5 Dariya News

ਰਾਣਾ ਕੇ.ਪੀ. ਸਿੰਘ ਨੂੰ ਅਚਾਰੀਆ ਸ਼੍ਰੀ ਮਹਾਪ੍ਰਗਿਆ ਦੀਆਂ ਲਿਖੀਆਂ ਕਿਤਾਬਾਂ ਦਾ ਸੈੱਟ ਭੇਟ

ਜੈਨ ਭਾਈਚਾਰੇ ਵੱਲੋਂ ਵਿਧਾਨ ਸਭਾ ਸਪੀਕਰ ਨਾਲ ਆਚਾਰੀਆ ਸ਼੍ਰੀ ਮਹਾਪ੍ਰਗਿਆ ਦੀ ਜਨਮ ਸ਼ਤਾਬਦੀ ਬਾਰੇ ਵਿਚਾਰ ਚਰਚਾ

5 Dariya News

ਚੰਡੀਗੜ੍ਹ 22-Oct-2020

ਜੈਨ ਸਮਾਜ ਨਾ ਕੇਵਲ ਅਹਿੰਸਾ ’ਤੇ ਜ਼ੋਰ ਦਿੰਦਾ ਹੈ ਸਗੋਂ ਮਾਨਵਤਾ ਦੀ ਸੇਵਾ ਨੂੰ ਵੀ ਆਪਣਾ ਪਰਮ ਧਰਮ ਮੰਨਦਾ ਹੈ। ਜੈਨ ਭਾਈਚਾਰੇ ਨੇ ਦੇਸ਼ ਦੇ ਵਿਕਾਸ ਦੇ ਨਾਲ ਨਾਲ ਭਾਰਤੀ ਸਭਿਆਚਾਰ ਨੂੰ ਵੀ ਅਮੀਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਜੈਨ ਭਾਈਚਾਰੇ ਦੇ ਵਫ਼ਦ ਨਾਲ ਮੀਟਿੰਗ ਦੌਰਾਨ ਕੀਤਾ।ਮੁਨੀ ਸ੍ਰੀ ਵਿਨੈ ਕੁਮਾਰ ‘ਅਲੋਕ‘ ਅਤੇ ਮੁਨੀ ਸ੍ਰੀ ਅਭੈ ਕੁਮਾਰ ਦੀ ਅਗਵਾਈ ਵਾਲੇ ਵਫ਼ਦ ਵੱਲੋਂ ਸਪੀਕਰ ਨਾਲ ਜੈਨ ਸ਼ਵੇਤਾਂਬਰ ਤੇਰਾਪੰਥ ਦੇ 10ਵੇਂ ਮੁਖੀ ਆਚਾਰੀਆ ਸ਼੍ਰੀ ਮਹਾਪ੍ਰਗਿਆ ਦੀ ਜਨਮ ਸ਼ਤਾਬਦੀ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਉਨਾਂ ਨੇ ਰਾਣਾ ਕੇਪੀ ਸਿੰਘ ਨੂੰ ਆਚਾਰੀਆ ਸ਼੍ਰੀ ਮਹਾਪ੍ਰਗਿਆ ਵੱਲੋਂ ਲਿਖੀਆਂ 121 ਪੁਸਤਕਾਂ ਦਾ ਸੈੱਟ ਪੰਜਾਬ ਵਿਧਾਨ ਸਭਾ ਦੀ ਲਾਇਬ੍ਰੇਰੀ ਲਈ ਸੌਂਪਿਆ ।ਵਫ਼ਦ ਦਾ ਸਵਾਗਤ ਕਰਦਿਆਂ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਸ਼੍ਰੀ ਮਹਾਪ੍ਰਗਿਆ ਮਹਾਨ ਦਾਰਸ਼ਨਿਕ, ਰੂਹਾਨੀ ਆਗੂ, ਲੇਖਕ ਅਤੇ ਸ਼ਾਂਤੀ ਦੇ ਦੂਤ ਸਨ। ਸ੍ਰੀ ਮਹਾਪ੍ਰਗਿਆ ਅਹਿੰਸਾ ਅਤੇ ਸਦਭਾਵਨਾ ਦੇ ਪ੍ਰਚਾਰਕ ਸਨ ਅਤੇ ਉਨਾਂ ਨੇ ਸਦਭਾਵਨਾ ਅਤੇ ਸ਼ਾਂਤੀ ਦੇ ਸੰਦੇਸ਼ ਨੂੰ ਫੈਲਾਉਣ ਲਈ ਮੁਲਕ ਭਰ ਦੀ ਯਾਤਰਾ ਕੀਤੀ। ਉਨਾਂ ਕਿਹਾ ਕਿ ਧਾਰਮਿਕ ਸਾਹਿਤ ਗਿਆਨ ਦਾ ਇੱਕ ਆਦਰਸ਼ ਸਰੋਤ ਹੈ ਅਤੇ ਇਹ ਪੁਸਤਕਾਂ ਵਿਧਾਇਕਾਂ ਨੂੰ ਲੋਕਾਂ ਦੀ ਭਲਾਈ ਲਈ ਸਹੀ ਮਾਰਗ ’ਤੇ ਦਿ੍ਰੜਤਾ ਨਾਲ ਚੱਲਣ ਲਈ ਸੇਧ ਦੇਣਗੀਆਂ।ਵਫ਼ਦ ਵੱਲੋਂ ਵਿਧਾਨ ਸਭਾ ਸਪੀਕਰ ਦਾ ਯਾਦਗਾਰੀ ਚਿੰਨ ਦੇ ਕੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਕੱਤਰ ਸ਼੍ਰੀਮਤੀ ਸ਼ਸ਼ੀ ਲਖਨਪਾਲ ਮਿਸ਼ਰਾ ਅਤੇ ਸਪੀਕਰ ਦੇ ਸਕੱਤਰ ਸ੍ਰੀ ਰਾਮ ਲੋਕ ਵੀ ਮੌਜੂਦ ਸਨ।