5 Dariya News

ਡਿਪਟੀ ਕਮਿਸ਼ਨਰ ਵੱਲੋਂ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਲੈਵਲ-3 ਸਹੂਲਤ ਦੀ ਸ਼ੁਰੂਆਤ

5 Dariya News

ਨਵਾਂਸ਼ਹਿਰ(ਸ਼ਹੀਦ ਭਗਤ ਸਿੰਘ ਨਗਰ) 20-May-2021

ਜ਼ਿਲੇ ਵਿਚ ਕੋਵਿਡ-19 ਦੇ ਗੰਭੀਰ ਮਰੀਜ਼ਾਂ ਦੀ ਸਹੂਲਤ ਲਈ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਵੱਲੋਂ ਅੱਜ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਬੈੱਡਾਂ ਦੀ ਗਿਣਤੀ ਵਧਾ ਕੇ ਲੈਵਲ-3 ਇਲਾਜ ਸਹੂਲਤ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਉਨਾਂ ਦੱਸਿਆ ਕਿ ਫਿਲਹਾਲ ਇਥੇ ਲੈਵਲ-3 ਦੇ ਮਰੀਜ਼ਾਂ ਲਈ 2 ਬੈੱਡਾਂ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ ਅਤੇ ਇਸ ਸਬੰਧੀ ਸਾਰੇ ਲੋੜੀਂਦੇ ਉਪਕਰਣਾਂ ਤੋਂ ਇਲਾਵਾ ਮੈਡੀਕਲ ਤੇ ਤਕਨੀਕੀ ਸਟਾਫ ਦੀ ਨਿਯੁਕਤੀ ਕੀਤੀ ਗਈ ਹੈ। ਉਨਾਂ ਕਿਹਾ ਕਿ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਲੈਵਲ-1 ਅਤੇ ਲੈਵਲ-2 ਦੀ ਸਹੂਲਤ ਪਹਿਲਾਂ ਤੋਂ ਉਪਲਬੱਧ ਹੈ ਅਤੇ ਹੁਣ ਲੈਵਲ-3 ਸਹੂਲਤ ਮੁਹੱਈਆ ਹੋਣ ਨਾਲ ਕੋਵਿਡ-19 ਦੇ ਗੰਭੀਰ ਮਰੀਜ਼ਾਂ ਨੂੰ ਵੱਡੀ ਰਾਹਤ ਮਿਲੇਗੀ। ਉਨਾਂ ਕਿਹਾ ਕਿ ਇਸ ਤੋਂ ਪਹਿਲਾਂ ਲੈਵਲ-3 ਦੇ ਮਰੀਜ਼ਾਂ ਨੂੰ ਪ੍ਰਾਈਵੇਟ ਹਸਪਤਾਲਾਂ ਜਾਂ ਹੋਰਨਾਂ ਜ਼ਿਲਿਆਂ ਵਿਚ ਜਾਣਾ ਪੈਂਦਾ ਸੀ।ਇਸ ਦੌਰਾਨ ਡਾ. ਸ਼ੇਨਾ ਅਗਰਵਾਲ ਨੇ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਦਾ ਦੌਰਾ ਕਰਕੇ ਉਥੇ ਮਰੀਜ਼ਾਂ ਨੂੰ ਮਿਲ ਰਹੀਆਂ ਇਲਾਜ ਸੁਵਿਧਾਵਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨਾਂ ਆਈਸੋਲੇਸ਼ਨ ਵਾਰਡ ਦੇ ਸਟਾਫ ਨਾਲ ਗੱਲਬਾਤ ਕਰਦਿਆਂ ਉਨਾਂ ਨੂੰ ਮਰੀਜ਼ਾਂ ਦੇ ਬਿਹਤਰੀਨ ਇਲਾਜ ਦੀ ਤਾਕੀਦ ਕੀਤੀ। ਉਨਾਂ ਸਟਾਫ ਨੂੰ ਕਿਹਾ ਕਿ ਜੇਕਰ ਉਨਾਂ ਨੂੰ ਕਿਸੇ ਵੀ ਤਰਾਂ ਦੀ ਮੁਸ਼ਕਲ ਪੇਸ਼ ਆਉਂਦੀ ਹੈ, ਤਾਂ ਤੁਰੰਤ ਉਨਾਂ ਦੇ ਧਿਆਨ ਵਿਚ ਲਿਆਂਦੀ ਜਾਵੇ, ਤਾਂ ਜੋ ਉਸ ਦਾ ਫੌਰਨ ਹੱਲ ਕੱਢਿਆ ਜਾ ਸਕੇ। ਇਸ ਮੌਕੇ ਉਨਾਂ ਕੋਵਿਡ ਮਰੀਜ਼ਾਂ ਦੇ ਰਿਸ਼ਤੇਦਾਰਾਂ ਨਾਲ ਗੱਲਬਾਤ ਕਰਨ ਤੋਂ ਇਲਾਵਾ ਹਸਪਤਾਲ ਵਿਚ ਹੋਰਨਾਂ ਬਿਮਾਰੀਆਂ ਦੇ ਇਲਾਜ ਲਈ ਪਹੁੰਚੇ ਮਰੀਜ਼ਾਂ ਨਾਲ ਵੀ ਗੱਲਬਾਤ ਕੀਤੀ। ਇਸ ਤੋਂ ਇਲਾਵਾ ਉਨਾਂ ਹਸਪਤਾਲ ਦੀ ਲੈਬਾਰਟਰੀ ਦਾ ਵੀ ਮੁਆਇਨਾ ਕੀਤਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਕੋਵਿਡ ਮਰੀਜ਼ਾਂ ਲਈ ਸਾਰੀਆਂ ਸਿਹਤ ਸਹੂਲਤਾਂ ਉਪਲਬੱਧ ਹਨ। ਉਨਾਂ ਕਿਹਾ ਕਿ ਇਸ ਔਖੀ ਘੜੀ ਵਿਚ ਇਥੋਂ ਦਾ ਸਾਰਾ ਸਟਾਫ ਪ੍ਰਤੀਬੱਧਤਾ ਅਤੇ ਮਿਹਨਤ ਨਾਲ ਕੰਮ ਕਰ ਰਿਹਾ ਹੈ। ਉਨਾਂ ਕਿਹਾ ਕਿ ਸਾਰਿਆਂ ਦੇ ਸਹਿਯੋਗ ਨਾਲ ਜਲਦ ਹੀ ਜ਼ਿਲੇ ਨੂੰ ਕੋਵਿਡ ਮੁਕਤ ਕਰਨ ਵਿਚ ਕਾਮਯਾਬੀ ਪਾਈ ਜਾਵੇਗੀ। ਇਸ ਮੌਕੇ ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ, ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਦੀਪ ਕਮਲ, ਡਾ. ਸਤਵਿੰਦਰ ਸਿੰਘ, ਡਾ. ਨੀਨਾ ਸ਼ਾਂਤ, ਡਾ. ਰੁਪਿੰਦਰ ਸਿੰਘ, ਪਰਮਵੀਰ ਪਿ੍ਰੰਸ, ਅਜੇ ਕੁਮਾਰ, ਤਰਸੇਮ ਲਾਲ, ਰਾਜੇਸ਼ ਕੁਮਾਰ, ਸਿਸਟਰ ਰਾਜ ਤੋਂ ਇਲਾਵਾ ਆਈਸੋਲੇਸ਼ਨ ਵਾਰਡ ਦਾ ਸਮੂਹ ਸਟਾਫ ਹਾਜ਼ਰ ਸੀ।