲਦ ਹੀ ਜ਼ਿਲ੍ਹੇ ਵਿੱਚ ਪਹੁੰਚ ਜਾਵੇਗੀ, ਜਿਸ ਤੋਂ ਬਾਅਦ ਉਨ੍ਹਾਂ ਦੀਆਂ ਫੈਕਟਰੀਆਂ ਵਿੱਚ ਵਿਸ਼ੇਸ਼ ਕੈਂਪ ਲਗਾਏ ਜਾਣਗੇ, ਜਿੱਥੇ ਉਨ੍ਹਾਂ ਦੇ ਫੈਕਟਰੀ ਕਾਮਿਆਂ ਦਾ ਟੀਕਾਕਰਨ ਕੀਤਾ ਜਾਵੇਗਾ।ਇਸ ਮੌਕੇ ਸਿਵਲ ਸਰਜਨ ਡਾ. ਕਿਰਨ ਆਹਲੂਵਾਲੀਆ ਗਿੱਲ, ਡਾਇਰੈਕਟਰ ਵਿਸ਼ਵਦੀਪ ਗੋਇਲ, ਐਡਮਿਨ ਹੈਡ, ਏ.ਪੀ. ਸਿੰਘ, ਐਮ.ਐਸ. ਡਾ. ਸ਼ੈਲੀ, ਡਾ. ਸੰਜੀਵ ਮਹਾਜਨ, ਡਾ. ਐਚ.ਐਸ. ਪਨੂੰ, ਡਾ. ਰਾਜੂ ਸਿੰਘ ਛੀਨਾ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।