5 Dariya News

ਕਪੂਰਥਲਾ ਪੁਲਿਸ ਵਲੋਂ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼

ਜੰਮੂ ਤੇ ਕਸ਼ਮੀਰ ਤੋਂ ਲਿਆਂਦੀ ਜਾ ਰਹੀ ਢਾਈ ਕੁਇੰਟਲ ਭੁੱਕੀ ਸਮੇਤ 2 ਕਾਬੂ

5 Dariya News

ਕਪੂਰਥਲਾ 15-Dec-2020

ਕਪੂਰਥਲਾ ਪੁਲਿਸ ਵਲੋਂ ਐਸ ਐਸ ਪੀ ਸ੍ਰੀਮਤੀ ਕੰਵਰਦੀਪ ਕੌਰ ਆਈ ਪੀ ਐਸ ਦੀਆਂ ਹਦਾਇਤਾਂ 'ਤੇ ਕਾਰਵਾਈ ਕਰਦਿਆਂ ਡੀ ਐਸ ਪੀ ਭੁਲੱਥ ਅਜੈ ਗਾਂਧੀ ਆਈ ਪੀ ਐਸ ਦੀ ਅਗਵਾਈ ਹੇਠ ਨਸ਼ਾ ਤਸਕਰਾਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਇਕ ਅੰਤਰਰਾਜੀ ਗਿਰੋਹ ਦੇ 2 ਮੈਂਬਰਾਂ ਨੂੰ ਨਸ਼ੇ ਸਮੇਤ ਗ੍ਰਿਫਤਾਰ ਕੀਤਾ ਗਿਆ।ਐਸ ਐਸ ਪੀ ਕਪੂਰਥਲਾ ਨੇ ਦੱਸਿਆ ਕਿ ਐਸ ਐਚ ਓ ਅਮਨਪ੍ਰੀਤ ਕੌਰ ਤੇ ਸਬ ਇੰਸਪੈਕਟਰ ਬਲਦੇਵ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਵਲੋਂ ਵੇਈਂ ਦੇ ਪੁਲ 'ਤੇ ਨਾਕਾਬੰਦੀ ਦੌਰਾਨ ਜੰਮੂ ਤੇ ਕਸ਼ਮੀਰ ਤੋਂ  ਟਰੱਕ ਨੰਬਰ  ਜੇ ਕੇ 18-4520 ਰਾਹੀਂ ਭੁੱਕੀ ਲਿਆਂਦੇ ਜਾਣ ਦੀ ਸੂਹ ਮਿਲੀ। ਪੁਲਿਸ ਪਾਰਟੀ ਵਲੋਂ ਪੂਰੀ ਮੁਸਤੈਦੀ ਵਰਤਦਿਆਂ ਟਰੱਕ ਨੂੰ ਨਾਕੇ 'ਤੇ ਰੋਕਕੇ ਗਿਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕਰ ਲਿਆ ਗਿਆ। ਕਾਬੂ ਕੀਤੇ ਗਏ ਵਿਅਕਤੀਆਂ ਦੀ ਪਛਾਣ ਸੁਹੇਲ ਅਹਿਮਦ ਬਾਦੀ ਪੁੱਤਰ ਬਸ਼ਰ ਅਹਿਮਦ ਬਾਦੀ ਵਾਸੀ  ਮਨਦੋਜਨ ਸ਼ੋਪੀਆਂ ਤੇ ਸੁੱਖਾ  ਪੁੱਤਰ ਅਮਰੀਕ ਸਿੰਘ ਵਾਸੀ ਭਦਾਸ, ਪੁਲਿਸ ਸਟੇਸ਼ਨ ਭੁਲੱਥ ਵਜੋਂ ਹੋਈ ਹੈ।ਇਨਾਂ ਦੇ ਕਬਜ਼ੇ ਵਿਚੋਂ 250 ਕਿਲੋ ਭੁੱਕੀ ਬਰਾਮਦ ਕੀਤੀ ਗਈ ਜੋ ਕਿ ਇਨਾਂ ਪਲਾਸਟਿਕ ਦੇ 10 ਬੈਗਾਂ ਵਿਚ ਲੁਕੋ ਕੇ ਰੱਖੀ ਸੀ । ਪੁਲਿਸ ਵਲੋਂ ਟਰੱਕ ਜ਼ਬਤ ਕਰ ਲਿਆ ਗਿਆ ਹੈ ਤੇ ਦੋਹਾਂ ਵਿਰੁੱਧ ਭੁਲੱਥ ਪੁਲਿਸ ਸਟੇਸ਼ਨ ਵਿਖੇ ਐਫ ਆਈ ਆਰ ਨੰਬਰ 95 ਨੂੰ ਐਨ ਡੀ ਪੀ ਐਸ ਐਕਟ ਦੀ ਧਾਰਾ  15 ਸੀ-61-85 ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ।ਪੁੱਛਗਿੱਛ ਦੌਰਾਨ ਦੋਹਾਂ ਵਲੋਂ ਕੀਤੇ ਗਏ ਖੁਲਾਸੇ ਮੁਤਾਬਿਕ ਇਨਾਂ ਦੇ ਤੀਜੇ ਸਾਥੀ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।