5 Dariya News

ਡਵੀਜ਼ਨਲ ਕਮਿਸ਼ਨਰ ਰਾਹੁਲ ਤਿਵਾੜੀ ਵੱਲੋਂ ਵੋਟਰਾਂ ਤੋਂ ਪ੍ਰਾਪਤ ਫਾਰਮਾਂ ਦੀ ਵੈਰੀਫਿਕੇਸ਼ਨ

ਸਾਰੇ ਦਾਅਵੇ ਅਤੇ ਇਤਰਾਜਾਂ ਦਾ ਸਮੇਂ ਸਿਰ ਨਿਪਟਾਰਾ ਕਰਨ ਦੇ ਆਦੇਸ਼

5 Dariya News

ਨਵਾਂਸ਼ਹਿਰ 01-Jan-2021

ਡਵੀਜ਼ਨਲ ਕਮਿਸ਼ਨਰ ਰੂਪਨਗਰ-ਕਮ-ਰੋਲ ਅਬਜ਼ਰਵਰ ਰਾਹੁਲ ਤਿਵਾੜੀ ਵੱਲੋਂ ਅੱਜ ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਦਾ ਦੌਰਾ ਕਰ ਕੇ ਮਤਦਾਤਾ ਸੂਚੀ ਸੁਧਾਈ ਪ੍ਰੋਗਰਾਮ ਦਾ ਜਾਇਜ਼ਾ ਲਿਆ ਗਿਆ। ਉਨਾਂ ਵੱਲੋਂ ਇਸ ਮੌਕੇ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਡਾ. ਸ਼ੇਨਾ ਅਗਰਵਾਲ, ਐਸ. ਡੀ. ਐਮ-ਕਮ-ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ 47-ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ ਅਤੇ ਚੋਣ ਤਹਿਸੀਲਦਾਰ ਵਿਵੇਕ ਮੋਹਲਾ ਨਾਲ ਮੀਟਿੰਗ ਵੀ ਕੀਤੀ। ਇਸ ਦੌਰਾਨ ਉਨਾਂ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 1 ਜਨਵਰੀ 2021 ਦੇ ਆਧਾਰ ’ਤੇ ਮਿਤੀ 16 ਨਵੰਬਰ 2020 ਤੋਂ 15 ਦਸੰਬਰ 2020 ਤੱਕ ਪ੍ਰਾਪਤ ਕੀਤੇ ਦਾਅਵੇ ਅਤੇ ਇਤਰਾਜਾਂ ਦੀ ਪਹਿਲਾਂ ਟੇਬਲ ਟਾਪ ਚੈਕਿੰਗ ਅਤੇ ਫਿਰ ਫੀਲਡ ਚੈਕਿੰਗ ਕੀਤੀ। ਟੇਬਲ ਟਾਪ ਚੈਕਿੰਗ ਦੌਰਾਨ ਰੋਲ ਅਬਜ਼ਰਵਰ ਰਾਹੁਲ ਤਿਵਾੜੀ ਵੱਲੋਂ ਜ਼ਿਲਾ ਚੋਣ ਅਫ਼ਸਰ ਅਤੇ ਵਧੀਕ ਜ਼ਿਲਾ ਚੋਣ ਅਫ਼ਸਰ ਵੱਲੋਂ ਪਹਿਲਾਂ ਤੋਂ ਚੈੱਕ ਕੀਤੇ ਗਏ 50 ਫਾਰਮਾਂ ਦੀ ਚੈਕਿੰਗ ਕੀਤੀ। ਇਸ ਤੋਂ ਬਾਅਦ ਉਨਾਂ ਜ਼ਿਲਾ ਚੋਣ ਅਫ਼ਸਰ ਅਤੇ ਸਮੂਹ ਅਧਿਕਾਰੀਆਂ ਸਮੇਤ ਪਿੰਡ ਲੰਗੜੋਆ ਵਿਖੇ ਫਾਰਮਾਂ ਦੀ ਫੀਲਡ ਚੈਕਿੰਗ ਕੀਤੀ। ਇਸ ਮੌਕੇ ਉਨਾਂ ਸਬੰਧਤ ਬੀ. ਐਲ. ਓ ਕੋਲੋਂ ਪ੍ਰਾਪਤ ਕੀਤੇ ਗਏ ਫਾਰਮ ਚੈੱਕ ਕੀਤੇ ਅਤੇ ਫਾਰਮਾਂ ਦੀ ਬਕਾਇਦਾ ਵੈਰੀਫਿਕੇਸ਼ਨ ਲਈ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਇਸ ਦੌਰਾਨ ਉਨਾਂ ਵੋਟਰਾਂ ਦੇ ਘਰਾਂ ਵਿਚ ਜਾ ਕੇ ਵੀ ਵੈਰੀਫਿਕੇਸ਼ਨ ਕੀਤੀ। ਉਨਾਂ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਨੂੰ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਾਰੇ ਦਾਅਵਿਆਂ ਅਤੇ ਇਤਰਾਜਾਂ ਦਾ ਸਮੇਂ ਸਿਰ ਨਿਪਟਾਰਾ ਕਰਨ ਦੇ ਆਦੇਸ਼ ਦਿੱਤੇ। ਇਸ ਮੌਕੇ ਐਸ. ਡੀ. ਐਮ ਜਗਦੀਸ਼ ਸਿੰਘ ਜੌਹਲ, ਚੋਣ ਤਹਿਸੀਲਦਾਰ ਵਿਵੇਕ ਮੋਹਲਾ, ਤਹਿਸੀਲਦਾਰ ਨਵਾਂਸ਼ਹਿਰ ਕੁਲਵੰਤ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।