5 Dariya News

ਸਰਬੱਤ ਸਿਹਤ ਬੀਮਾ ਯੋਜਨਾ ਦਾ ਲਾਭ ਲੈਣ ਲਈ ਲਾਭਪਾਤਰੀ ਆਪਣੇ ਈ-ਕਾਰਡ ਜ਼ਰੂਰ ਬਣਾਉਣ-ਸਿਵਲ ਸਰਜਨ

ਜ਼ਿਲ਼੍ਹੇ ਦੀਆਂ 8 ਮਾਰਕੀਟ ਕਮੇਟੀਆਂ, ਸੇਵਾ ਕੇਂਦਰਾਂ ਅਤੇ ਕਾਮਨ ਸਰਵਿਸ ਸੈਂਟਰਾਂ ‘ਤੇ ਈ-ਕਾਰਡ ਬਣਾਉਣ ਦੀ ਸਹੂਲਤ ਉਪਲੱਬਧ

5 Dariya News

ਤਰਨ ਤਾਰਨ 20-Feb-2021

ਸਰਬੱਤ ਸਿਹਤ ਬੀਮਾ ਯੋਜਨਾ ਦਾ ਲਾਭ ਲੈਣ ਲਈ ਜ਼ਿਲ੍ਹੇ ਦੇ ਸਮੂਹ ਲਾਭਪਾਤਰੀ ਆਪਣੇ ਈ-ਕਾਰਡ ਜਰੂਰ ਬਣਾਉਣ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਨੇ ਅੱਜ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਵਿਸ਼ੇਸ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ  ਰਵਾਨਾ ਕਰਨ ਮੌਕੇ ਕੀਤਾ। ਇਹ ਜਾਗਰੂਕਤਾ ਵੈਨ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਅਤੇ ਪਿੰਡਾਂ ਵਿੱਚ ਲੋਕਾਂ ਨੂੰ ਸਰਬੱਤ ਸਿਹਤ ਬੀਮਾ ਯੋਜਨਾ ਪ੍ਰਤੀ ਜਾਗਰੂਕ ਕਰੇਗੀ।ਸਿਵਲ ਸਰਜਨ ਡਾ. ਰੋਹਿਤ ਮਹਿਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਅਜਿਹੇ ਲੋੜਵੰਦ ਮਰੀਜ਼ਾਂ ਲਈ ਵਰਦਾਨ ਹੈ, ਜਿਹੜੇ ਆਰਥਿਕ ਤੰਗੀ `ਤੇ ਚੱਲਦੇ ਇਲਾਜ ਕਰਵਾਉਣ ਤੋਂ ਵਾਂਝੇ ਰਹਿ ਜਾਂਦੇ ਹਨ।ਇਸ ਯੋਜਨਾ ਤਹਿਤ ਯੋਗ ਲਾਭਪਾਤਰੀ ਤੇ ਉਸ ਦੇ ਪਰਿਵਾਰ ਦਾ ਸਰਕਾਰੀ ਸਿਹਤ ਕੇਂਦਰਾਂ `ਤੇ ਸਰਕਾਰ ਵੱਲੋਂ ਸੂਚੀਬੱਧ ਹਸਪਤਾਲਾਂ ਵਿਚ 5 ਲੱਖ ਤੱਕ ਦਾ ਕੈਸ਼ਲੈਸ ਇਲਾਜ ਕੀਤਾ ਜਾਂਦਾ ਹੈ।ਇਸ ਯੋਜਨਾ ਤਹਿਤ ਪਰਿਵਾਰ ਦੇ ਅਕਾਰ ਦੀ ਕੋਈ ਬੰਦਿਸ਼ ਨਹੀਂ ਰੱਖੀ ਗਈ, ਬਲਕਿ 2011 ਦੇ ਆਰਥਿਕ ਅਤੇ ਜਾਤੀਗਤ ਸਰਵੇ ਨੂੰ ਇਸ ਦਾ ਅਧਾਰ ਬਣਾਇਆ ਗਿਆ ਹੈ।ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿ਼ਲ੍ਹੇ ਵਿਚ 8 ਮਾਰਕੀਟ ਕਮੇਟੀਆਂ ਜਿਵੇਂ ਕਿ ਤਰਨ ਤਾਰਨ, ਝਬਾਲ, ਨੌਸ਼ਹਿਰਾ ਪੰਨੂੰਆਂ, ਪੱਟੀ, ਭਿੱਖੀਵਿੰਡ, ਹਰੀਕੇ, ਖਡੂਰ ਸਾਹਿਬ, ਖੇਮਕਰਨ ਵਿੱਚ ਸਰਬੱਤ ਸਿਹਤ ਬੀਮਾ ਯੋਜਨਾ ਦਾ ਲਾਭ ਲੈਣ ਲਈ ਈ-ਕਾਰਡ ਬਣਾਉਣ ਦੀ ਸਹੂਲਤ ਉਪਲੱਬਧ ਹੈ। ਉਹਨਾਂ ਕਿਹਾ ਕਿ ਪਿੰਡਾਂ ਵਿਚ ਕੌਮਨ ਸਰਵਿਸ ਸੈਂਟਰ ਜਾਂ ਲੱਗ ਰਹੇ ਕੈਂਪਾਂ ਵਿਚ ਵੀ ਇਹ ਕਾਰਡ ਬਣਵਾਏ ਜਾ ਸਕਦੇ ਹਨ। ਕਾਰਡ ਬਣਾਉੁਣ ਲਈ ਇਲਾਕੇ ਦੇ ਕੌਂਸਲਰ, ਆਸ਼ਾ ਵਰਕਰ, ਆਂਗਣਵਾੜੀ ਵਰਕਰ, ਸਰਪੰਚ ਆਦਿ ਨਾਲ ਸੰਪਰਕ ਕੀਤਾ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਕਾਰਡ ਬਣਾਉਣ ਦੌਰਾਨ ਲਾਭਪਾਤਰੀ ਅਧਾਰ ਕਾਰਡ, ਜੇ. ਫਾਰਮ, ਨੀਲਾ ਕਾਰਡ, ਕੰਨਸਟਰੱਕਸ਼ਨ ਆਈ. ਡੀ ਕਾਰਡ ਲੈ ਕੇ ਜਾਣ। ਜੇਕਰ ਇਨ੍ਹਾਂ ਵਿਚੋਂ ਕੋਈ ਵੀ ਕਾਰਡ ਨਹੀਂ ਹੈ ਤਾਂ ਉਹ ਸਵੈ ਘੋਸ਼ਣਾ ਪੱਤਰ ਦੇ ਸਕਦਾ ਹੈ ਜੋ ਕਿ ਕੌਮਨ ਸਰਵਿਸ ਸੈਂਟਰ ਵਿਚ ਮੌਜੂਦ ਹੈ। ਉਨ੍ਹਾਂ ਦੱਸਿਆ ਕਿ ਇਸ ਵੈਨ ਦਾ ਮਕਸਦ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਜਾ ਕੇ ਲੋਕਾਂ ਨੂੰ ਸਰਬੱਤ ਸਿਹਤ ਬੀਮਾ ਯੋਜਨਾ ਦਾ ਪ੍ਰਚਾਰ ਕਰਨ ਅਤੇ ਆਮ ਲੋਕਾਂ ਨੂੰ ਇਸ ਯੋਜਨਾ ਦੀ ਸੰਪੂਰਨ ਜਾਣਕਾਰੀ ਪ੍ਰਦਾਨ ਕਰਨਾ ਹੈ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਭਾਰਤੀ ਧਵਨ, ਸੀਨੀਅਰ ਮੈਡੀਕਲ ਅਫ਼ਸਰ ਡਾ. ਸਵਰਨਜੀਤ ਧਵਨ, ਜਿ਼ਲ੍ਹਾ ਮਾਸ ਮੀਡੀਆ ਅਫ਼ਸਰ ਸ੍ਰੀ ਸੁਖਦੇਵ ਸਿੰਘ ਰੰਧਾਵਾ ਅਤੇ ਵਰੁਨ ਸੂਦ ਕੋਆਰਡੀਨੇਟਰ ਆਯੂਸ਼ਮਾਨ ਅਤੇ ਦਫ਼ਤਰ ਦਾ ਸਾਰਾ ਸਟਾਫ਼ ਮੌਜੂਦ ਸਨ।