5 Dariya News

ਕੋਵਿਡ-19 ਮਹਾਂਮਾਰੀ ‘ਤੇ ਫਤਹਿ ਪਾਉਣ ਲਈ ਕੀਤਾ ਜਾਏਗਾ ਲੋਕ ਸਾਂਝੇਦਾਰੀ ਕਮੇਟੀਆਂ ਦਾ ਗਠਨ-ਸਿਵਲ ਸਰਜਨ

“ਮਿਸ਼ਨ ਫਤਹਿ” ਤਹਿਤ ਬਣਾਈਆਂ ਜਾਣ ਵਾਲੀਆਂ ਇਨ੍ਹਾਂ ਕਮੇਟੀਆਂ ਦਾ ਉਦੇਸ਼ ਕੋਰੋਨਾ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕਰਨਾ

5 Dariya News

ਤਰਨ ਤਾਰਨ 08-Oct-2020

ਕਿਸੇ ਵੀ ਕੰਮ ਵਿਚ ਸਫਲ ਹੋਣ ਲਈ ਹਾਂ-ਪੱਖੀ ਸੋਚ ਹੋਣਾ ਜ਼ਰੂਰੀ ਹੈ। ਅਜਿਹਾ ਕਰ ਕੇ ਕੰਮ ਦੇ ਉਦੇਸ਼ ਤੇ ਟੀਚਿਆਂ ਨੂੰ ਹਾਸਲ ਕਰਨਾ ਸੌਖਾ ਹੋ ਜਾਂਦਾ ਹੈ। ਇਹ ਸ਼ਬਦ ਸਿਵਲ ਸਰਜਨ ਤਰਨ ਤਾਰਨ ਡਾ. ਅਨੂਪ ਕਮਾਰ ਨੇ ਲੋਕ ਸਾਂਝੇਦਾਰੀ ਕਮੇਟੀ ਆੱਨਰਸ਼ਿਪ ਦੀ ਮੀਟਿੰਗ ਦੇ ਆਯੋਜਨ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦੇ ਇਸ ਦੌਰ ਵਿਚ “ਮਿਸ਼ਨ ਫਤਹਿ” ਤਹਿਤ ਬਣਾਈਆਂ ਜਾਣ ਵਾਲੀਆਂ ਇਨ੍ਹਾਂ ਕਮੇਟੀਆਂ ਦਾ ਉਦੇਸ਼ ਕੋਰੋਨਾ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਤਾਂ ਕਰਨਾ ਹੀ ਹੈ ਨਾਲ ਹੀ ਕੋਰੋਨਾ ਦੇ ਸੰਬੰਧ ਵਿਚ ਲੋਕਾਂ ਵਿਚ ਜੋ ਗਲਤ ਧਾਰਨਾਵਾਂ ਹਨ ਉਨ੍ਹਾਂ ਨੂੰ ਦੂਰ ਕਰਨਾ ਹੈ।ਉਨ੍ਹਾਂ ਕਿਹਾ ਕਿ ਅਕਸਰ ਦੇਖਣ ਵਿਚ ਆਇਆ ਹੈ ਕਿ ਲੋਕ ਕੋਰੋਨਾ ਦੀ ਟੈਸਟਿੰਗ ਲਈ ਅੱਗੇ ਨਹੀਂ ਆਉਂਦੇ ਜੋ ਕਿ ਗਲਤ ਹੈ। ਉਨ੍ਹਾਂ ਲੋਕਾਂ ਨੂੰ ਵੀ ਪ੍ਰੇਰਿਆ ਕਿ ਉਹ ਆਪਣੀ ਤੇ ਆਪਣਿਆਂ ਦੀ ਸੁਰੱਖਿਆ ਲਈ ਅੱਗੇ ਆਉਣ।  ਉਨ੍ਹਾਂ ਕਿਹਾ ਕਿ ਕੋਰੋਨਾ ਤੋਂ ਫਤਹਿ ਪਾਉਣ ਲਈ ਸਭਨਾਂ ਦਾ ਸਹਿਯੋਗ ਜਰੂਰੀ ਹੈ ਤੇ ਉਨ੍ਹਾਂ ਨੂੰ ਆਸ ਹੈ ਕਿ ਉਕਤ ਕਮੇਟੀਆਂ ਇਹ ਉਦੇਸ਼ ਪੂਰਾ ਕਰਨ ਵਿਚ ਜ਼ਰੂਰ ਸਫਲ ਹੋਣਗੀਆਂ।ਅੱਜ ਅਰਬਨ ਪੀ. ਐਚ. ਸੀ. ਮੁਰਾਦਪੁਰ ਵਿਖੇ ਲੋਕ ਸਾਂਝੇਦਾਰੀ ਕਮੇਟੀ ਦੇ ਸਬੰਧ ਵਿੱਚ 3 ਵਾਰਡਾਂ ਦੇ ਮੋਹਿਤਵਾਰ ਵਿਅਕਤੀਆਂ ਨੂੰ ਬੁਲਾ ਕੇ ਕਮੇਟੀ ਦੀ ਬਣਤਰ ਅਤੇ ਇਸ ਦੇ ਕੰਮਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਮਾਸ ਮੀਡੀਆ ਅਫਸਰ ਸ੍ਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਨੁਮਾਇੰਦਿਆ ਤੋਂ ਇਲਾਵਾ ਇਨ੍ਹਾਂ ਕਮੇਟੀਆਂ ਵਿਚ ਕਾਊਂਸਲਰ, ਏ. ਐਨ. ਏਮਜ., ਆਸ਼ਾ, ਆਂਗਣਵਾੜੀ ਵਰਕਰ. ਗੈਰ ਸਰਕਾਰੀ ਸੰਸਥਾ ਦੇ ਅਹੁਦੇਦਾਰ, ਸਮਾਜ-ਸੇਵੀ ਆਦਿ ਸ਼ਾਮਲ ਕੀਤੇ ਜਾਣਗੇ।ਇਨ੍ਹਾਂ ਕਮੇਟੀਆਂ ਦਾ ਉਦੇਸ਼ ਜਨ-ਭਾਗੀਦਾਰੀ ਨਾਲ ਕੋਵਿਡ-19 ਮਹਾਂਮਾਰੀ  ‘ਤੇ ਫਤਹਿ ਪਾਉਣਾ ਹੈ। ਉਨ੍ਹਾ ਨੇ ਕਿਹਾ ਕਿ ਲੋਕਾਂ ਨੂੰ ਟੈਸਟਿੰਗ ਲਈ ਮੋਟੀਵੇਟ ਕਰਨਾ, ਜਾਗਰੂਕ ਕਰਨਾ ਤੇ ਕੋਵਿਡ ਤੋਂ ਬਚਾਅ ਲਈ ਗਾਈਡਲਾਈਨਜ ਦਾ ਪਾਲਣ ਕਰਨ ਲਈ ਪ੍ਰੇਰਿਤ ਕਰਨਾ ਇਸ ਕਮੇਟੀ ਦਾ ਉਦੇਸ਼ ਰਹੇਗਾ।ਇਸ ਮੌਕੇ ਤੇ ਡਾ. ਭਾਨੂੰ, ਕਮਿਊਨਿਟੀ ਹੈੱਲਥ ਅਫਸਰ ਨਵਪ੍ਰੀਤ ਕੌਰ, ਫੀਮੇਲ ਵਰਕਰ ਨਰਗਸ, ਸਮਾਜ ਸੇਵੀ ਗੁਲਸ਼ਨ ਕੌਰ ਅਤੇ ਵੱਖ-ਵੱਖ ਵਾਰਡਾ ਤੋਂ ਆਏ ਹੋਏ ਨੁਮਾਇੰਦੇ ਹਾਜ਼ਰ ਸਨ।