5 Dariya News

ਪੰਜਾਬ ਰੋਜਗਾਰ ਉਤਪਤੀ ਵਿਭਾਗ ਵੱਲੋਂ ਨਵੇਂ ਸਾਲ ਦੀ ਪੂਰਵ ਸੰਧਿਆ ’ਤੇ ਬੇਰੁਜ਼ਗਾਰ ਨੌਜਵਾਨਾਂ ਲਈ ਲਾਹੇਵੰਦ ਕਿਤਾਬਚਾ ਜਾਰੀ

5 Dariya News

ਚੰਡੀਗੜ੍ਹ 31-Dec-2020

ਰੋਜਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਨੇ ਇਕ ਵਿਲੱਖਣ ਪਹਿਲ ਕੀਤੀ ਹੈ ਅਤੇ ਸਰਕਾਰ ਦੀਆਂ ਨੌਜ਼ਵਾਨਾਂ ਲਈ ਲਾਭਕਾਰੀ ਸਕੀਮਾਂ ਦਾ ਇੱਕ ਕਿਤਾਬਚਾ ਤਿਆਰ ਕੀਤਾ ਤਾਂ ਜੋ ਸੂਬੇ ਦੇ ਨੌਜਵਾਨਾਂ ਨੂੰ ਨੌਕਰੀਆਂ ਅਤੇ ਸਵੈ-ਰੋਜਗਾਰ ਹਾਸਲ ਕਰਨ ਲਈ ਸੇਧ ਦਿੱਤੀ ਜਾ ਸਕੇ।ਅੱਜ ਨਵੇਂ ਸਾਲ ਦੀ ਪੂਰਵ ਸੰਧਿਆ ’ਤੇ ਰੋਜਗਾਰ ਉਤਪਤੀ ਅਤੇ ਟ੍ਰੇਨਿੰਗ ਦੇ ਸਕੱਤਰ ਸ੍ਰੀ ਰਾਹੁਲ ਤਿਵਾੜੀ ਨੇ ਸ੍ਰੀ ਹਰਪ੍ਰੀਤ ਸਿੰਘ ਸੂਦਨ ਅਤੇ ਸੰਯੁਕਤ ਡਾਇਰੈਕਟਰ ਸ੍ਰੀਮਤੀ ਗੁਰਮੀਤ ਕੌਰ ਦੀ ਹਾਜਰੀ ਵਿੱਚ ਇਹ ਕਿਤਾਬਚਾ ਜਾਰੀ ਕੀਤਾ।ਸ੍ਰੀ ਰਾਹੁਲ ਤਿਵਾੜੀ ਨੇ ਵਿਭਾਗ ਦੇ ਇਸ ਉਪਰਾਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕਿਤਾਬਚਾ ਸੂਬੇ ਦੇ ਬੇਰੁਜਗਾਰ ਨੌਜਵਾਨਾਂ ਲਈ ਨਵੇਂ ਸਾਲ ਦਾ ਇਕ ਕੀਮਤੀ ਤੋਹਫਾ ਹੈ ਜੋ ਉਨਾਂ ਦੇ ਹੁਨਰ ਅਤੇ ਯੋਗਤਾਵਾਂ ਅਨੁਸਾਰ ਨੌਕਰੀ ਪ੍ਰਾਪਤ ਕਰਨ ਵਿਚ ਉਨਾਂ ਦੀ ਸਹਾਇਤਾ ਕਰੇਗਾ। ਉਨਾਂ ਕਿਹਾ ਕਿ ਇਸ ਵਿੱਚ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਜਿਵੇਂ ‘ਆਪਣੀ ਗੱਡੀ ਆਪਣਾ ਰੋਜਗਾਰ’, ‘ਮੇਰਾ ਕਾਮ ਮੇਰਾ ਮਨ’ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਰੋਜਗਾਰ ਮੇਲੇ ਵਰਗੀਆਂ ਗਤੀਵਿਧੀਆਂ ਅਤੇ ਬੇਰੋਜਗਾਰੀ ਭੱਤਾ, ਸਵੈ ਰੁਜਗਾਰ ਵਿੱਚ ਸਹੂਲਤਾਂ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ਗਈ ਹੈ।ਉਨਾਂ ਕਿਹਾ ਕਿ ਇਸ ਦਸਤਾਵੇਜ ਵਿੱਚ ਨਾ ਸਿਰਫ਼ ਰੋਜਗਾਰ ਉਤਪਤੀ ਵਿਭਾਗ ਬਾਰੇ ਜਾਣਕਾਰੀ ਹੈ ਸਗੋਂ ਸਾਰੀਆਂ ਹੁਨਰ ਵਿਕਾਸ ਯੋਜਨਾਵਾਂ ਅਤੇ ਕੋਰਸਾਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ। ਸ੍ਰੀ ਤਿਵਾੜੀ ਨੇ ਅੱਗੇ ਕਿਹਾ, ’ਇਹ ਮੌਜੂਦਾ ਅਤੇ ਭਵਿੱਖ ਦੇ ਸਾਰੇ ਕਰਮਚਾਰੀਆਂ ਲਈ ਹਵਾਲੇ ਵਾਸਤੇ ਇੱਕ ਤਿਆਰ ਸਰੋਤ ਵਜੋਂ ਕੰਮ ਕਰੇਗੀ ਅਤੇ ਜਾਣਕਾਰੀ ਦੀ ਸਪੱਸਟਤਾ ਕਾਰਜ ਕੁਸਲਤਾ ਤੇ ਪਾਰਦਰਸਤਾ ਨੂੰ ਵਧਾਉਣ ਵਿਚ ਸਹਾਇਕ ਹੋਵੇਗੀ।’ਉਨਾਂ ਅੱਗੇ ਕਿਹਾ ਕਿ ਇਸ ਕਿਤਾਬਚੇ ਵਿੱਚ ਖੇਤਰੀ ਦਫ਼ਤਰਾਂ - ਜਿਲਾ ਰੋਜਗਾਰ ਅਤੇ ਕਾਰੋਬਾਰ ਵਿਭਾਗ ਬਿਊਰੋ, ਵਿਭਾਗ ਦੇ ਅਧੀਨ ਕੰਮ ਕਰ ਰਹੇ ਮਿਸਨਾਂ ਜਿਵੇਂ ਪੰਜਾਬ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸਨ ਅਤੇ ਪੰਜਾਬ ਹੁਨਰ ਵਿਕਾਸ ਮਿਸਨ ਬਾਰੇ ਪੂਰੀ ਜਾਣਕਾਰੀ ਹੈ। ਇਸ ਤੋਂ ਇਲਾਵਾ ਇਸ ਵਿੱਚ ਆਰਮਡ ਫੋਰਸਿਜ-ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ ਪ੍ਰੀਪੇਰਟਰੀ ਇੰਸਟੀਚਿਊਟ, ਮਾਈ ਭਾਗੋ ਆਰਮਡ ਫੋਰਸਿਜ ਪ੍ਰੀਪੇਰਟਰੀ ਇੰਸਟੀਚਿਊਟ ਫਾਰ ਗਰਲਜ, ਸੈਂਟਰ ਫਾਰ ਟ੍ਰੇਨਿੰਗ ਐਂਡ ਇਮਲਾਈਮੈਂਟ ਆਫ ਪੰਜਾਬ ਯੂਥ ਦੇ ਉਮੀਦਵਾਰਾਂ ਨੂੰ ਤਿਆਰ ਕਰਨ ਲਈ ਕੰਮ ਕਰ ਰਹੀਆਂ ਸੰਸਥਾਵਾਂ ਬਾਰੇ ਵੀ ਪੂਰੀ ਜਾਣਕਾਰੀ ਹੈ।